

ਪ੍ਰਸ਼ਨ- ਰੂਪ ਵਿਗਿਆਨ (Morphology) ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ- ਭਾਸ਼ਾ ਵਿਗਿਆਨ ਅਧਿਐਨ ਦੇ ਤਿੰਨ ਪਹਿਲੂ ਹੁੰਦੇ ਹਨ। ਧੁਨੀਆਤਮਕ, ਵਿਆਕਰਨਕ ਅਤੇ ਅਰਥਗਤ। ਧੁਨੀਆਂ ਦੇ ਅਧਿਐਨ ਵਿਚ ਧੁਨੀ ਦੇ ਉਚਾਰਨ, ਸੰਚਾਰਨ, ਗ੍ਰਹਣ ਕਰਨ ਦੀ ਪ੍ਰਕਿਰਿਆ ਤੋਂ ਇਲਾਵਾ ਧੁਨੀਆਂ ਦੀ ਵਰਤੋਂ ਅਤੇ ਵਿਉਂਤਬੰਦੀ ਦਾ ਵੀ ਅਧਿਐਨ ਕੀਤਾ ਜਾਂਦਾ ਹੈ। ਵਿਆਕਰਨਕ ਦੇ ਦੋ ਪਹਿਲੂ ਹੁੰਦੇ ਹਨ।
ਰੂਪ ਵਿਗਿਆਨ ਰੂਪ ਅਤੇ ਵਿਗਿਆਨ ਦੇ ਸੁਮੇਲ ਤੋਂ ਬਣਿਆ ਹੈ। ਅਰਥਾਤ ਉਹ ਵਿਗਿਆਨ ਜਿਸ ਵਿਚ ਸ਼ਬਦਾਂ ਦੇ ਰੂਪਾਂ ਜਾਂ ਸ਼ਬਦ ਰੂਪ ਦਾ ਅਧਿਐਨ ਕੀਤਾ ਜਾਂਦਾ ਹੋਵੇ ।
ਇਸ ਪ੍ਰਕਾਰ ਰੂਪ ਵਿਗਿਆਨ ਸ਼ਬਦ ਬਣਤਰ ਜਾਂ ਸ਼ਬਦ ਰੂਪ ਦਾ ਵਿਗਿਆਨ ਹੈ। ਨਾਈਡਾ ਨੇ ਰੂਪ ਵਿਗਿਆਨ ਨੂੰ ਸ਼ਬਦ-ਨਿਰਮਾਣ ਦਾ ਵਿਗਿਆਨ ਮੰਨਿਆ ਹੈ। ਇਸ ਵਿਚ ਸ਼ਬਦ ਰੂਪਾਂ ਦੇ ਵਿਭਿੰਨ ਪੱਖਾਂ ਜਿਵੇਂ ਸ਼ਬਦ, ਭਾਵੰਸ਼, ਧਾਤੂ, ਅਗੇਤਰ, ਪਿਛੇਤਰ, .ਆਦਿ ਦਾ ਅਧਿਐਨ ਕੀਤਾ ਜਾਂਦਾ ਹੈ । ਰੂਪ ਵਿਗਿਆਨ ਭਾਸ਼ਾ ਵਿਗਿਆਨ ਦੀ ਉਹ ਸ਼ਾਖਾ ਹੈ ਜਿਸ ਵਿਚ ਰੂਪ ਗ੍ਰਾਮ ਦੇ ਅਰਥ, ਸਰੂਪ ਉਨ੍ਹਾਂ ਦੇ ਅਨੁਕਰਮ, ਉਨ੍ਹਾਂ ਦੀ ਪਰਤੀਤੀ ਅਤੇ ਕਾਰਜ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ।
ਪ੍ਰਸ਼ਨ- ਸਮਾਨਾਰਥਕ ਸ਼ਬਦ ਕੀ ਹੁੰਦੇ ਹਨ ?
ਉੱਤਰ- ਇਕ ਤੋਂ ਵਧੇਰੇ ਉਹ ਸ਼ਬਦ ਜਿਹੜੇ ਕਿਸੇ ਇਕ ਸਾਂਝੇ ਅਰਥ ਦਾ ਸੰਚਾਰ ਕਰਨ, ਉਨ੍ਹਾਂ ਨੂੰ ਸਮਾਨਾਰਥਕ ਸ਼ਬਦ ਕਿਹਾ ਜਾਂਦਾ ਹੈ। ਜਾਂ ਇੰਜ ਵੀ ਕਿਹਾ ਜਾ ਸਕਦਾ ਹੈ ਕਿ ਵੱਖ-ਵੱਖ ਧੁਨੀਆਤਮਕ ਬਣਤਰ ਵਾਲੇ ਉਹ ਸ਼ਬਦ ਜਿਨ੍ਹਾਂ ਦੀ ਵਰਤੋਂ ਕਿਸੇ ਇਕ ਵਸਤੂ ਜਾਂ ਵਰਤਾਰੇ ਲਈ ਕੀਤੀ ਜਾਵੇ, ਉਨ੍ਹਾਂ ਨੂੰ ਸਮਾਨਾਰਥਕ ਸ਼ਬਦ ਆਖਦੇ ਹਨ। ਮਿਸਾਲ ਵਜੋਂ ‘ਪਾਣੀ', 'ਜਲ', 'ਨੀਰ' ਸਮਾਰਾਰਥਕ ਸ਼ਬਦ ਹਨ ਜਿਹੜੇ ਇਕੋ ਖਾਸ ਵਸਤੂ ਲਈ ਵਰਤੇ ਜਾਂਦੇ ਹਨ। ਇਵੇਂ 'ਨੱਸਣਾ', 'ਦੌੜਨਾ' ਅਤੇ 'ਭੱਜਣਾ' ਵੀ ਸਮਾਨਾਰਥਕ ਸ਼ਬਦ ਹਨ।
