

ਬੋਲੀਆਂ ਤੇ ਕੇਂਦਰੀ ਪੰਜਾਬੀ ਦਾ ਹੈ। ਜਦ ਤਕ ਹਰ ਬੋਲੀ ਬੋਲਣ ਵਾਲੇ ਉਸ ਵਿਚ ਆਪਣੀਆਂ ਰਚਨਾਵਾਂ ਲਿਖਣਗੇ, ਉਸ ਸਮੇਂ ਤੱਕ ਟਕਸਾਲੀ ਪੰਜਾਬੀ ਦਾ ਮਸਲਾ ਲਮਕਿਆ ਰਹੇਗਾ। ਭਾਰਤੀ ਵਿਦਵਾਨਾਂ ਨੇ ਮਾਝੇ ਦੀ ਕੇਂਦਰੀ ਪੰਜਾਬੀ ਦੇ ਆਧਾਰ ਤੇ ਸਟੈਂਡਰਡ ਪੰਜਾਬੀ ਦਾ ਹੱਲ ਲੱਭ ਲਿਆ ਹੋਇਆ ਹੈ। ਪੋਠੋਹਾਰ ਦਾ ਕਰਤਾਰ ਸਿੰਘ ਦੁੱਗਲ, ਮੁਲਤਾਨ ਦਾ ਡਾ. ਰੌਸ਼ਨ ਲਾਲ ਆਹੂਜਾ, ਮਾਲਵੇ ਦਾ ਸੰਤ ਸਿੰਘ ਸੇਖੋਂ ਤੇ ਮਾਝੇ ਦਾ ਪ੍ਰਿੰ. ਸੁਜਾਨ ਸਿੰਘ ਸਾਰੇ ਹੀ ਟਕਸਾਲੀ ਪੰਜਾਬੀ ਵਿਚ ਸਾਹਿਤ ਸਿਰਜਣਾ ਕਰਦੇ ਹਨ। ਪਰ ਪਾਕਿਸਤਾਨੀ ਪੰਜਾਬ ਵਿਚ ਹਰ ਖਿੱਤੇ ਦਾ ਲੇਖਕ ਆਪਣੇ ਰਿਜਨ ਦੀ ਬੋਲੀ ਨੂੰ ਹੀ ਟਕਸਾਲੀ ਮੰਨਦਾ ਹੈ। ਖਾਸ ਕਰਕੇ ਸਰਾਇਕੀ ਬੋਲਣ ਵਾਲੇ ਆਪਣੀ ਉਪ ਬੋਲੀ ਨੂੰ ਪੰਜਾਬੀ ਤੇ ਵੱਖਰੀ ਜ਼ੁਬਾਨ ਸਾਬਿਤ ਕਰਨ ਦੀ ਕੋਸ਼ਿਸ਼ ਵਿਚ ਹਨ।
ਆਮ ਤੌਰ ਤੇ ਪੰਜਾਬੀ ਵਿਚ ਬਦੇਸ਼ੀ ਤੇ ਦੇਸੀ ਬੋਲੀਆਂ ਦੇ ਸ਼ਬਦਾਂ ਦੀ ਵਰਤੋਂ ਦੇ ਮਾਮਲੇ ਨੂੰ ਵਧਾ ਚੜਾ ਕੇ ਦੱਸਿਆ ਜਾਂਦਾ ਹੈ। ਪੰਜਾਬੀ ਵਿਚ ਅਣਗਿਣਤ ਸ਼ਬਦਾਂ ਦੇ ਸੈਂਕੜੇ ਤਦਭਵ ਅਤੇ ਤਤਸਮ ਪੰਜਾਬੀ ਦਾ ਭਾਗ ਬਣ ਚੁੱਕੇ ਹਨ। ਅੰਗਰੇਜ਼ੀ ਤੋਂ ਆਏ ਬਹੁਤ ਸਾਰੇ ਸ਼ਬਦ ਵੀ ਪੰਜਾਬੀ ਵਿਚ ਰਚਮਿਚ ਗਏ ਹਨ। ਉਪ-ਬੋਲੀਆਂ ਦੇ ਸ਼ਬਦ ਤਾਂ ਪੰਜਾਬੀ ਦਾ ਅਨਿੱਖੜ ਅੰਗ ਹਨ। ਇਨ੍ਹਾਂ ਦੀ ਵਰਤੋਂ ਟਕਸਾਲੀ ਬੋਲੀ ਦੇ ਭੰਡਾਰ ਨੂੰ ਅਮੀਰ ਬਣਾਉਂਦੀ ਹੈ। ਪਰ ਜਦੋਂ ਪਾਕਿਸਤਾਨ ਦੇ ਪੰਜਾਬੀ ਲੇਖਕ ਜਾਣ-ਬੁਝ ਕੇ ਉਪ ਬੋਲੀਆਂ ਦੇ ਲਫ਼ਜਾਂ ਦੀ ਲੋੜ ਤੋਂ ਵਧੇਰੇ ਵਰਤੋਂ ਕਰਦੇ ਹਨ ਤਾਂ ਟਕਸਾਲੀ ਪੰਜਾਬੀ ਦੇ ਰਾਹ ਵਿਚ ਔਕੜਾਂ ਪੈਂਦਾ ਹੋ ਜਾਂਦੀਆਂ ਹਨ।
