

ਅਜੋਕੇ ਸਮੇਂ ਵਿਚ ਇਸ ਉੱਤੇ ਹਿੰਦੀ ਭਾਸ਼ਾ ਦੇ ਪ੍ਰਭਾਵ ਦੇ ਨਾਲ-ਨਾਲ ਅੰਗਰੇਜ਼ੀ ਭਾਸ਼ਾ ਦਾ ਪ੍ਰਭਾਵ ਵੀ ਦੇਖਣ ਨੂੰ ਮਿਲਦਾ ਹੈ ਕਿਉਂਕਿ ਆਧੁਨਿਕ ਸਿੱਖਿਆ ਦੇ ਪ੍ਰਸਾਰ ਦਾ ਸਾਧਨ ਅੰਗਰੇਜ਼ੀ ਭਾਸ਼ਾ ਹੀ ਹੈ ਅਤੇ ਨਾਲ ਹੀ ਇਸ ਇਲਾਕੇ ਦੇ ਜ਼ਿਆਦਾਤਰ ਲੋਕਾਂ ਦਾ ਸੰਬੰਧ ਵਿਦੇਸ਼ਾਂ ਨਾਲ ਕਿਸੇ ਨਾ ਕਿਸੇ ਤਰ੍ਹਾਂ ਹੈ। ਦੁਆਬੀ ਉਪਭਾਸ਼ਾ ਵਿਚੋਂ ਨਾਲ ਲੱਗਦੇ ਖੇਤਰਾਂ ਦੀਆਂ ਭਾਸ਼ਾ ਅਤੇ ਹੋਰ ਬਾਹਰਲੀਆਂ ਭਾਸ਼ਾਵਾਂ ਦੇ ਅੰਸ਼ਾਂ ਨੂੰ ਇਸ ਦੇ ਸ਼ਬਦ ਭੰਡਾਰ ਵਿਚ ਨਿਖੇੜਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਦੁਆਬੀ ਉਪਭਾਸ਼ਾ ਆਪਣੇ ਵਿਚ ਕਈ ਅੰਦਰੂਨੀ ਭਾਸ਼ਾਈ ਵਖਰੇਵਿਆਂ ਨੂੰ ਸਮੋਈ ਬੈਠੀ ਹੈ।
ਦੁਆਬੇ ਦੇ ਲੋਕਾਂ ਦੀ ਵਿਲੱਖਣਤਾ ਦੀ ਪਹਿਚਾਣ ਉਨ੍ਹਾਂ ਦਾ 'ਵ' ਨੂੰ 'ਬ' ਬੋਲਣ ਤੋਂ ਪਹਿਚਾਣੀ ਜਾਂਦੀ ਹੈ। ਜਿਵੇਂ ਕਿ ਵੀਰ ਨੂੰ ਬੀਰ, ਵੇਚਣ ਨੂੰ ਬੇਚਣ, ਵਾਲ ਨੂੰ ਬਾਲ, ਵਿਹਲ ਨੂੰ ਬਿਹਲ, ਵਿਜੇ ਨੂੰ ਬਿਜੇ, ਵਾਰ ਨੂੰ ਬਾਰ ਆਦਿ। ਇਸ ਤੋਂ ਇਲਾਵਾ ਦੁਆਬੀ ਲੋਕਾਂ ਨੂੰ ਸ਼ਬਦ ਦੁਹਰਾਉਣ ਦੀ ਆਦਤ ਹੈ ਜੋ ਉਨ੍ਹਾਂ ਦੀ ਬੋਲਚਾਲ ਵਿਚੋਂ ਸਪੱਸ਼ਟ ਹੋ ਜਾਂਦੀ ਹੈ ਜਿਵੇਂ ਕਿ ਚਾਹ-ਚੂਹ, ਸੌਣਾ-ਸੁਣਾ, ਪੇਹਾ-ਧੈਲਾ, ਰਾਮ-ਰੂਮ, ਰੋਟੀ-ਰੂਟੀ, ਲੁੱਟ-ਲੱਟ ਆਦਿ।
