

ਧੁਨੀਆਂ ਲਈ ਵੀ ਚਿੰਨ੍ਹ ਹਨ। ਮਿਸਾਲ ਵਜੋਂ ਇਸ ਲਿਪੀ ਵਿਚ ਦਬਾਅ ਜਾਂ ਬਲ ਲਈ ਅੱਧਕ ਹੈ ਅਤੇ ਨਾਸਿਕਤਾ ਲਈ ਬਿੰਦੀ ਅਤੇ ਟਿੱਪੀ ਦੋ ਚਿੰਨ੍ਹ ਹਨ।
ਬਿੰਦੀ ਅਤੇ ਟਿੱਪੀ ਦੋਵੇਂ ਚਿੰਨ੍ਹ ਹੀ ਭਾਵੇਂ ਨਾਸਿਕਤਾ ਲਈ ਹੀ ਵਰਤੇ ਜਾਂਦੇ ਹਨ ਪਰ ਇਹਨਾਂ ਦੀ ਵਰਤੋਂ ਵਿਸ਼ੇਸ਼ ਨੇਮਾਂ ਅਧੀਨ ਕੀਤੀ ਜਾਂਦੀ ਮਿਲਦੀ ਹੈ। ਭਾਸ਼ਾ ਦੀਆਂ 'ਸਵਰ ਧੁਨੀਆਂ' ਅਜਿਹੀਆਂ ਹੁੰਦੀਆਂ ਹਨ ਜਿਹਨਾਂ ਦਾ ਉਚਾਰਨ ਮੌਖਿਕ ਵੀ ਕੀਤਾ ਜਾ ਸਕਦਾ ਹੈ ਅਤੇ ਨਾਸਕੀ ਵੀ। ਗੁਰਮੁਖੀ ਵਿਚ ਸਵਰ ਧੁਨੀਆਂ ਨੂੰ ਅੰਕਤ ਕਰਨ ਲਈ ਲਗ-ਅੱਖਰ ਵਰਤੇ ਜਾਂਦੇ ਹਨ। ਇਸ ਲਈ ਬਿੰਦੀ ਅਤੇ ਟਿੱਪੀ ਦੀ ਵਰਤੋਂ ਦਾ ਸਬੰਧ ਇਹਨਾਂ ਲਗ-ਅੱਖਰਾਂ ਨਾਲ ਹੀ ਹੈ।
ਬਿੰਦੀ ਦੀ ਵਰਤੋਂ— ਬਿੰਦੀ ਦੀ ਵਰਤੋਂ ਹੇਠਲੇ ਲਗ-ਅੱਖਰਾਂ ਨਾਲ ਕੀਤੀ ਜਾਂਦੀ ਹੈ।
(ੳ) ਕੰਨੇ ਨਾਲ: ਆਂਡਾ, ਗਵਾਂਢ, ਮਾਂਗ ਆਦਿ।
(ਅ) ਬਿਹਾਰੀ ਨਾਲ: ਕਰੀਂ, ਜਾਈਂ, ਲਿਆਈ ਆਦਿ।
(ੲ) ਲਾਂਵਾਂ ਨਾਲ: ਖਾਏਂਗਾ, ਟਰੇਂਡ, ਆਵੇਂ ਆਦਿ।
(ਸ) ਦੁਲਾਵਾਂ ਨਾਲ: ਐਂਠ, ਹੈਂਕੜ, ਲੈਂਪ ਆਦਿ।
(ਹ) ਹੋੜੇ ਨਾਲ: ਹੋਂਠ, ਗੋਂਦ, ਪਰੋਂਦਾ ਆਦਿ।
(ਕ) ਕਨੌੜੇ ਨਾਲ: ਔਂਕੜ, ਹੌਂਕਣਾ, ਰੌਂਸ ਆਦਿ।
ਉਪਰ ਦਰਜ ਸਾਰੇ ਲਗ-ਅੱਖਰ ਦੀਰਘ ਸਵਰਾਂ ਦੇ ਹਨ। ਇਸ ਲਈ ਕਿਹਾ ਜਾ ਸਕਦਾ ਹੈ ਕਿ ਬਿੰਦੀ ਦੀ ਵਰਤੋਂ ਦੀਰਘ ਸਵਰਾਂ ਦੇ ਚਿੰਨਾਂ ਨਾਲ ਕੀਤੀ ਜਾਂਦੀ ਹੈ । ਪਰ ਇਸ ਨੇਮ ਦਾ ਇਕ ਅਪਵਾਦ ਵੀ ਹੈ । ਉਹ ਇਹ ਕਿ ਜ ਉੜੇ ਨਾਲ ਭਾਵੇਂ ਦੀਰਘ ਸਵਰ ਦੀ ਲਗ ਲੱਗੀ ਹੋਵੇ ਭਾਵੇਂ ਲਘੂ ਸਵਰ ਦੀ ਉਸ ਨਾਲ ਬਿੰਦੀ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਜੋ-
