ਕਿਰਿਆ ਵਾਕੰਸ਼ ਇਕ ਹੀ ਹੁੰਦਾ ਹੈ। ਸਧਾਰਨ ਵਾਕ ਵਿਚ ਕਿਰਿਆ ਨਾਲ ਕਿਰਿਆ- ਵਿਸ਼ੇਸ਼ਣ ਵੀ ਆ ਸਕਦਾ ਹੈ। ਹੇਠਲੇ ਵਾਕ ਸਧਾਰਨ ਬਣਤਰ ਵਾਲੇ ਵਾਕ ਹਨ :
(ੳ) ਮੁੰਡਾ ਘਰ ਨੂੰ ਜਾਂਦਾ ਹੈ।
(ਅ) ਉਹ ਚਿਮਚੇ ਨਾਲ ਚੌਲ ਖਾਂਦਾ ਹੈ ?
(ੲ) ਮੋਹਨ ਦਾ ਵੱਡਾ ਭਰਾ ਬਹੁਤ ਤੇਜ਼ ਤੁਰਦਾ ਹੈ।
ਸਧਾਰਨ ਵਾਕਾਂ ਵਿਚ ਕਾਲਕੀ ਕਿਰਿਆ ਦੇ ਸਥਾਨ 'ਤੇ ਕਿਰਿਆ ਪੂਰਕ ਵੀ ਕਿਰਿਆ ਵਾਕੰਸ਼ ਦਾ ਪਰਕਾਰਜ ਨਿਭਾਉਂਦੇ ਹਨ :
(ਸ) ਉਸ ਦਾ ਵੱਡਾ ਭਰਾ ਡਾਕਟਰ ਹੈ।
(ਹ) ਉਹ ਕੁੜੀ ਪੰਜਾਬਣ ਹੈ।
ਸੰਯੁਕਤ ਵਾਕ : ਜਿਸ ਵਾਕ ਵਿਚ ਇਕ ਤੋਂ ਵਧੇਰੇ ਸਧਾਰਨ ਵਾਕਾਂ ਨੂੰ ਸੰਯੁਕਤ ਕਰ ਕੇ ਰੱਖਿਆ ਜਾਵੇ, ਉਸ ਨੂੰ ਸੰਯੁਕਤ ਵਾਕ ਆਖਦੇ ਹਨ । ਸਧਾਰਨ ਵਾਕ ਆਪਣੇ ਆਪ ਵਿਚ ਸਵਾਧੀਨ ਉਪ-ਵਾਕ ਹੁੰਦੇ ਹਨ। ਇੰਜ ਕਿਹਾ ਜਾ ਸਕਦਾ ਹੈ ਕਿ ਇਕ ਤੋਂ ਵਧੇਰੇ ਸਵਾਧੀਨ ਉਪਵਾਕਾਂ ਵਾਲਾ ਵਾਕ ਸੰਯੁਕਤ ਵਾਕ ਹੁੰਦਾ ਹੈ। ਸੰਯੁਕਤ ਵਾਕ ਵਿਚਲੇ ਉਪਵਾਕਾਂ ਨੂੰ ਆਪਸ ਵਿਚ ਜੋੜਨ ਲਈ ਸਮਾਨ ਯੋਜਨਾ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬੀ ਵਿਚ ਅਤੇ, ਪਰ ਆਦਿ ਸਮਾਨ ਯੋਜਨ ਹਨ। ਕਈ ਵਾਰ ਬੋਲਚਾਲ ਵਿਚ ਠਹਿਰਾਓ ਅਤੇ ਲਿਖਤੀ ਰੂਪ ਵਿਚ ਕਾਮੇ (,) ਨੂੰ ਵੀ ਯੋਜਕ ਵਜੋਂ ਵਰਤਿਆ ਜਾਂਦਾ ਹੈ।
ਸੰਯੁਕਤ ਵਾਕ ਦੀ ਇਕ ਵੱਡੀ ਪਛਾਣ ਇਹ ਵੀ ਹੈ ਕਿ ਇਸ ਵਿਚਲੇ ਕਿਸੇ ਵੀ ਉਪਵਾਕ ਜੋ ਵੱਖ ਕਰ ਲਿਆ ਜਾਵੇ ਤਾਂ ਉਹ ਆਪਣੇ ਆਪ ਵਿਚ ਵਿਆਕਰਨ ਬਣਤਰ ਪੱਖੋਂ ਪੂਰਨ ਸਧਾਰਨ ਵਾਕ ਹੁੰਦਾ ਹੈ। ਮਿਸਾਲ ਵਜੋਂ ਹੇਠਲੇ ਸੰਯੁਕਤ ਵਾਕ ਲਏ ਜਾ ਸਕਦੇ ਹਨ:
