ਦੀਆਂ ਤਿੰਨ ਕਿਸਮਾਂ ਗਿਣੀਆਂ ਜਾਂਦੀਆਂ ਹਨ- ਬਿਆਨੀਆ ਵਾਕ, ਆਗਿਆ ਵਾਚਕ ਵਾਕ ਅਤੇ ਪ੍ਰਸ਼ਨਵਾਚਕ ਵਾਕ। ਇਨ੍ਹਾਂ ਵਾਕ ਕਿਸਮਾਂ ਦੀ ਚਰਚਾ ਹੇਠਾਂ, ਮਿਸਾਲਾਂ ਸਹਿਤ ਕੀਤੀ ਗਈ ਹੈ।
ਬਿਆਨੀਆ ਵਾਕ- ਜਿਸ ਵਾਕ ਰਾਹੀਂ ਕੋਈ ਬੁਲਾਰਾ ਸਰੋਤੇ ਨੂੰ ਕੋਈ ਸੂਚਨਾ ਦੇਣਾ ਚਾਹੇ ਜਾਂ ਕਿਸੇ ਤੱਥ ਨੂੰ ਬਿਆਨ ਕਰਨਾ ਚਾਹੇ, ਉਸ ਨੂੰ ਬਿਆਨੀਆ ਵਾਕ ਕਹਿੰਦੇ ਹਨ। ਸਪੱਸ਼ਟ ਹੈ ਕਿ ਜਿਸ ਵਾਕ ਦਾ ਪਰਕਾਰਜ ਕਿਸੇ ਤੱਥ ਜਾਂ ਸੂਚਨਾ ਨੂੰ ਬਿਆਨ ਕਰਦਾ ਹੋਵੇ, ਉਸ ਨੂੰ ਬਿਆਨੀਆ ਵਾਕ ਕਿਹਾ ਜਾਂਦਾ ਹੈ। ਅਟਲ ਸੱਚਾਈਆਂ ਦੇ ਬਿਆਨ ਲਈ ਵੀ ਬਿਆਨੀਆ ਵਾਕਾਂ ਦੀ ਵਰਤੋਂ ਕੀਤੀ ਜਾਂਦੀ ਹੈ । ਬਿਆਨੀਆ ਵਾਕਾਂ ਦੇ ਕੁਝ ਨਮੂਨੇ ਇਹ ਹਨ :
(ੳ) ਜਲੰਧਰ ਸ਼ਹਿਰ ਵਿਚ ਦਰਜਣ ਤੋਂ ਵੱਧ ਕਾਲਜ ਹਨ।
(ਅ) ਧਰਤੀ ਸੂਰਜ ਦੁਆਲੇ ਘੁੰਮਦੀ ਹੈ।
(ੲ) ਉਸ ਦੀ ਨੌਕਰੀ ਲੱਗ ਗਈ ਹੈ।
ਇਹ ਵੀ ਵੇਖਿਆ ਜਾ ਸਕਦਾ ਹੈ ਕਿ ਬਿਆਨੀਆ ਵਾਕ ਵਿਚਲਾ ਬਿਆਨ ਹਾਂ-ਪੱਖੀ ਵੀ ਹੋ ਸਕਦਾ ਹੈ, ਨਾਂਹ-ਪੱਖੀ ਵੀ। ਉਪਰ ਵਾਕ (ੳ), (ਅ) ਅਤੇ (ੲ) ਹਾਂ-ਪੱਖੀ ਬਿਆਨ ਵਾਲੇ ਹਨ। ਹੇਠਾਂ ਦਰਜ ਵਾਕ (ਸ), (ਹ) ਅਤੇ (ਕ) ਨਾਂਹ-ਪੱਖੀ ਬਿਆਨ ਵਾਲੇ ਹਨ :
(ਸ) ਸਾਡੇ ਪਿੰਡ ਵਿਚ ਕੋਈ ਵੀ ਸਕੂਲ ਨਹੀਂ ਹੈ।
(ਹ) ਸੂਰਜ ਧਰਤੀ ਦੁਆਲੇ ਨਹੀਂ ਘੁੰਮਦਾ।
(ਕ) ਪਿਛਲੇ ਹਫਤੇ ਤੋਂ ਇਥੇ ਮੀਂਹ ਨਹੀਂ ਪਿਆ।
