

ਨੀਵੀਂ ਸੁਰ। ਮਝਲੀ ਸੁਰ ਤਾਂ ਹਰ ਭਾਸ਼ਾ ਵਿਚ ਹੁੰਦੀ ਹੀ ਹੈ ਕਿਉਂਕਿ ਇਸ ਦਾ ਸਬੰਧ ਸੁਰ ਤੰਦਾਂ ਦੀ ਸਧਾਰਨ ਕੰਬਣ ਜਾਂ ਤਾਨ ਨਾਲ ਹੈ। ਅਸਲ ਵਿਚ ਉੱਚੀ ਸੁਰ ਅਤੇ ਨੀਵੀਂ ਸੁਰ ਦੀ ਹੋਂਦ ਪੰਜਾਬੀ ਭਾਸ਼ਾ ਦੀ ਵਿਲੱਖਣ ਵਿਸ਼ੇਸ਼ਤਾ ਹੈ।
ਉੱਚੀ ਸੁਰ ਅਤੇ ਨੀਵੀਂ ਸੁਰ ਦੀ ਵਰਤੋਂ ਦੇ ਸੰਬੰਧ ਵਿਚ ਪੰਜਾਬੀ ਦੀਆਂ ਵੱਖ-ਵੱਖ ਉਪਭਾਸ਼ਾ ਦਾ ਵੱਖ-ਵੱਖ ਵਰਤਾਰਾ ਹੈ। ਪੰਜਾਬੀ ਦੀਆਂ ਕਈ ਉਪਭਾਸ਼ਾਵਾਂ ਅਜਿਹੀਆਂ ਹਨ ਜਿਹਨਾਂ ਵਿਚ ਨਾ ਤਾਂ ਨੀਵੀਂ ਦਾ ਉਚਾਰਨ ਮਿਲਦਾ ਹੈ ਅਤੇ ਨਾ ਹੀ ਉੱਚੀ ਸੁਰ ਦਾ। ਇਸ ਪ੍ਰਕਾਰ ਦੀਆਂ ਉਪਭਾਸ਼ਾਵਾਂ ਪੱਛਮੀ ਪੰਜਾਬ ਅਰਤਾਤ ਪਾਕਿਸਤਾਨੀ ਪੰਜਾਬ ਵਿਚ ਬੋਲੀਆਂ ਜਾਂਦੀਆਂ ਹਨ। ਇਹਨਾਂ ਵਿਚੋਂ ਮੁਲਤਾਨੀ ਅਤੇ ਪੋਠੋਹਾਰੀ ਵਿਸ਼ੇਸ਼ ਤੌਰ 'ਤੇ ਵਰਣਨਯੋਗ ਹੈ ਜਿਹਨਾਂ ਵਿਚ ਨੀਵੀਂ ਦਾ ਉਚਾਰਨ ਤਾਂ ਬਿਲਕੁਲ ਹੀ ਨਹੀਂ ਕੀਤਾ ਜਾਂਦਾ। ਉਂਜ ਉੱਚੀ ਦਾ ਉਚਾਰਨ ਵੀ ਨਾ ਹੋਣ ਦੇ ਹੀ ਬਰਾਬਰ ਹੈ, ਸਿਵਾਇ ਇਸ ਦੇ ਕਿ ਕੁਝ ਕੁ ਗਿਣਤੀ ਦੇਹੀ ਸ਼ਬਦ ਉੱਚੀ ਸੁਰ ਵਾਲੇ ਵਰਤੇ ਜਾਂਦੇ ਹਨ।
ਸੁਰ ਦੀ ਵਰਤੋਂ ਦੇ ਸੰਬੰਧ ਵਿਚ ਦੂਜੀ ਪ੍ਰਕਾਰ ਦੀਆਂ ਪੰਜਾਬੀ ਉਪਭਾਸ਼ਾਵਾਂ ਉਹ ਹਨ ਜਿਹਨਾਂ ਵਿਚ ਉੱਚੀ ਸੁਰ ਅਤੇ ਨੀਵੀਂ ਸੁਰ ਦੋਹਾਂ ਦਾ ਉਚਾਰਨ ਕੀਤਾ ਜਾਂਦਾ ਹੈ। ਇਸ ਪ੍ਰਕਾਰ ਦੀਆਂ ਪੰਜਾਬੀ ਉਪਭਾਸ਼ਾਵਾਂ ਹਨ ਮਾਝੀ ਅਤੇ ਦੁਆਬੀ । ਮਾਝੀ ਦੇ ਤਾਂ ਸਾਰੇ ਇਲਾਕੇ ਵਿਚ ਵੀ ਦੋਵੇਂ ਸੁਰਾਂ ਵਰਤੀਆਂ ਜਾਂਦੀਆਂ ਹਨ ਪਰ ਦੁਆਬੀ ਦੀ ਪੁਆਧੀ ਨਾਲ ਲੱਗਦੀ ਨੁਕਰ ਵਿਚ ਉੱਚੀ ਸੁਰ ਦੀ ਵਰਤੋਂ ਕੁਝ ਘੱਟ ਹੈ।
ਪੰਜਾਬੀ ਦੀਆਂ ਸਾਰੀਆਂ ਸੁਰ ਸਾਹਿਤ ਉਪਭਾਸ਼ਾਵਾਂ ਵਿਚ ਨੀਵੀਂ ਸੁਰ ਦੀ ਵਰਤੋਂ ਤਾਂ ਮਿਲਦੀ ਹੀ ਹੈ ਪਰ ਉੱਚੀ ਸੁਰ ਦੀ ਵਰਤੋਂ ਵਿਚ ਅੰਤਰ ਮਿਲਦਾ। ਮਲਵਈ ਅਤੇ ਪੁਆਧੀ ਅਜਿਹੀਆਂ ਉਪਭਾਸ਼ਾਵਾਂ ਹਨ ਜਿਹਨਾਂ ਵਿਚ ਨੀਵੀਂ ਸੁਰ ਦੀ ਵਰਤੋਂ ਤਾਂ ਮਾਝੀ ਵਾਂਗ ਹੀ ਹੈ ਪਰ ਉੱਚੀ ਸੁਰ ਦੀ ਵਰਤੋਂ ਘੱਟ ਹੈ। ਇਹਨਾਂ ਦੋਹਾਂ ਉਪਭਾਸ਼ਾਵਾਂ ਵਿਚ (ਹ) ਦਾ ਵਿਅੰਜਨੀ ਉਚਾਰਨ ਮਿਲਦਾ ਹੈ ਅਤੇ ਇਹ ਧੁਨੀ ਸੁਰ ਵਿਚ ਤਬਦੀਲ ਨਹੀਂ ਹੁੰਦੀ।
ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਸੁਰ ਦੀ ਵਰਤੋਂ ਪੱਧਰ ਅਨੁਸਾਰ ਪੰਜਾਬੀ ਦੀਆਂ ਉਪਭਾਸ਼ਾਵਾਂ ਤਿੰਨ ਪ੍ਰਕਾਰ ਦੀਆਂ ਹਨ। (1) ਸੁਰਾਂ ਦੀ ਵਰਤੋਂ ਵਾਲੀਆਂ (2) ਸੁਰਾਂ ਦੀ ਨਾ ਵਰਤੋਂ ਵਾਲੀਆਂ ਅਤੇ (3) ਉੱਚੀ ਸੁਰ ਦੀ ਵਰਤੋਂ ਨਾ ਕਰਨ ਵਾਲੀਆਂ।
ਪ੍ਰਸ਼ਨ- ਗੁਰਮੁਖੀ ਲਿਪੀ ਦੀ ਪ੍ਰਾਚੀਨਤਾ ਉੱਤੇ ਚਾਨਣਾ ਪਾਓ।
