Back ArrowLogo
Info
Profile

ਜੋ ਦੂਜੇ ਪੁਰਖ ਲਈ ਹੁੰਦਾ ਹੈ। ਇਸੇ ਲਈ ਆਗਿਆ ਵਾਚਕ ਵਾਕਾਂ ਵਿਚ ਸੰਬੰਧਿਤ ਧਿਰ ਦਾ ਹੋਣਾ ਜ਼ਰੂਰੀ ਨਹੀਂ। ਮਿਸਾਲ ਵਜੋਂ ਵਾਕ (ਅ) ਅਤੇ ਵਾਕ (ਹ) ਵਿਚ ਸੰਬੋਧਿਤ ਧਿਰ ਲਈ ਕੋਈ ਸ਼ਬਦ ਨਹੀਂ ਹੈ। ਪਰ ਵਾਕ (ੳ) ਅਤੇ (ਸ) ਵਿਚ ਹੈ (ਕਾਕਾ) ਆਗਿਆਵਾਚਕ ਵਾਕ ਵਿਚ ਸੰਬੰਧਿਤ ਧਿਰ ਹਮੇਸ਼ਾ ਹੀ ਸਰੋਤਾ ਹੁੰਦੀ ਹੈ ਜੋ ਦੂਜਾ ਪੁਰਖ ਹੁੰਦੀ ਹੈ ਅਤੇ ਇਕ ਵਚਨੀ ਵੀ ਹੋ ਸਕਦੀ ਹੈ ਅਤੇ ਬਹੁਵਚਨੀ ਵੀ।

ਪ੍ਰਸ਼ਨਾਚਕ ਵਾਕ : ਉਸ ਵਾਕ ਨੂੰ ਪ੍ਰਸ਼ਨਵਾਚਕ ਵਾਕ ਕਿਹਾ ਜਾਂਦਾ ਹੈ ਜਿਸ ਦੁਆਰਾ ਭਾਸ਼ਾਈ ਬੁਲਾਰਾ ਸਰੋਤੇ ਕੋਲੋਂ ਕੋਈ ਸੂਚਨਾ ਪ੍ਰਾਪਤ ਕਰਨਾ ਚਾਹਵੇ। ਜਿਵੇਂ :

(ੳ) ਇਹ ਕੰਮ ਕਿਸ ਨੇ ਕੀਤਾ ਹੈ ?

(ਅ) ਤੁਸੀਂ ਦਿੱਲੀ ਕਦੋਂ ਜਾਵੋਗੇ ?

(ੲ) ਕੀ ਮੋਹਣ ਦਾ ਭਰਾ ਬਿਮਾਰ ਹੈ ?

(ਸ) ਕੀ ਉਹ ਦਿੱਲੀਓਂ ਆ ਗਿਆ ਹੈ ?

ਸਰੋਤੇ ਦੁਆਰਾ ਦਿੱਤੇ ਜਾਣ ਵਾਲੀ ਸੂਚਨਾ ਦੇ ਆਧਾਰ 'ਤੇ ਪ੍ਰਸ਼ਨਾਚਕ ਵਾਕਾਂ ਨੂੰ ਦੋ ਵਰਗਾਂ ਵਿਚ ਰੱਖਿਆ ਜਾ ਸਕਦਾ ਹੈ। ਇਕ ਵਰਗ ਦੇ ਪ੍ਰਸ਼ਨਵਾਚਕ ਵਾਕ ਉਹ ਹੁੰਦੇ ਹਨ, ਜਿਹੜੇ ਕਿਸੇ ਸੂਚਨਾ ਦੇ ਵੇਰੇ ਜਾਂ ਨਾਮਕਰਨ ਦੀ ਮੰਗ ਕਰਦੇ ਹਨ। ਇਸ ਵਰਗ ਵਿਚ ਵਾਕ (ੳ) ਅਤੇ (ਅ) ਆਉਂਦੇ ਹਨ । ਵਾਕ (ੳ) ਦੇ ਉੱਤਰ ਵਿਚ ਕੰਮ ਕਰਨ ਵਾਲੇ ਦਾ ਨਾਂ ਦੱਸਣਾ ਬਣਦਾ ਹੈ ਅਤੇ ਵਾਕ (ਅ) ਦੇ ਉੱਤਰ ਵਿਚ ਦਿੱਲੀ ਜਾਣ ਲਈ ਮਿਥੇ ਗਏ ਦਿਨ ਦਾ ਦੂਜੇ ਵਰਗ ਵਿਚ ਉਹ ਪ੍ਰਸ਼ਨਵਾਚਕ ਵਾਕ ਰੱਖੇ ਜਾਂਦੇ ਹਨ ਜਿਨ੍ਹਾਂ ਦਾ ਉੱਤਰ 'ਹਾਂ' ਜਾ ਨਹੀਂ ਵਿਚ ਹੀ ਦਿੱਤਾ ਜਾ ਸਕੇ । ਉੱਪਰ ਦਰਜ ਵਾਕ (ੲ) ਅਤੇ (ਸ) ਇਸ ਵਰਗ ਦੇ ਹਨ।

