

ਉੱਚੀ ਸੁਰ (High Tone)
ਉੱਚੀ ਸੁਰ ਦੇ ਉਚਾਰਨ ਬਾਰੇ ਪੰਜਾਬੀ ਦੀਆਂ ਉਪਭਾਸ਼ਾਵਾਂ ਵਿਚ ਕਾਫੀ ਅੰਤਰ ਹੈ। ਪੱਛਮੀ ਉਪਭਾਸ਼ਾਵਾਂ (ਪੋਠੋਹਾਰੀ, ਮੁਲਤਾਨੀ) ਵਿਚ ਇਸ ਦੀ ਵਰਤੋਂ ਤਾਂ ਹੈ ਪਰ ਮਾਝੀ ਨਾਲੋਂ ਘੱਟ ਭਾਰਤੀ ਪੰਜਾਬੀ ਦੀਆਂ ਉਪਭਾਸ਼ਾਵਾਂ ਵਿਚੋਂ ਉਚੀ ਸੁਰ ਦੀ ਵਰਤੋਂ ਮਾਝੀ ਵਿਚ ਸਭ ਤੋਂ ਵਧੇਰੇ ਕੀਤੀ ਜਾਂਦੀ ਹੈ। ਇਸ ਕਾਰਨ ਇਸ ਉਪਭਾਸ਼ਾ ਵਿਚ /ਹ/ ਦਾ ਵਿਅੰਜਨੀ ਉਚਾਰਨ ਨਾ ਹੋਣ ਦੇ ਬਰਾਬਰ ਹੈ। ਮਾਝੀ ਦੇ ਇਲਾਕੇ ਤੋਂ ਜਿਉਂ-ਜਿਉਂ ਦੱਖਣ ਵਾਲ ਜਾਈਏ ਤਿਉਂ- ਤਿਉਂ ਉੱਚੀ ਸੁਰ ਦੀ ਵਰਤੋਂ ਘਟਦੀ ਜਾਂਦੀ ਹੈ। ਇੰਜ ਮਾਝੀ ਤੋਂ ਦੁਆਬੀ, ਦੁਆਬੀ ਤੋਂ ਮਲਵਈ/ਪੁਆਧੀ ਵਿਚ ਉੱਚੀ ਸੁਰ ਦੀ ਵਰਤੋਂ ਘੱਟ ਹੁੰਦੀ ਜਾਂਦੀ ਹੈ। ਇਹੀ ਕਾਰਨ ਹੈ ਕਿ ਮਲਵਈ ਅਤੇ ਪੁਆਧੀ ਵਿਚ (ਹ) ਦਾ ਵਿਅੰਜਨੀ ਉਚਾਰਨ ਮਿਲਦਾ ਹੈ। ਪੂਰਬੀ ਪੰਜਾਬੀ ਦੀਆਂ ਉਪਭਾਸ਼ਾਵਾਂ ਵਿਚ ਉੱਚੀ ਸੁਰ ਦੀ ਵਰਤੋਂ ਦਾ ਟਾਕਰਾ ਹੇਠ ਲਿਖੇ ਅਨੁਸਾਰ ਕੀਤਾ ਜਾ ਸਕਦਾ ਹੈ।
ਸ਼ਬਦ ਮਾਝੀ ਉਚਾਰਨ ਮਲਵਈ/ਪੁਆਧੀ ਉਚਾਰਨ
ਚਾਹ /ਚ ਆ/ /ਚ ਆ ਹ/
ਸ਼ਹਿਰ /ਸ਼ ਐ ਰ/ /ਸ਼ ਐ ਹ ਅ ਰ/
