

ਪ੍ਰਸ਼ਨ- ਸੁਰ (Tone) ਅਤੇ ਵਾਕਸੁਰ (Intonation) ਵਿਚ ਕੀ ਅੰਤਰ ਹੈ ?
ਉੱਤਰ- ਸੁਰ (Tone) ਅਤੇ ਵਾਕਸੁਰ (Intonation) ਅਜਿਹੀਆਂ ਅਖੰਡੀ ਧੁਨੀਆਂ ਹਨ, ਜਿਨ੍ਹਾਂ ਦਾ ਸਬੰਧ ਸੁਰ ਤੰਦਾਂ ਦੀ ਕੰਬਣੀ ਨਾਲ ਹੈ। ਜੇ ਸੁਰਤੰਦਾਂ ਦੀ ਕੰਬਣੀ ਦਾ ਪ੍ਰਭਾਵ ਸ਼ਬਦ ਪੱਧਰ ਉਤੇ ਹੈ ਤਾਂ ਉਸ ਨੂੰ ਸੁਰ ਕਿਹਾ ਜਾਂਦਾ ਹੈ ਅਤੇ ਜੇ ਇਹ ਕੰਬਣੀ ਪੂਰੇ ਵਾਕ ਨੂੰ ਪ੍ਰਭਾਵਿਤ ਕਰੇ ਤਾਂ ਇਹ ਵਾਕ ਸੁਰ ਹੁੰਦੀ ਹੈ।
ਸੁਰ ਤੰਦਾਂ ਦੀ ਕੰਬਣੀ ਦਾ ਸ਼ਬਦ ਪੱਧਰੀ ਪ੍ਰਭਾਵ ਭਾਰਤੀ ਭਾਸ਼ਾਵਾਂ ਵਿਚੋਂ ਕੇਵਲ ਪੰਜਾਬੀ ਭਾਸ਼ਾ ਵਿਚ ਹੀ ਮਿਲਦਾ ਹੈ। ਅਰਥਾਤ ਸੁਰ ਅਖੰਡੀ ਧੁਨੀ ਪੰਜਾਬੀ ਵਿਚ ਹੀ ਮਿਲਦੀ ਹੈ; ਜਿਵੇਂ
ਲਿਖਤੀ ਰੂਪ ਉਚਰਤ ਰੂਪ
ਚਾ /ਚ ਆ/
ਚਾਹ /ਚ ਆ/
ਝਾ /ਚ ਆ/
ਇਸ ਤੋਂ ਉਲਟ ਵਾਕ-ਸੁਰ ਦੀ ਵਰਤੋਂ ਹਰ ਭਾਸ਼ਾ ਵਿਚ ਕੀਤੀ ਜਾਂਦੀ ਮਿਲਦੀ ਹੈ। ਵਾਕ ਸੁਰ ਦੇ ਕਾਰਨ ਹੀ ਇਕ ਵਾਕ ਦੇ ਵੱਖ-ਵੱਖ ਉਚਾਰਨ ਵੱਖ-ਵੱਖ ਅਰਥ ਦਿੰਦੇ ਹਨ। ਮਿਸਾਲ ਵਜੋਂ ਵਾਕ 'ਉਹ ਡਾਕਟਰ ਹੈ' ਨੂੰ ਖੁਸ਼ੀ, ਹੈਰਾਨੀ, ਵਿਅੰਗ ਜਾਂ ਦੁੱਖ ਵਿਚੋਂ ਕਿਸੇ ਵੀ ਭਾਵਨਾਂ ਦੇ ਅਰਥਾਂ ਵਿਚ ਬੋਲਿਆ ਜਾ ਸਕਦਾ ਹੈ।
ਪ੍ਰਸ਼ਨ- ਸੰਦਰਭ ਮੂਲਕ ਵਾਕਾਂ ਤੋਂ ਕੀ ਭਾਵ ਹੈ ?
ਉੱਤਰ- ਉਹ ਵਾਕ ਜੋ ਕਿਸੇ ਸਮਾਜਕ ਸੰਦਰਭ ਜਾਂ ਭਾਸ਼ਾਈ ਸੰਦਰਭ ਵਿਚ ਉਚਾਰੇ ਜਾਣ, ਉਨ੍ਹਾਂ ਨੂੰ ਸੰਦਰਭ ਮੂਲਕ ਵਾਕ ਕਿਹਾ ਜਾਂਦਾ ਹੈ । ਇਹ ਵਾਕ ਵਿਆਕਰਨਕ ਬਣਤਰ ਪੱਖੋਂ ਅਪੂਰਨ ਹੁੰਦੇ ਹਨ। ਦੂਜੇ ਸ਼ਬਦਾਂ ਵਿਚ ਇੰਜ ਕਿਹਾ ਜਾ ਸਕਦਾ ਹੈ ਕਿ ਸੰਦਰਭ ਮੂਲਕ ਵਾਕਾਂ ਵਿਚ ਸਾਰੀਆਂ ਲੋੜੀਂਦੀਆਂ ਵਿਆਕਰਨਕ ਇਕਾਈਆਂ ਦਾ ਹੋਣਾ ਲਾਜ਼ਮੀ ਨਹੀਂ। ਕਈ ਸੰਦਰਭਮੂਲਕ ਵਾਕਾਂ ਵਿਚ ਕੇਵਲ ਨਾਂਵ ਸ਼ਬਦ ਹੀ ਹੁੰਦੇ ਹਨ ਅਤੇ ਕਈਆਂ ਵਿਚ ਕਿਰਿਆ ਸ਼ਬਦ ਹੈ। ਇਨ੍ਹਾਂ ਦੀਆਂ ਕੁਝ ਮਿਸਾਲਾਂ ਇਸ ਪ੍ਰਕਾਰ ਹਨ :
ਸਮਾਜਕ ਸੰਦਰਭ
ਸਮਾਜਕ ਵਰਤਾਰੇ ਵਿਚ ਪੰਜਾਬੀ ਬੁਲਾਰੇ ਹੇਠ ਲਿਖੀ ਕਿਸਮ ਦੇ ਸੰਦਰਭ ਮੂਲਕ ਵਾਕ ਵਰਤਦੇ ਹਨ :
(1) ਸਤਿ ਸ੍ਰੀ ਅਕਾਲ ਜੀ
(2) ਬਹੁਤ ਬਹੁਤ ਧੰਨਵਾਦ
(3) ਜੀ ਆਇਆਂ ਨੂੰ
ਭਾਸ਼ਾਈ ਸੰਦਰਭ
ਭਾਸ਼ਾਈ ਸੰਦਰਭ ਤੋਂ ਭਾਵ ਹੈ ਕਿਸੇ ਬੁਲਾਰੇ ਦੇ ਭਾਸ਼ਾਈ ਬੋਲਾਂ ਦੇ ਹੁੰਗਾਰੇ ਵਜੋਂ ਬੋਲੇ ਗਏ ਵਾਕ ਜਿਵੇਂ:
ੳ1) ਮੋਹਣ : ਤੂੰ ਕੱਲ੍ਹ ਕਿਥੇ ਗਿਆ ਸੀ ?
ੳ2) ਸੋਹਣ : ਜਲੰਧਰ ।
ਅ1) ਮੋਹਣ : ਕਿਉਂ ?
ਅ2) ਸੋਹਣ : ਤਾਰੀਕ ਸੀ।