ਦੁਆਬੀ ਖੇਤਰ ਦੀ ਸ਼ਬਦਾਵਲੀ ਦੀ ਵਿਲੱਖਣਤਾ ਤੋਂ ਇਲਾਵਾ ਦੁਆਬੀ ਉਪਭਾਸ਼ਾ ਦੇ ਨਾਂਵ, ਪੜਨਾਵ, ਵਿਸ਼ੇਸ਼ਣ, ਕਿਰਿਆ ਅਤੇ ਕਿਰਿਆ ਵਿਸ਼ੇਸ਼ਣ ਵਿਚ ਦੂਸਰੀਆਂ ਉਪਭਾਸ਼ਾਵਾਂ ਨਾਲੋਂ ਵਿਲੱਖਣਤਾਵਾਂ ਦੇਖੀਆਂ ਜਾ ਸਕਦੀਆਂ ਹਨ।
ਹਵਾਲੇ ਅਤੇ ਟਿੱਪਣੀਆਂ
1. ਸੁਖਵਿੰਦਰ ਸਿੰਘ ਸੰਘਾ, ਪੰਜਾਬੀ ਭਾਸ਼ਾ ਵਿਗਿਆਨ, ਪੰਜਾਬੀ ਭਾਸ਼ਾ ਅਕਾਦਮੀ, ਜਲੰਧਰ, 1997 71.
2. ਡਾ. ਬੂਟਾ ਸਿੰਘ ਬਰਾੜ, ਪੰਜਾਬੀ ਭਾਸ਼ਾ: ਸ੍ਰੋਤ ਅਤੇ ਸਰੂਪ, ਵਾਰਿਸ਼ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, 2004, ਪੰਨਾ 14
3. ਉਹੀ, ਪੰਨਾ 15.
4. ਉਹੀ, ਪੰਨਾ 110.
5. ਡਾ. ਪ੍ਰੇਮ ਪ੍ਰਕਾਸ਼ ਸਿੰਘ, ਸਿਧਾਂਤਕ ਭਾਸ਼ਾ-ਵਿਗਿਆਨ, ਮਦਨ ਪਬਲੀਕੇਸ਼ਨਜ਼, ਪਟਿਆਲਾ, 2002, 2 ਪੰਨਾ 25.
6. ਉਹੀ, ਪੰਨਾ 258.
7. ਡਾ. ਰਮਾ ਕੁਮਾਰੀ, ਪੰਜਾਬੀ ਭਾਸ਼ਾ ਉਪਭਾਸ਼ਾਈ ਅਧਿਐਨ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2008, ਪੰਨਾ 45. 8. ਡਾ. ਬੂਟਾ ਸਿੰਘ ਬਰਾੜ, ਪੰਜਾਬੀ ਭਾਸ਼ਾ: ਸ੍ਰੋਤ ਅਤੇ ਸਰੂਪ, ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ 2004, ਪੰਨਾ 110.
9. ਡਾ. ਜਤਿੰਦਰ ਸਿੰਘ (ਸੰਪਾ.), ਤੇਜਵੰਤ ਸਿੰਘ ਗਿੱਲ, ਪੰਜਾਬੀ ਸਭਿਆਚਾਰ, ਭਾਸ਼ਾ ਅਤੇ ਸਾਹਿਤ, ਪੁਨਰ ਮੁਲੰਕਣ, ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, 2009, ਪੰਨਾ 64
10. ਉਹੀ, ਪੰਨਾ 52-53.
