

ਭਾਸ਼ਾ ਅਤੇ ਉਪਭਾਸ਼ਾ ਅੰਤਰ ਸੰਬੰਧ
-ਗੁਲਬਹਾਰ ਸਿੰਘ
ਅਸਿਸਟੈਂਟ ਪ੍ਰੋਫੈਸਰ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ
ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ, ਜ਼ਿਲ੍ਹਾ ਜਲੰਧਰ
'ਭਾਸ਼ਾ ਅਤੇ ਉਪਭਾਸ਼ਾ ਅੰਤਰ ਸਬੰਧ' ਵਿਸ਼ੇ ਤੇ ਚਰਚਾ ਕਰਨ ਤੋਂ ਪਹਿਲਾਂ ਸਾਡੇ ਸਾਹਮਣੇ ਇਹ ਪ੍ਰਸ਼ਨ ਖੜ੍ਹੇ ਹੁੰਦੇ ਹਾਂ ਕਿ ਭਾਸ਼ਾ ਕੀ ਹੈ? ਉਪਭਾਸ਼ਾ ਕੀ ਹੈ? ਇਨ੍ਹਾਂ ਦਾ ਆਪਸ ਵਿਚ ਕੀ ਸਬੰਧ ਹੈ? ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਲੱਭਣ ਲਈ ਸਾਨੂੰ ਸਭ ਤੋਂ ਪਹਿਲਾਂ ਭਾਸ਼ਾ ਦੇ ਬਾਰੇ ਕਰਪੂਰ ਜਾਣਕਾਰੀ ਹੋਣੀ ਚਾਹੀਦੀ ਹੈ। ਪਹਿਲਾਂ ਭਾਸ਼ਾ ਅਤੇ ਉਪਭਾਸ਼ਾ ਬਾਰੇ ਸੰਖੇਪ ਜਿਹੀ ਜਾਣਕਾਰੀ ਪ੍ਰਾਪਤ ਕਰ ਲੈਣਾ ਜ਼ਰੂਰੀ ਬਣਦਾ ਹੈ।
ਭਾਸ਼ਾ ਮਾਨਵ ਸਮਾਜ ਦੇ ਲਈ ਇਕ ਵਿਲੱਖਣ ਅਤੇ ਵਿਸ਼ੇਸ਼ ਪ੍ਰਾਪਤੀ ਸਿੰਧ ਹੋਈ ਹੈ। ਭਾਸ਼ਾ ਸ਼ਬਦ ਦਾ ਨਿਕਾਸ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਭਾਸ਼ (ਧਾਤੂ) ਤੋਂ ਹੋਇਆ ਹੈ। ਜਿਸਦਾ ਅਰਥ ਹੈ ਬੋਲਣਾ। ਭਾਸ਼ਾ ਲਈ ਉਰਦੂ, ਫ਼ਾਰਸੀ ਵਿਚ ਜੁਬਾਨ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਅੰਗਰੇਜ਼ੀ ਵਿਚ ਇਸ ਲਈ (Tongue) ਟੰਗ ਸ਼ਬਦ ਦੀ ਵਰਤੋਂ ਹੁੰਦੀ ਹੈ। ਭਾਸ਼ਾ, ਜ਼ੁਬਾਨ, ਟੰਗ ਸ਼ਬਦ ਕਿਸੇ ਨਾ ਕਿਸੇ ਰੂਪ ਵਿਚ ਸਾਡੀ ਗਿਆਨ ਇੰਦਰੀ ਜੀਭ ਨਾਲ ਜੁੜੇ ਹੋਏ ਹਨ। ਇਸ ਤਰ੍ਹਾਂ ਭਾਸ਼ਾ ਦੀ ਨਿਕਲੀਆਂ ਹੋਈਆਂ ਸਾਰਥਕ ਧੁਨੀਆਂ ਦਾ ਸਮੂਹ ਹੈ। ਭਾਸ਼ਾ ਦੀ ਵਰਤੋਂ ਮਨੁੱਖ ਆਪਸੀ ਸੰਚਾਰ ਲਈ ਹੀ ਨਹੀਂ ਕਰਦੇ ਸਗੋਂ ਭਿੰਨ-ਭਿੰਨ ਪ੍ਰਕਾਰ ਦੇ ਗਿਆਨ-ਵਿਗਿਆਨ ਅਤੇ ਅਨੁਭਵ ਪ੍ਰਗਟਾਵੇ ਲਈ ਵੀ ਭਾਸ਼ਾ ਸਾਰਥਕ ਸਿੱਧ ਹੁੰਦੀ ਹੈ। ਇਸ ਲਈ ਭਿੰਨ-ਭਿੰਨ ਵਰਗ ਦੇ ਲੋਕਾਂ ਲਈ ਭਾਸ਼ਾ ਦਾ ਪ੍ਰਯੋਗ ਅਤੇ ਸਰੂਪ ਵੱਖ-ਵੱਖ ਰਿਹਾ ਹੈ।
ਭਾਸ਼ਾ ਦੀਆਂ ਪਰਿਭਾਸ਼ਾਵਾਂ:
ਭਾਸ਼ਾ ਨੂੰ ਸਮਝਣ ਦੇ ਲਈ ਵੱਖ-ਵੱਖ ਵਿਦਵਾਨਾਂ ਵਲੋਂ ਦਿੱਤੀਆਂ ਗਈਆਂ ਪਰਿਭਾਸ਼ਾਵਾਂ ਨੂੰ ਜਾਨਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਪਰਿਭਾਸ਼ਾਵਾਂ ਦੇ ਡੂੰਘੇ ਅਧਿਐਨ ਤੋਂ ਬਾਦ ਭਾਸ਼ਾ ਕੀ ਹੈ? ਇਸ ਬਾਰੇ ਸਾਰੇ ਭਰਮ-ਭੁਲੇਖੇ ਦੂਰ ਹੋ ਜਾਣਗੇ।
ਜੀ ਰੀਵਜ ਦੇ ਅਨੁਸਾਰ,
"ਭਾਸ਼ਾ ਇਕ ਮਾਧਿਅਮ ਹੈ। ਜਿਸ ਦੁਆਰਾ ਇਛਾਵਾਂ ਤੇ ਵਿਚਾਰ ਪ੍ਰਗਟਾਏ ਜਾਂਦੇ ਹਨ ਅਤੇ ਨਿੱਜੀ ਤੌਰ ਤੇ ਜਾਂ ਅਨਿੱਜੀ ਤੌਰ ਤੇ ਅਨੁਭਵ ਕੀਤੇ ਤੱਥ ਪ੍ਰਗਟ ਕੀਤੇ ਜਾਂਦੇ ਹਨ।"