ਆਗਿਆਵਾਚਕ ਵਾਕ : ਜਿਸ ਵਾਕ ਰਾਹੀਂ ਭਾਸ਼ਾਈ ਬੁਲਾਰਾ ਸਰੋਤੇ ਨੂੰ ਕੁਝ ਕਰਨ ਲਈ ਆਖੇ ਉਸ ਨੂੰ ਆਗਿਆਵਾਚਕ ਵਾਕ ਕਿਹਾ ਜਾਂਦਾ ਹੈ । ਬੁਲਾਰੇ ਦੁਆਰਾ ਸਰੋਤੇ ਨੂੰ ਕੁਝ ਕਰਨ ਲਈ ਕਹਿਣਾ ਬੁਲਾਰੇ ਦਾ ਆਦੇਸ਼ ਵੀ ਹੋ ਸਕਦਾ ਹੈ। ਬੇਨਤੀ ਵੀ ਜਾਂ ਹੁਕਮ ਵੀ ।
ਜਿਵੇਂ:
(ੳ) ਕਾਕੇ, ਇਕ ਗਲਾਸ ਪਾਣੀ ਲਿਆਈਂ।
(ਅ) ਕਿਰਪਾ ਕਰਕੇ ਇਕ ਗਲਾਸ ਪਾਣੀ ਲਿਆਓ।
(ੲ) ਆਓ, ਪਾਣੀ ਲੈ ਕੇ ਆਈਏ।
ਉੱਪਰ ਦਰਜ ਸਾਰੇ ਵਾਕਾਂ ਵਿਚ ਬੁਲਾਰੇ ਦੁਆਰਾ ਇਕ ਸਰੋਤੇ/ਸਰੋਤਿਆਂ ਨੂੰ ਇਕੋ ਹੀ ਕੰਮ ਕਰਨ ਲਈ ਕਿਹਾ ਗਿਆ ਹੈ। ਉਹ ਕੰਮ ਹੈ "ਪਾਣੀ ਲਿਆਉਣਾ"। ਪਰ ਹਰ ਵਾਕ ਵਿਚ ਪਾਣੀ ਲਿਆਉਣ ਲਈ ਕਹੇ ਗਏ ਅੰਦਾਜ਼ ਅਤੇ ਭਾਵਨਾ ਵਿਚ ਅੰਤਰ ਹੈ । ਵਾਕ (ੳ) ਵਿਚ ਹੁਕਮੀ ਅੰਦਾਜ਼ ਹੈ ਜਦਕਿ ਵਾਕ (ਅ) ਵਿਚ ਬੇਨਤੀ ਸੂਚਕ।
ਨਾਂ-ਪੱਖੀ ਅਤੇ ਨਾਂਹ ਵਾਚੀ ਬਿਆਨੀਆ ਵਾਕਾਂ ਵਾਂਗ ਆਗਿਆ ਵਾਚਕ ਵਾਕ ਵੀ ਹਾਂ-ਪੱਖੀ ਜਾਂ ਨਾਂਹ-ਪੱਖੀ ਹੋ ਸਕਦੇ ਹਨ। ਉੱਪਰ ਦਰਜ ਵਾਕ (ੳ), (ਅ) ਅਤੇ (ੲ) ਹਾਂ- ਪੱਖੀ ਆਗਿਆ ਵਾਲੇ ਹਨ ਪਰ ਹੇਠਾਂ ਦਰਜ ਵਾਕ (ਸ), (ਹ) ਅਤੇ (ਕ) ਨਾਂਹ-ਪੱਖੀ ਆਗਿਆ ਵਾਲੇ ਹਨ:
(ਸ) ਕਾਕੇ, ਕੱਲ੍ਹ, ਸਕੂਲੇ ਨਾ ਜਾਈਂ।
(ਹ) ਬਰਸਾਤਾਂ ਵਿਚ ਬਹੁਤਾ ਦਹੀਂ ਨਾ ਖਾਇਓ।
(ਕ) ਪੁੱਤਰ, ਸਿਗਰੇਟ ਨਾ ਪੀਇਆ ਕਰ।
ਆਗਿਆ ਵਾਚਕ ਵਾਕਾਂ ਵਿਚ ਕਿਰਿਆ ਦਾ ਪ੍ਰੇਰਨਾਰਥਕ ਰੂਪ ਵਰਤਿਆ ਜਾਂਦਾ ਹੈ