ਪੁਆਧ ਖੇਤਰ ਅਤੇ ਪੁਆਧੀ ਉਪ-ਭਾਸ਼ਾ ਦਾ ਭਾਸ਼ਾਈ ਵਿਸ਼ਲੇਸ਼ਣ
-ਡਾ. ਬਲਵਿੰਦਰ ਸਿੰਘ ਥਿੰਦ
ਸਹਾਇਕ ਪ੍ਰੋਫ਼ੈਸਰ,
ਪੰਜਾਬੀ ਵਿਭਾਗ, ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ, ਫਗਵਾੜਾ (ਪੰਜਾਬ)
ਮੋਬਾ: 94176-06572
ਇਹ ਇਕ ਬੜਾ ਪ੍ਰਮਾਣਿਕ ਤੱਥ ਹੈ ਕਿ ਬੰਦਾ ਆਪਣੀ ਦਸਤਾਰ, ਰਫ਼ਤਾਰ ਅਤੇ ਗੁਫ਼ਤਾਰ ਤੋਂ ਪਹਿਚਾਣਿਆ ਜਾਂਦਾ ਹੈ। ਗੁਫ਼ਤਾਰ ਦਾ ਸੰਬੰਧ ਕੁਝ ਕਹਿਣ ਅਤੇ ਸੁਣਨ ਦੇ ਭਾਵ ਤੋਂ ਹੈ। ਗੁਰਵਾਕ ਹੈ: "ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ।" (ਸ੍ਰੀ ਗੁਰੂ ਗ੍ਰੰਥ ਅੰਗ 662) ਕੁਝ ਸੁਣਨ ਅਤੇ ਕੁਝ ਕਹਿਣਾ ਭਾਸ਼ਾ ਦੇ ਮਾਧਿਅਮ ਰਾਹੀਂ ਹੀ ਹੋ ਸਕਦਾ ਹੈ। 'ਮੇਰਾ ਦਾਗਿਸਤਾਨ' ਦੇ ਲੇਖਕ ਰਸੂਲ ਹਮਜ਼ਾਤੋਵ ਮੁਤਾਬਿਕ ਸਭ ਤੋਂ ਵੱਡੀ ਬਦਅਸੀਸ ਹੈ, 'ਜਾਹ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ।' ਦਰਅਸਲ ਭਾਸ਼ਾ ਇਕ ਭਾਸ਼ਾਈ ਖੇਤਰ ਵਿਚ ਬੋਲੀ ਜਾਣ ਵਾਲੀ ਟਕਸਾਲੀ/ ਮਿਆਰੀ ਭਾਸ਼ਾ ਨੂੰ ਕਿਹਾ ਜਾਂਦਾ ਹੈ, ਜਦੋਂ ਕਿ ਉਪਭਾਸ਼ਾ ਮਿਆਰੀ ਭਾਸ਼ਾ ਦੇ ਕਿਸੇ ਵਿਸ਼ੇਸ਼ ਜਾਂ ਸੀਮਤ ਹਿੱਸੇ ਵਿਚ ਬੋਲੀ ਜਾਣ ਵਾਲੀ ਲੋਕ ਬੋਲੀ ਨੂੰ ਕਿਹਾ ਜਾਂਦਾ ਹੈ। ਇਹ ਲੋਕ ਬੋਲੀ ਮਿਆਰੀ ਭਾਸ਼ਾ ਨਾਲੋਂ ਉਚਾਰਨ, ਵਿਆਕਰਨ, ਸ਼ਬਦਾਵਲੀ ਅਤੇ ਮੁਹਾਵਰੇ ਆਦਿ ਪੱਖਾਂ ਤੋਂ ਕੁਝ ਵਖਰੇਵਾਂ ਰੱਖਦੀ ਹੈ। ਦਰਅਸਲ ਇਹ ਵਖਰੇਵਾਂ ਸੰਬੰਧਿਤ ਕੌਮ/ਸਮਾਜ/ਇਲਾਕੇ/ਕਬੀਲੇ ਆਦਿ ਦੀ ਭਾਸ਼ਾ, ਉਸਦੇ ਸਾਹਿਤ, ਸਭਿਆਚਾਰ, ਲੋਕਧਾਰਾ, ਇਤਿਹਾਸ ਤੇ ਵਿਰਸੇ ਦਾ ਵੱਖਰਾ ਦਰਪਣ ਹੋਣ ਕਾਰਨ ਹੈ। ਸੰਬੰਧਿਤ ਖਿੱਤੇ ਦੀ ਭਾਸ਼ਾ ਅਤੇ ਲੋਕ ਸਾਹਿਤ ਵਿਚੋਂ ਸੰਬੰਧਿਤ ਲੋਕਾਂ ਦੀ ਜੀਵਨ ਸ਼ੈਲੀ ਦੇ ਰੰਗ ਵੇਖੇ ਤੇ ਪਰਖੇ ਜਾ ਸਕਦੇ ਹਨ। ਵਿਭਿੰਨਤਾ ਵਿਚ ਸਵੈ-ਭਿੰਨਤਾ ਦੇ ਕਾਇਮ ਰਹਿਣ ਨਾਲ ਹੀ ਮਨੁੱਖ ਦਾ ਵਿਅਕਤੀਤਵ ਅਸਲ ਅਰਥਾਂ ਵਿਚ ਚੰਗੇਰਾ ਸਮਾਜ ਸਿਰਜ ਸਕਦਾ ਹੈ। ਸਥਾਨਕ ਅਤੇ ਖੇਤਰੀ ਇਲਾਕਿਆਂ ਦੇ ਪਛਾਣ ਚਿੰਨ੍ਹਾਂ ਨੂੰ ਸਥਾਪਤ ਕਰਨ ਵਿਚ ਅਜਿਹੀ ਭਾਸ਼ਾ ਦੀ ਉਪ-ਭਾਸ਼ਾ 'ਪੁਆਧੀ' ਬਾਰੇ ਵਿਸ਼ਲੇਸ਼ਣ ਅਤੇ ਜਾਣ-ਪਛਾਣ ਕਰਵਾਉਣਾ ਹੈ। ਪੁਆਧੀ ਉਪ-ਭਾਸ਼ਾ ਦੀ ਪਛਾਣ ਦਰਸਾਉਣ ਲਈ 'ਪੁਆਧ' ਖੇਤਰ ਦੇ ਨਾਮਕਰਨ, ਭੂਗੋਲਿਕ ਹੱਦਾਂ, ਗੁਆਂਢੀ ਖੇਤਰਾਂ ਨਾਲ ਸੰਬੰਧਿਤ ਵਰਤਾਰਾ, ਪ੍ਰਕਿਰਤਕ ਮਾਹੌਲ, ਰਹੁ-ਰੀਤਾਂ, ਮਨੌਤਾਂ, ਧਾਰਮਿਕ ਵਿਸ਼ਵਾਸ, ਲੋਕਧਾਰਾ ਤੇ ਸਭਿਆਚਾਰ ਆਦਿ
ਦੇ ਝਰੋਖੇ ਵਿਚੋਂ ਵੇਖਿਆ ਗਿਆ ਹੈ। ਇਸ ਮਕਸਦ ਨੂੰ ਪੂਰਾ ਕਰਨ ਲਈ ਪੁਆਧੀ ਉਪ-ਭਾਸ਼ਾ ਦੇ ਧੁਨੀ ਪ੍ਰਬੰਧ ਨੂੰ ਸਮਝਣ ਦਾ ਯਤਨ ਕੀਤਾ ਗਿਆ ਹੈ। ਹਥਲੀਆਂ ਸਤਰਾਂ ਦਾ ਲੇਖਕ ਪੁਆਧ ਖਿੱਤੇ ਦਾ ਜੰਮਪਲ ਹੈ। ਇਹੀ ਕਾਰਨ ਹੈ ਕਿ ਪੁਆਧੀ ਉਪ- ਭਾਸ਼ਾ ਦੇ ਧੁਨੀ ਪ੍ਰਬੰਧ ਸੰਬੰਧੀ ਵਾਕਫ਼ੀਅਤ, ਸਥਾਨਕ ਲੋਕਾਂ ਦੀ ਬੋਲਚਾਲ ਅਤੇ ਪੁਆਧੀ ਉਪ-ਭਾਸ਼ਾ ਵਿਚ ਮਿਲਦੀਆਂ ਕੁਝ ਸਾਹਿਤਕ ਕਿਤਾਬਾਂ ਹਥਲਾ ਖੋਜ ਪਰਚਾ ਲਿਖਣ ਲਈ ਮੇਰੀ ਸਹਾਇਕ ਸਮੱਗਰੀ ਦਾ ਆਧਾਰ ਬਣੀਆਂ ਹਨ।