ਦੁਆਬੇ ਦੇ ਨਾਲ ਲਗਦੇ ਕੰਢੀ ਪਹਾੜੀ ਲੋਕ ਆਪਸੀ ਗੱਲਬਾਤ ਸਮੇਂ ਕਈ ਸ਼ਬਦਾਂ ਦਾ ਉਚਾਰਨ ਪੂਰਾ ਨਹੀਂ ਕਰਦੇ ਜਿਵੇਂ ਕਿ ਤੁਹਾਨੂੰ ਨੂੰ ਥੋਨੂੰ, ਵਾਲੀ ਨੂੰ ਆਲੀ, ਲੈ ਆਉਂਦੀ ਨੂੰ ਲਿਔਣੀ ਆਦਿ। ਦੁਆਬੀ ਉਪਭਾਸ਼ਾ ਦੇ ਉਚਾਰਨ ਵਿਚ ਅਧਿਕਰਤ 'ਈ' ਦਾ ਪ੍ਰਯੋਗ ਕੀਤਾ ਹੋਇਆ ਮਿਲਦਾ ਹੈ ਜਿਵੇਂ ਕਿ 'ਜਲ ਜਾਣਾ' ਜਲੀ ਗਈ', 'ਲੈ ਕੇ' ਨੂੰ ਲਈ ਕੇ, 'ਮਰ ਗਏ' ਨੂੰ 'ਮਰੀਗੇ', 'ਖਾ ਕੇ' ਨੂੰ ਖਾਈ ਕੇ', 'ਚੁੱਕ ਕੇ' ਨੂੰ 'ਚੁੱਕੀ ਕੇ', 'ਛੱੜ ਆਉਣਾ' ਨੂੰ 'ਛੱਡੀ ਆਣਾ' ਆਦਿ। ਇਸ ਤੋਂ ਇਲਾਵਾ ਦੁਆਬਾ ਦੇ ਲੋਕ ਕਈ ਸ਼ਬਦਾਂ ਨੂੰ ਲਮਕਾ ਕੇ ਉਚਾਰਦੇ ਹਨ ਜਿਵੇਂ ਕਿ 'ਝਿਊਰ' ਨੂੰ 'ਝੀਰ', 'ਪਿਉ' ਨੂੰ 'ਪ', 'ਘਿਉ' ਨੂੰ 'ਘੇ' ਆਦਿ। ਦੁਆਬੇ ਵਿਚ ਕਈ ਜਗ੍ਹਾ 'ਅ' ਦਾ ਉਚਾਰਨ ਨਹੀਂ ਕੀਤਾ ਜਾਂਦਾ ਜਿਵੇਂ ਕਿ 'ਅਮਰੂਦ' ਨੂੰ 'ਮਰੂਦ', ਅਗੂਠਾ' ਨੂੰ 'ਗੂਠਾ', 'ਅਖੰਡ ਪਾਠ' ਨੂੰ 'ਖੰਡ ਪਾਠ' ਆਦਿ। ਇਸੇ ਤਰ੍ਹਾਂ ਹੀ ਕਈ ਜਗ੍ਹਾ 'ਉ' ਦੀ ਧੁਨੀ ਅਦ੍ਰਿਸ਼ ਹੋ ਜਾਂਦੀ ਹੈ ਜਿਵੇਂ ਕਿ 'ਕਿਤਾਬ' ਨੂੰ 'ਕਤਾਬ', 'ਹਿਸਾਬ' ਨੂੰ 'ਹਸਾਬ' 'ਰਿਵਾਜ਼' ਨੂੰ 'ਰਵਾਜ਼' ਆਦਿ। ਸੋ ਬਾਕੀ ਖੇਤਰਾਂ ਦੀ ਤਰ੍ਹਾਂ ਦੁਆਬੀ ਖੇਤਰ ਦੀ ਵੀ ਆਪਣੀ ਵਿਲੱਖਣ ਸ਼ਬਦਾਵਲੀ ਹੈ।

4. ਉਚਾਰਨਗਤ ਵੱਖਰਤਾ:
ਦੁਆਬੀ ਦਾ ਵਖਰੇਵਾਂ ਬਹੁਤ ਹੱਦ ਤੱਕ ਉਚਾਰਨ ਪੱਧਰ 'ਤੇ ਹੈ, ਨਵ-ਉਸਾਰੀ ਦੀ ਪੱਧਰ 'ਤੇ ਘੱਟ ਹੈ। ਹੇਠ ਲਿਖੇ ਦੁਆਬੀ ਸ਼ਬਦਾਂ ਦੀ ਉਚਾਰਨਗਤ ਵੱਖਰਤਾ ਹੈ।