(ਕ) ਮੁੰਡੇ ਖੇਡ ਰਹੇ ਸਨ ਅਤੇ ਕੁੜੀਆਂ ਪੜ੍ਹ ਰਹੀਆਂ ਸਨ।
(ਖ) ਸੋਹਣ ਸੁੱਤਾ ਪਿਆ ਸੀ, ਮੋਹਣ ਸਿਨੇਮਾ ਵੇਖਣ ਗਿਆ ਹੋਇਆ ਸੀ ਪਰ ਉਨ੍ਹਾਂ ਦੀ ਮਾਂ ਹਸਪਤਾਲ ਦਾਖ਼ਲ ਸੀ।
ਮਿਸ਼ਰਤ ਵਾਕ : ਇਕ ਤੋਂ ਵੱਧ ਉਪਵਾਕਾਂ ਵਾਲਾ ਵਾਕ ਜਿਸ ਵਿਚ ਘੱਟੋ-ਘੱਟ ਇਕ ਪਰਾਧੀਨ ਉਪਵਾਕ ਹੋਵੇ, ਉਸ ਨੂੰ ਮਿਸ਼ਰਤ ਵਾਕ ਆਖਦੇ ਹਨ। ਪਰਾਧੀਨ ਉਪਵਾਕ ਉਹ ਹੁੰਦਾ ਹੈ ਜੋ ਵਾਕ ਤੋਂ ਵੱਖ ਹੋ ਕੇ ਪੂਰਨ ਵਿਆਕਰਨਕ ਬਣਤਰ ਵਾਲਾ ਵਾਕ ਨਾ ਹੋਵੇ। ਪਰਾਧੀਨ ਉਪ ਵਾਕਾਂ ਵਿਚ ਜਾਂ ਤਾਂ ਕਿਰਿਆ ਅਕਾਲਕੀ ਹੁੰਦੀ ਹੈ ਅਤੇ ਜਾਂ ਇਨ੍ਹਾਂ ਦਾ ਸਬੰਧ ਅਧੀਨ ਯੋਜਨਾ ਨਾਲ ਹੁੰਦਾ ਹੈ। ਪੰਜਾਬੀ ਵਿਚ /ਜ/ ਧੁਨੀ ਵਾਲੇ ਯੋਜਕ-ਜਿਵੇਂ, ਜੋ, ਜਿਹੜਾ, ਜੇ, ਜਿਉਂ, ਜਾਂ ਆਦਿ ਅਤੇ 'ਕਿ' ਅਧੀਨ ਯੋਜਕ ਹਨ।
(ੳ) ਮੁੰਡਾ ਕੁਰਸੀ 'ਤੇ ਬੈਠ ਕੇ ਰੋਟੀ ਖਾ ਰਿਹਾ ਹੈ।
(ਅ) ਉਹ ਘਰ ਪਹੁੰਚਦਿਆਂ ਹੀ ਬਿਮਾਰ ਹੋ ਗਿਆ।
ਵਾਕ (ੳ) ਵਿਚ ਬੈਠ ਕੇ ਅਤੇ ਵਾਕ (ਅ) ਵਿਚ ਪਹੁੰਚਦਿਆਂ ਅਕਾਲਕੀ ਕਿਰਿਆਵਾਂ ਹਨ ਇਸ ਲਈ ਇਨ੍ਹਾਂ ਵਾਕਾਂ ਵਿਚਲੇ ਪਹਿਲੇ ਉਪਵਾਕ ਪਰਾਧੀਨ ਉਪਵਾਕ ਹਨ ਅਤੇ ਮਗਰਲੇ ਉਪਵਾਕ ਸਵਾਧੀਨ । ਹੇਠਾਂ ਦਿੱਤੇ ਗਏ ਵਾਕਾਂ ਵਿਚ ਅਧੀਨ ਯੋਜਕਾਂ ਵਾਲੇ ਪਰਾਧੀਨ ਉਪਵਾਕ ਵੇਖੇ ਜਾ ਸਕਦੇ ਹਨ :
(ੳ) ਜੇ ਉਹ ਮਿਹਨਤ ਕਰੇਗਾ ਤਾਂ ਪਾਸ ਹੋ ਜਾਵੇਗਾ।
(ਅ) ਜਿਹੜਾ ਬੋਲੇਗਾ ਉਹੀ ਕੁੰਡਾ ਖੋਲ੍ਹੇਗਾ ।