ਅਧੀਨ ਯੋਜਕ ਨਾਲ ਵਿਚਰਦੇ ਹਨ। ਪੰਜਾਬੀ ਵਿਚ ਜੋ, ਜਿਹੜੇ, ਜੇ, ਜਿਸ ਅਤੇ 'ਕਿ' ਆਦਿ ਅਧੀਨ ਯੋਜਕ ਹਨ। ਇਨ੍ਹਾਂ ਦੀ ਵਰਤੋਂ ਵਾਲੇ ਕੁਝ ਮਿਸ਼ਰਤ ਵਾਕ ਇਹ ਹਨ:
(ੳ) ਜੇ ਮੀਂਹ ਪਿਆ, 'ਤਾਂ' ਫਸਲ ਚੰਗੀ ਹੋਵੇਗੀ।
(ਅ) ਜਿਹੜਾ ਮਿਹਨਤ ਕਰੇਗਾ, ਉਹ ਪਾਸ ਹੋ ਜਾਵੇਗਾ।
(ੲ) ਉਸ ਨੇ ਕਿਹਾ, ਕਿ ਮੋਹਣ ਨੂੰ ਬੁਖਾਰ ਚੜ੍ਹਿਆ ਹੋਇਆ ਹੈ।
ਉੱਪਰ ਦਰਜ ਮਿਸ਼ਰਤ ਵਾਕ (ੳ) ਅਤੇ (ਅ) ਵਿਚ ਕਾਮੇ (,) ਤੋਂ ਪਹਿਲਾਂ ਵਾਲੇ ਉਪਵਾਕ ਪਰਾਧੀਨ ਹਨ ਅਤੇ ਮਗਰਲੇ ਸਵਾਧੀਨ ਪਰ ਵਾਕ (ੲ) ਵਿਚ ਕਾਮੇ (,) ਤੋਂ ਪਹਿਲਾਂ ਵਾਕ ਸਵਾਧੀਨ ਹੈ ਅਤੇ ਮਗਰਲਾ ਪਰਾਧੀਨ। ਇਥੋਂ ਇਹ ਸਪੱਸ਼ਟ ਹੁੰਦਾ ਹੈ ਕਿ ਮਿਸ਼ਰਤ ਵਾਕ ਵਿਚ ਉਪਵਾਕ ਪਹਿਲੇ ਸਥਾਨ 'ਤੇ ਵੀ ਆ ਸਕਦੇ ਹਨ ਅਤੇ ਅੰਤਲੇ ਸਥਾਨ 'ਤੇ ਵੀ ਅਤੇ ਇਵੇਂ ਹੀ ਸਵਾਧੀਨ ਉਪਵਾਕ ਵੀ।
ਦੂਜੀ ਕਿਸਮ ਦੇ ਮਿਸ਼ਰਤ ਵਾਕ ਉਹ ਹੁੰਦੇ ਹਨ ਜਿਨ੍ਹਾਂ ਵਿਚਲੇ ਪਰਾਧੀਨ ਉਪਵਾਕ ਅਕਾਲਕੀ ਕਿਰਿਆ ਰੂਪਾਂ ਵਾਲੇ ਹੋਣ । ਪੰਜਾਬੀ ਵਿਚ ਕਿਰਿਆ ਦਾ ਧਾਤੂ ਰੂਪ ਅਤੇ ਇਸ ਨਾਲ -ਇਆਂ, -ਨੋ, -ਣੋ, -ਕੇ ਆਦਿ ਪਿਛੇਤਰਾਂ ਵਾਲੇ ਰੂਪ ਅਕਾਲਕੀ ਹੁੰਦੇ ਹਨ। ਇਸ ਵੰਨਗੀ ਦੇ ਕੁਝ ਵਾਕ ਇਹ ਹਨ:
ੳ-ਉਸ ਨੇ ਕੱਪੜੇ ਧੋ ਕੇ ਇਸ਼ਨਾਨ ਕੀਤਾ।
ਅ-ਕੱਪੜੇ ਧੋਂਦਿਆਂ ਉਸ ਦੀ ਅੱਖ ਵਿਚ ਸਾਬਣ ਪੈ ਗਿਆ।
ਉੱਪਰਲੇ ਮਿਸ਼ਰਤ ਵਾਕਾਂ ਵਿਚ ਲਕੀਰੇ ਗਏ ਅੰਸ਼ ਪਰਾਧੀਨ ਹਨ।
ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਮਿਸ਼ਰਤ ਵਾਕ ਵਿਚ ਘੱਟੋ-ਘੱਟ ਇਕ ਪਰਾਧੀਨ ਉਪਵਾਕ ਜ਼ਰੂਰ ਹੁੰਦਾ ਹੈ ਜੋ ਵਾਕ ਦੇ ਆਰੰਭ ਵਿਚ ਵੀ ਆ ਸਕਦਾ ਹੈ ਅਤੇ ਅੰਤ ਵਿਚ ਵੀ।