ਪੰਜਾਬੀ ਵਿਚ ਪ੍ਰਸ਼ਨਵਾਚਕ ਵਾਕਾਂ ਦੀ ਸਿਰਜਣਾ ਦੋ ਵਿਧੀਆਂ ਦੁਆਰਾ ਕੀਤੀ ਜਾਂਦੀ ਹੈ : ਵਾਕਸੁਰ ਦੀ ਵਰਤੋਂ ਦੁਆਰਾ ਅਤੇ ਪ੍ਰਸ਼ਨਵਾਚਕ ਸ਼ਬਦਾਂ ਦੀ ਵਰਤੋਂ ਦੁਆਰਾ।

ਵਾਕ ਸੁਰ (Intonation) ਵਾਕ ਸੁਰ ਦੀ ਵਰਤੋਂ ਤਾਂ ਲਗਭਗ ਹਰ ਭਾਸ਼ਾ ਵਿਚ ਕੀਤੀ ਜਾਂਦੀ ਮਿਲਦੀ ਹੈ। ਵਾਕ ਸੁਰ ਤੋਂ ਭਾਵ ਵਿਸ਼ੇਸ਼ ਪ੍ਰਕਾਰ ਦਾ ਉਚਾਰਨ ਲਹਿਜ਼ਾ ਹੈ ਜੋ ਵਾਕ ਨੂੰ ਇਕ ਪ੍ਰਸ਼ਨ ਦੇ ਰੂਪ ਵਿਚ ਸਾਕਾਰ ਕਰਦਾ ਹੈ। ਇਸ ਸਥਿਤੀ ਵਿਚ ਕਿਸ ਪ੍ਰਸ਼ਨਵਾਚਕ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਂਦੀ। ਮਿਸਾਲ ਵਜੋਂ:

(ੳ) ਕੱਲ੍ਹ ਕਾਲਜ ਛੁੱਟੀ ਹੈ ?

(ਅ) ਦਿੱਲੀ ਚਲਾ ਗਿਐ ?

(ੲ) ਤੁਸੀਂ ਕੱਲ੍ਹ, ਲੁਧਿਆਣੇ ਗਏ ਸੀ ?

ਪ੍ਰਸ਼ਨਵਾਚਕ ਸ਼ਬਦ : ਪੰਜਾਬੀ ਵਿਚ ਪ੍ਰਸ਼ਨਵਾਚਕ ਸ਼ਬਦ (ਕ) ਧੁਨੀ ਨਾਲ ਆਰੰਭ ਹੁੰਦੇ ਹਨ ਜਿਵੇਂ-ਕੀ, ਕੌਣ, ਕਿਵੇਂ, ਕਿਥੇ, ਕਿਧਰ, ਕਦੋਂ ਆਦਿ। ਉੱਪਰ ਅਸੀਂ ਪ੍ਰਸ਼ਨਵਾਚਕ ਸ਼ਬਦਾਂ ਵਾਲੇ ਵਾਕ ਪੇਸ਼ ਕਰ ਆਏ ਹਨ। ਸੰਖੇਪ ਵਿਚ ਇਕ ਵੰਨਗੀ ਲਈ ਜਾ ਸਕਦੀ ਹੈ।

-ਕੀ ਉਹ ਕੰਮ ਕਰਦਾ ਹੈ ?

-ਉਹ ਕੀ ਕੰਮ ਕਰਦਾ ਹੈ ?

-ਉਹ ਕੰਮ ਕੀ ਕਰਦਾ ਹੈ ?

-ਉਹ ਕੰਮ ਕਰਦਾ ਕੀ ਹੈ ?

ਸਿੱਟੇ ਵਜੋਂ ਕਹਿ ਸਕਦੇ ਹਾਂ ਕਿ ਪ੍ਰਕਾਰਜ ਦੇ ਆਧਾਰ 'ਤੇ ਵਾਕ ਬਿਆਨੀਆ, ਆਗਿਆਵਾਚਕ ਅਤੇ ਪ੍ਰਸ਼ਨਵਾਚਕ ਹੁੰਦੇ ਹਨ ਅਤੇ ਵੰਨਗੀ ਦੀ ਵਾਕ-ਬਣਤਰ ਦੇ ਪਛਾਣਯੋਗ ਲੱਛਣ ਹਨ।

51 / 150
Previous
Next