ਉੱਤਰ- ਗੁਰਮੁਖੀ ਲਿਪੀ ਬਾਰੇ ਕਈ ਗਲਤਫਹਿਮੀਆਂ ਪ੍ਰਚਲਤ ਹਨ। ਕਈ ਲੋਕ ਇਸ ਨੂੰ ਦੇਵਨਾਗਰੀ ਦਾ ਵਿਗੜਿਆ ਰੂਪ ਆਖਦੇ ਹਨ। ਕਈਆਂ ਦਾ ਕਹਿਣਾ ਹੈ ਕਿ ਇਸ ਲਿਪੀ ਨੂੰ ਗੁਰੂ ਸਾਹਿਬਾਨ ਨੇ ਬਣਾਇਆ। ਅਜਿਹੇ ਵਿਚਾਰ ਮੂਲ ਰੂਪ ਵਿਚ ਇਹ ਸਿੱਧ ਕਰਨ ਲਈ ਪੇਸ਼ ਕੀਤੇ ਜਾਂਦੇ ਹਨ ਕਿ ਗੁਰਮੁਖੀ ਤਾਂ ਅਜੇ ਕੱਲ੍ਹ ਦੀ ਲਿਪੀ ਹੈ। ਅਰਥਾਤ ਇਹ ਪ੍ਰਾਚੀਨ ਲਿਪੀ ਨਹੀਂ ਹੈ। ਪਰ ਜੇ ਧਿਆਨ ਨਾਲ ਵਿਚਾਰਿਆ ਜਾਵੇ ਤਾਂ ਕਈ ਪੱਖ ਅਜਿਹੇ ਸਾਹਮਣੇ ਆਉਂਦੇ ਹਨ ਜੋ ਇਹ ਸਿੱਧ ਕਰਦੇ ਹਨ ਕਿ ਗੁਰਮੁਖੀ ਇਕ ਪ੍ਰਾਚੀਨ ਲਿਪੀ ਹੈ।
ਗੁਰਮੁਖੀ ਲਿਪੀ ਨੂੰ ਦੇਵ ਨਾਗਰੀ ਦਾ ਵਿਗੜਿਆ ਰੂਪ ਇਸ ਆਧਾਰ ਉੱਤੇ ਕਿਹਾ ਜਾਂਦਾ ਹੈ ਕਿ ਇਹਨਾਂ ਦੋਹਾਂ ਲਿਪੀਆਂ ਵਿਚ ਕਈ ਅੱਖਰਾਂ ਦੀ ਬਣਤਰ ਇਕੋ-ਜਿਹੀ ਹੈ ਜਿਵੇਂ- ਗ, ਟ, ਠ ਆਦਿ ਅਤੇ ਕਈ ਅੱਖਰਾਂ ਦੀ ਬਣਤਰ ਆਪਸ ਵਿਚ ਬਹੁਤ ਮਿਲਦੀ ਜੁਲਦੀ ਹੈ। ਜਿਵੇਂ- ਚ: च, ਜ: ज, ਕ: क ਆਦਿ। ਇਹਨਾਂ ਵਿਚ ਅੱਖਰਾਂ ਦੀ ਸਾਂਝ ਇਸ ਕਰਕੇ ਹੈ ਕਿਉਂਕਿ ਇਹ ਦੋਵੇਂ ਬ੍ਰਹਮੀ ਲਿਪੀ ਵਿਚੋਂ ਵਿਕਸਤ ਹੋਈਆਂ ਹਨ। ਅਰਥਾਤ ਦੋਹਾਂ ਦੀ ਜਨਨੀ ਇਕੋ ਲਿਪੀ ਹੀ ਹੈ। ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਦੇਵ ਨਾਗਰੀ ਦੇ ਅੱਖਰ ਪਹਿਲਾਂ ਬਣੇ ਅਤੇ ਗੁਰਮੁਖੀ ਦੇ ਪਿੱਛੋਂ। ਸਗੋਂ ਸੰਭਵ ਹੈ ਕਿ ਗੁਰਮੁਖੀ ਦੇ ਅੱਖਰ ਪਹਿਲਾਂ ਬਣੇ ਹੋਣ ਅਤੇ ਦੇਵ ਨਾਗਰੀ ਦੇ ਪਿੱਛੋਂ ।