ਪਰ ਵੇਖਣ ਵਿਚ ਆਇਆ ਹੈ ਕਿ ਹਰ ਭਾਸ਼ਾ ਵਿਚ ਪੂਰਨ ਤੌਰ 'ਤੇ ਸਮਾਨਾਰਥਕ ਸ਼ਬਦ ਬਹੁਤ ਹੀ ਘੱਟ ਹੁੰਦੇ ਹਨ। ਕਈ ਵਾਰ ਸਮਾਨਾਰਥਕ ਜਾਪਣ ਵਾਲੇ ਸ਼ਬਦਾਂ ਵਿਚ ਵੀ ਕੁਝ ਨਾ ਕੁਝ ਅਰਥਭੇਦਤਾ ਹੁੰਦੀ ਹੈ। ਮਿਸਾਲ ਵਜੋਂ ਜੇ ਪਾਣੀ, ਜਲ ਅਤੇ ਨੀਰ ਨੂੰ ਲਿਆ ਜਾਵੇ ਤਾਂ ਸਮਾਜਕ ਸੰਦਰਭ ਵਿਚ ਇਨ੍ਹਾਂ ਦੇ ਅਰਥਾਂ ਵਿਚ ਅੰਤਰ ਹੈ। ਪਾਣੀ ਪੀਤਾ ਜਾਂਦਾ ਹੈ, ਇਸ ਨਾਲ ਕੱਪੜੇ ਧੋਤੇ ਜਾਂਦੇ ਹਨ ਪਰ 'ਜੱਲ' ਛਕਿਆ ਜਾਂਦਾ ਹੈ ਅਤੇ ਕੱਪੜੇ ਧੋਣ ਲਈ ਨਹੀਂ ਵਰਤਿਆ ਜਾ ਸਕਦਾ। ਨੀਰ ਵਗਦੇ ਪਾਣੀ ਨੂੰ ਕਹਿੰਦੇ ਹਨ।
ਉਂਝ ਸਮਾਨਾਰਥਕ ਸ਼ਬਦਾਂ ਵਜੋਂ ਝੱਗਾ, ਕੁੜਤਾ ਅਤੇ ਕਮੀਜ਼, ਖੀਸਾ ਬੋਝਾ ਅਤੇ ਜ਼ੇਬ ਆਦਿ ਨੂੰ ਲਿਆ ਜਾ ਸਕਦਾ ਹੈ।
ਪ੍ਰਸ਼ਨ- ਵਿਰੋਧਾਰਥਕ ਸ਼ਬਦ ਕੀ ਹੁੰਦੇ ਹਨ ?
ਉੱਤਰ- ਵਿਭਿੰਨ ਧੁਨੀਆਤਮਕ ਸਰੂਪ ਵਾਲੇ ਉਹ ਸ਼ਬਦ ਜੋ ਇਕ-ਦੂਜੇ ਤੋਂ ਵਿਰੋਧੀ ਅਰਥਾਂ ਨੂੰ ਸਾਕਾਰ ਕਰਨ, ਉਨ੍ਹਾਂ ਨੂੰ ਵਿਰੋਧਾਤਮਕ ਸ਼ਬਦ ਕਿਹਾ ਜਾਂਦਾ ਹੈ। ਇਥੋਂ ਇਹ ਸੰਕੇਤ ਮਿਲਦਾ ਹੈ ਕਿ ਵਿਰੋਧਾਰਥੀ ਸ਼ਬਦ ਦੋ-ਦੋ ਜੁੱਟ ਵਿਚ ਹੁੰਦੇ ਹਨ ਜਿਨ੍ਹਾਂ ਵਿਚੋਂ ਇਕ ਜਿਸ ਲੱਛਣ ਦਾ ਸੰਕੇਤ ਹੁੰਦਾ ਹੈ, ਦੂਜਾ ਉਸ ਤੋਂ ਵਿਰੋਧੀ ਲੱਛਣ ਨੂੰ ਸਾਕਾਰ ਕਰਦਾ ਹੈ ਜਿਵੇਂ : ਉੱਚਾ : ਨੀਂਵਾਂ, ਅਮੀਰ: ਗਰੀਬ, ਛੋਟਾ: ਵੱਡਾ, ਅੱਗੇ: ਪਿੱਛੇ, ਗੋਰਾ: ਕਾਲਾ, ਹੁਸ਼ਿਆਰ : ਨਾਲਾਇਕ, ਚੁਸਤ : ਸੁਸਤ ਆਦਿ।
ਜਿਥੇ ਸਮਾਨਾਰਥਕ ਸ਼ਬਦ ਮੂਲ ਰੂਪ ਵਿਚ ਨਾਂਵ ਸ਼੍ਰੇਣੀ ਦੇ ਸ਼ਬਦ ਹੁੰਦੇ ਹਨ, ਉਥੇ ਵਿਰੋਧਾਰਥੀ ਸ਼ਬਦ ਮੂਲ ਰੂਪ ਵਿਚ ਵਿਸ਼ੇਸ਼ਣ ਸ਼੍ਰੇਣੀ ਦੇ ਸ਼ਬਦ ਹੁੰਦੇ ਹਨ ਜਿਨ੍ਹਾਂ ਵਿਚੋਂ ਕਈ