(ਖ) 'ਉ' ਨਾਲ ਉਂਗਲ, ਉਂਜ ਆਦਿ
(ਗ) 'ਊ' ਨਾਲ ਊਂਘਣਾ, ਊਂਘ ਆਦਿ।
ਟਿੱਪੀ ਦੀ ਵਰਤੋਂ- ਟਿੱਪੀ ਦੀ ਵਰਤੋਂ ਮੁੱਖ ਰੂਪ ਵਿਚ ਲਗੂ ਸਵਰ ਸੂਚਕ ਲਗ-ਅੱਖਰਾਂ ਨਾਲ ਕੀਤੀ ਜਾਂਦੀ ਹੈ । ਗੁਰਮੁਖੀ ਵਿਚ ਲਘੂ ਸਵਰ ਦਾ ਕੋਈ ਲਗ-ਅੱਖਰ ਨਹੀਂ ਹੈ। ਜਿਸ ਅੱਖਰ ਨਾਲ ਕੋਈ ਲਗ ਨਾ ਲੱਗੀ ਹੋਵੇ ਉਸ ਨੂੰ ਮੁਕਤਾ ਆਖਦੇ ਹਨ ਅਰਥਾਤ ਲਗ-ਅੱਖਰ ਤੋਂ ਬਿਨਾਂ। ਅਜਿਹੇ ਅੱਖਰ ਵਿਚ ਲਘੂ ਸਵਰ (ਅ) ਹੁੰਦਾ ਹੈ ਜਿਸ ਲਈ ਸਵਰ ਅੱਖਰ ਐੜਾ 'ਅ' ਵੀ ਵਰਤਿਆ ਜਾਂਦਾ ਹੈ।
(ੳ) ਮੁਕਤਾ ਅੱਖਰ ਨਾਲ: ਅੰਬਰ, ਸੰਸਾਰ, ਪਖੰਡ ਆਦਿ।
(ਅ) ਸਿਹਾਰੀ ਨਾਲ : ਇੰਜ, ਪਿੰਜਰਾ, ਕਿੰਗ ਆਦਿ।
(ੲ) ਔਂਕੜ ਨਾਲ : ਪੁੰਜ, ਮਰੁੰਡ, ਹੁੰਦਾ ਆਦਿ।
ਟਿੱਪੀ ਦੀ ਵਰਤੋਂ ਬਾਰੇ ਵੀ ਅਪਵਾਦ ਹੈ। ਦੁਲੈਂਕੜੇ ਭਾਵੇਂ ਦੀਰਘ ਸਵਰ ਦਾ ਚਿੰਨ੍ਹ ਹੈ, ਪਰ ਇਸ ਨਾਲ ਵੀ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ।
(ਸ) ਦੁਲੈਂਕੜੇ ਨਾਲ- ਕੂੰਜ, ਗੂੰਜ, ਬੂੰਦ ਆਦਿ।
ਅਸਲ ਵਿਚ ਬਿੰਦੀ ਸਧਾਰਨ ਨਾਸਿਕਤਾ ਨੂੰ ਸਾਕਾਰ ਕਰਦੀ ਹੈ ਅਤੇ ਟਿੱਪੀ ਨਾਸਿਕਤਾ ਦੇ ਨਾਲ ਬਲ ਨੂੰ ਸਾਕਾਰ ਕਰਦੀ ਹੈ। ਇੰਜ ਬਿੰਦੀ ਦੇ ਉਚਾਰਨ ਵਿਚ ਤੋਂ ਬਾਅਦ ਆਉਣ ਵਿਅੰਜਨ ਅੱਖਰ ਦੇ ਉਚਾਰਨ ਸਥਾਨ ਵਾਲੀ ਨਾਸਕੀ ਧੁਨੀ ਦਾ ਉਚਾਰਨ ਕੀਤਾ ਜਾਂਦਾ ਮਿਲਦਾ ਹੈ।