ਪ੍ਰਸ਼ਨ- ਰੂਪ ਵਿਗਿਆਨ (Morphology) ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ- ਰੂਪ ਵਿਗਿਆਨ ਸ਼ਬਦਾਂ ਦੀ ਅੰਦਰੂਨੀ ਬਣਤਰ ਨਾਲ ਸੰਬੰਧਿਤ ਹੈ। ਭਾਸ਼ਾ ਦੇ ਪ੍ਰਮੁੱਖ ਤਿੰਨ ਰੂਪ ਹੁੰਦੇ ਹਨ । ਧੁਨੀ ਰੂਪ ਅਤੇ ਅਰਥ । ਰੂਪ ਭਾਸ਼ਾ ਦੀ ਵਿਚਕਾਰਲੀ ਸਟੇਜ ਹੈ ਜੋ ਇਕ ਪਾਸੇ ਧੁਨੀ ਨਾਲ ਅਤੇ ਦੂਜੇ ਪਾਸੇ ਅਰਥ ਨਾਲ ਜੁੜੀ ਹੁੰਦੀ ਹੈ। ਧੁਨੀ ਤੋਂ ਰੂਪ ਭਾਵ ਸ਼ਬਦ ਕਿਵੇਂ ਸਿਰਜੇ ਜਾਂਦੇ ਹਨ, ਰੂਪ ਵਿਗਿਆਨ ਦਾ ਅਧਿਐਨ ਖੇਤਰ ਹੈ । ਰੂਪ ਵਿਗਿਆਨ ਵਿਆਕਰਨ ਦਾ ਇਕ ਹਿੱਸਾ ਹੈ। ਵਿਆਕਰਨ ਵਿਚ ਸ਼ਬਦ ਦੀ ਅੰਦਰੂਨੀ ਅਤੇ ਬਾਹਰੀ ਬਣਤਰ ਦਾ ਅਧਿਐਨ ਕੀਤਾ ਜਾਂਦਾ ਹੈ । ਸ਼ਬਦਾਂ ਦੀ ਅੰਦਰੂਨੀ ਬਣਤਰ ਨਾਲ ਸੰਬੰਧਿਤ ਵਿਗਿਆਨ ਨੂੰ ਰੂਪ ਵਿਗਿਆਨ ਕਿਹਾ ਜਾਂਦਾ ਹੈ ਅਤੇ ਸ਼ਬਦਾਂ ਦੀ ਬਾਹਰੀ ਬਣਤਰ ਨਾਲ ਸੰਬੰਧਿਤ ਵਿਗਿਆਨ ਨੂੰ ਵਾਕ ਵਿਗਿਆਨ । ਵਾਕ ਵਿਗਿਆਨ ਸ਼ਬਦਾਂ ਦੇ ਵਰਤਾਰੇ ਨਾਲ ਸੰਬੰਧ ਰੱਖਦਾ ਹੈ ਜਦੋਂ ਕਿ ਰੂਪ ਵਿਗਿਆਨ ਸ਼ਬਦਾਂ ਦੀ ਬਣਤਰ ਨਾਲ।
ਉਪਰੋਕਤ ਦੇ ਆਧਾਰ 'ਤੇ ਰੂਪ ਵਿਗਿਆਨ ਸੰਬੰਧੀ ਨਿਮਨਲਿਖਿਤ ਨੁਕਤੇ ਦਰਸਾਏ ਜਾ ਸਕਦੇ ਹਨ :
(1) ਰੂਪ ਵਿਗਿਆਨ ਵਿਆਕਰਨ ਦੀ ਇਕ ਸ਼ਾਖਾ ਹੈ ਜਿਸ ਵਿਚ ਸ਼ਬਦ ਦੀ ਅੰਦਰੂਨੀ ਬਣਤਰ ਦਾ ਅਧਿਐਨ ਕੀਤਾ ਜਾਂਦਾ ਹੈ।
(2) ਰੂਪ ਵਿਗਿਆਨ ਨਵੇਂ ਘੜੇ ਗਏ ਸ਼ਬਦਾਂ ਦਾ ਵਿਧਾਨਿਕ ਅਧਿਐਨ ਹੈ।
(3) ਰੂਪ ਵਿਗਿਆਨ ਮਿਸ਼ਰਤ ਸ਼ਬਦਾਂ ਦੀ ਅੰਦਰੂਨੀ ਬਣਤਰ ਦਾ ਅਧਿਐਨ ਕਰਦਾ ਹੈ।
(4) ਰੂਪ ਵਿਗਿਆਨ ਸ਼ਬਦਾਂ ਦਾ ਵਿਭਿੰਨ ਰੂਪਾਂ ਦਾ ਅਧਿਐਨ ਕਰਦਾ ਹੈ।
(5) ਰੂਪ ਵਿਗਿਆਨ ਸ਼ਬਦ ਰੂਪ ਦਾ ਵਿਗਿਆਨ ਹੈ।