ਜੇ ਡੋਗਰੀ ਨੂੰ ਵੀ ਪੰਜਾਬੀ ਦੀਆਂ ਉਪਭਾਸ਼ਾਵਾਂ ਵਿਚ ਗਿਣਿਆ ਜਾਵੇ ਤਾਂ ਉੱਚੀ ਸੁਰ ਦੀ ਵਰਤੋਂ ਇਸ ਵਿਚ ਮਾਝੀ ਨਾਲੋਂ ਵੀ ਵਧੇਰੇ ਹੈ। ਡੋਗਰੀ ਦੇ ਇਲਾਕੇ ਤੋਂ ਹੇਠਾਂ ਵੱਲ ਦੱਖਣ ਪਾਸੇ ਦੀਆਂ ਪੰਜਾਬੀ ਉਪਭਾਸ਼ਾਵਾਂ ਵਿਚ ਉੱਚੀ ਸੁਰ ਦੀ ਵਰਤੋਂ ਘਟਦੀ ਜਾਂਦੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਜਿਨ੍ਹਾਂ ਉਪਭਾਸ਼ਾਵਾਂ ਵਿਚ ਉੱਚੀ ਸੁਰ ਦੀ ਵਰਤੋਂ ਘੱਟ ਹੈ, ਉਹ ਹਿੰਦੀ ਭਾਸ਼ੀ ਇਲਾਕੇ ਦੇ ਗਵਾਂਢ ਵਿਚ ਹਨ। ਇਸ ਭਾਸ਼ਾ ਦੇ ਪ੍ਰਭਾਵ ਸਦਕਾ ਇਸ ਸੁਰ ਦਾ ਵਰਤਾਰਾ ਮੱਧਮ ਪੈਂਦਾ ਹੈ।
ਪ੍ਰਸ਼ਨ- ਭਾਸ਼ਾਈ ਅਤੇ ਗੈਰ-ਭਾਸ਼ਾਈ ਚਿਹਨਾਂ ਵਿਚ ਕੀ ਅੰਤਰ ਹੈ ?
ਉੱਤਰ- ਆਧੁਨਿਕ ਭਾਸ਼ਾ ਵਿਗਿਆਨ ਦੇ ਮੋਢੀ ਸਾਸਿਊਰ ਨੇ ਚਿਹਨ ਦਾ ਸੰਕਲਪ ਪੇਸ਼ ਕੀਤਾ ਹੈ। ਉਸ ਅਨੁਸਾਰ ਚਿਨ੍ਹ ਦੇ ਦੋ ਪੱਖ ਹੁੰਦੇ ਹਨ : ਚਿਹਨਕ ਅਤੇ ਚਿਹਨਤ। ਚਿਹਨ ਤੋਂ ਉਹ ਵਰਤਾਰਾ ਹੈ ਜੋ ਕੋਈ ਸੂਚਨਾ ਸਾਕਾਰ ਕਰੇ। ਇਸ ਸੂਚਨਾ ਦੇ ਦੋ ਪੱਖ ਹੁੰਦੇ ਹਨ। ਸੂਚਨਾ ਦਾ ਸੰਕੇਤ ਕਰਨ ਵਾਲੀ ਹੋਂਦ ਨੂੰ ਚਿਹਨਕ ਅਤੇ ਪ੍ਰਾਪਤ ਸੂਚਨਾ ਨੂੰ ਚਿਹਨਤ ਕਿਹਾ ਗਿਆ ਹੈ।
ਇਸ ਦ੍ਰਿਸ਼ਟੀ ਤੋਂ ਜਿਸ ਚਿਹਨ ਦਾ ਚਿਹਨਕ ਪੱਖ ਧੁਨੀਬਿੰਬ ਹੋਵੇ, ਉਹ ਭਾਸ਼ਾਈ ਹੁੰਦਾ ਹੈ ਅਤੇ ਜਿਸ ਦਾ ਚਿਹਨਕ ਧੁਨੀ ਬਿੰਬ ਨਾ ਹੋਵੇ ਅਰਥਾਤ ਕੋਈ ਹੋਰ ਵਸਤੂ ਹੋਵੇ ਉਸ ਨੂੰ ਗੈਰ ਭਾਸ਼ਾਈ ਚਿਹਨ ਆਖਿਆ ਗਿਆ ਹੈ। ਇਨ੍ਹਾਂ ਦੋਹਾਂ ਕਿਸਮਾਂ ਦੇ ਚਿਹਨਾਂ ਨੂੰ ਹੇਠਾਂ ਦਰਸਾਇਆ ਗਿਆ ਹੈ।