ਜੁਬਾਨ ਦੇ ਪੱਖ ਤੋਂ ਪੰਜਾਬੀ ਵਾਰਿਸ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਅਤੇ ਸ਼ਾਹ ਮੁਹੰਮਦ ਦੀਆਂ ਲਿਖਤਾਂ ਨੂੰ ਸਾਹਮਣੇ ਰੱਖ ਕੇ ਸਟੈਂਡਰਡ ਪੰਜਾਬੀ ਦਾ ਰੂਪ ਸਿਰਜਿਆ ਜਾ ਸਕਦਾ ਹੈ । ਜਿਸ ਪ੍ਰਕਾਰ ਭਾਰਤ ਵਿਚ ਹਿੰਦੀ ਤੇ ਸੰਸਕ੍ਰਿਤੀ ਦਾ ਪ੍ਰਭਾਵ ਵੇਖਣ ਵਿਚ ਆਉਂਦਾ ਹੈ। ਇਸੇ ਤਰ੍ਹਾਂ ਪਾਕਿਸਤਾਨ ਵਿਚ ਅਰਬੀ ਤੇ ਫ਼ਾਰਸੀ ਦਾ ਅਸਰ ਬਹੁਤ ਵਧ ਰਿਹਾ ਹੈ। ਪੰਜਾਬੀ ਭਾਸ਼ਾ ਦੇ ਮੁੱਢ ਤੇ ਨਿਕਾਸ ਬਾਰੇ ਵੀ ਪਾਕਿਸਤਾਨ ਵਿਚ ਇਸ ਨਜ਼ਰੀਏ ਨੂੰ ਅਪਣਾਇਆ ਜਾ ਰਿਹਾ ਹੈ ਕਿ ਪੰਜਾਬੀ ਆਰੀਆ ਨਸਲ ਦੀ ਬੋਲੀ ਨਹੀਂ ਹੈ।
ਇਸ ਦਾ ਮੂਲ ਸਮਾਂ ਆਰੀਆ ਲੋਕਾਂ ਦੇ ਭਾਰਤ ਵਿਚ ਆਉਣ ਤੋਂ ਪਹਿਲਾਂ ਦੀ ਦਾਵੜੀ ਬੋਲੀ ਹੈ। ਐਨਲਹੱਕ ਫਰੀਦਕੋਟੀ ਨੇ ਇਸ ਸੰਬੰਧ ਵਿਚ ਕੁਝ ਅਹਿਮ ਨੁਕਤੇ ਉਠਾਏ ਹਨ। ਪ੍ਰੋ. ਪ੍ਰੇਮ ਸਿੰਘ ਜੋ ਪੰਜਾਬੀ ਤੋਂ ਛੁੱਟ ਹਿੰਦੀ, ਉਰਦੂ, ਪ੍ਰਾਕਿਰਤਾਂ, ਸੰਸਕ੍ਰਿਤ ਤੇ ਅੰਗਰੇਜ਼ੀ ਆਦਿ ਭਾਸ਼ਾਵਾਂ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਹਨ ਅਤੇ ਪੰਜਾਬੀ ਭਾਸ਼ਾ ਅਤੇ ਭਾਸ਼ਾ ਵਿਗਿਆਨ ਸੰਬੰਧੀ ਅੱਧੀ ਦਰਜਨ ਪੁਸਤਕਾਂ ਦੇ ਲੇਖਕ ਵੀ ਹਨ ਫਰੀਦਕੋਟੀ ਦੇ ਸਿਧਾਂਤ ਨੂੰ ਪ੍ਰਵਾਨ ਨਹੀਂ ਕਰਦੇ ਉਨ੍ਹਾਂ ਨੇ ਪੰਜਾਬੀ ਭਾਸ਼ਾ ਦਾ ਪਿਛੋਕੜ ਪੁਸਤਕ ਵਿਚ ਲਿਖਿਆ ਹੈ.
ਪੰਜਾਬੀ ਆਰੀਆ ਨਸਲ ਦੀ ਭਾਸ਼ਾ ਹੈ। ਇਸ ਦੀ ਉਤਪਤੀ ਕਿਸੇ ਦਾਵਿੜੀ ਭਾਸ਼ਾ ਵਿਚੋਂ ਨਹੀਂ ਹੋਈ ਵੈਦਿਕ ਸੰਸਕ੍ਰਿਤ ਤੇ ਪੰਜਾਬੀ ਦਾ ਰਿਸ਼ਤਾ ਡੂੰਘਾ ਹੈ। (ਪੰਜਾਬੀ ਭਾਸ਼ਾ ਦਾ ਪਿਛੋਕੜ, ਪੰਨਾ-186)