ਪੰਜਾਬੀ ਭਾਸ਼ਾ ਬਾਰੇ ਗੱਲ ਕਰੀਏ ਤਾਂ ਇਸ ਦਾ ਆਦਿ ਬਿੰਦੂ 'ਰਿਗਵੇਦ' ਦੇ ਨਾਲ ਜਾ ਜੁੜਦਾ ਹੈ ਪਰ ਵਿਕਸਿਤ ਰੂਪ 12ਵੀਂ ਸਦੀ ਵਿਚ ਸ਼ੇਖ ਫ਼ਰੀਦ ਦੀ ਰਚਨਾ ਤੋਂ ਵੇਖਿਆ ਜਾ ਸਕਦਾ ਹੈ, ਜਦਕਿ ਇਸ ਦੇ ਮੁਕਾਬਲੇ ਵਿਸ਼ਵੀ ਭਾਸ਼ਾ ਅੰਗਰੇਜ਼ੀ ਦਾ ਆਰੰਭ 14ਵੀਂ ਸਦੀ ਵਿਚ ਚੋਸਰ ਦੀ ਕਵਿਤਾ ਨਾਲ ਸਵਿਕਾਰਿਆ ਜਾਂਦਾ ਹੈ। ਡਾ. ਗ੍ਰੀਅਰਸਨ (Dr. G.A. Grierson) ਨੇ ਭਾਰਤੀ ਭਾਸ਼ਾਵਾਂ ਉੱਤੇ ਬਹੁਤ ਕੰਮ ਕੀਤਾ ਹੈ। ਡੀ. ਗ੍ਰੀਅਰਸਨ ਦਾ ਹੋਰ ਜ਼ੁਬਾਨਾਂ ਦੇ ਨਾਲ-ਨਾਲ ਪੰਜਾਬੀ ਜ਼ੁਬਾਨ ਉੱਤੇ ਵੀ ਬੜਾ ਸ਼ਲਾਘਾਯੋਗ ਕੰਮ ਹੋਇਆ ਮਿਲਦਾ ਹੈ। ਪੰਜਾਬੀ, ਬੋਲੀ ਦੀਆਂ ਉਪ-ਭਾਸ਼ਾਵਾਂ ਸੰਬੰਧੀ ਖੋਜ ਕਰਕੇ ਉਸ ਨੇ ਪੰਜਾਬੀ ਦੀਆਂ ਅੱਠ ਪ੍ਰਸਿੱਧ ਉਪ-ਭਾਸ਼ਾਵਾਂ ਦੱਸੀਆਂ ਹਨ: ਮਾਝੀ, ਦੁਆਬੀ, ਮਲਵਈ, ਪੁਆਧੀ, ਰਾਠੀ, ਭਟਿਆਣੀ, ਲਹਿੰਦੀ ਅਤੇ ਡੋਗਰੀ। ਇਨ੍ਹਾਂ ਬੋਲੀਆਂ ਦੇ ਆਪਣੇ-ਆਪਣੇ ਭੂਗੋਲਿਕ ਖੇਤਰ ਹਨ ਜਿਥੇ ਇਹ ਆਮ ਬੋਲੀਆਂ ਅਤੇ ਸਮਝੀਆਂ ਜਾਂਦੀਆਂ ਹਨ। ਅਸੀਂ ਇਥੇ ਸਿਰਫ਼ 'ਪੁਆਧ' ਦੇ ਭੂਗੋਲਿਕ ਖੇਤਰ ਅਤੇ 'ਪੁਆਧੀ' ਉਪ-ਭਾਸ਼ਾ ਜਿਥੇ ਕਿ ਇਹ ਆਮ ਬੋਲੀ ਅਤੇ ਸਮਝੀ ਜਾਂਦੀ ਹੈ, ਦੀਆਂ ਹੱਦਾਂ ਦਾ ਹੀ ਜ਼ਿਕਰ ਕਰਾਂਗੇ।
ਪੁਆਧ ਦਾ ਨਾਮਕਰਨ
'ਪੁਆਧ' ਸ਼ਬਦ ਦੀ ਹੋਂਦ ਬਾਰੇ ਵੱਖ-ਵੱਖ ਲੇਖਕ/ਵਿਦਵਾਨਾਂ ਨੇ ਆਪੋ- ਆਪਣੀਆਂ ਰਾਵਾਂ ਵੱਖੋ-ਵੱਖ ਦਿੱਤੀਆਂ ਹਨ। ਦਰਅਸਲ ਇਸ ਖੇਤਰ ਦੀ ਅੱਲ੍ਹ ਜਾਂ ਸ਼ਬਦ 'ਪੁਆਧ' ਸੰਸਕ੍ਰਿਤ ਦੇ ਸ਼ਬਦ 'ਪੂਰਬਾਰਧ' ਭਾਵ 'ਪੂਰਵ-ਅਰਧ' ਦਾ ਰੂਪਾਂਤਰਨ ਹੈ, ਜਿਸ ਦਾ ਅਰਥ ਹੈ 'ਪੰਜਾਬ ਦੇ ਪੂਰਬ ਵਾਲੇ ਪਾਸੇ ਦਾ ਅੱਧਾ ਭਾਗ ਅਰਥਾਤ ਪੰਜਾਬ ਦੀ ਪੂਰਬੀ ਹਿੱਸਾ।' ਪੁਆਧ ਦਾ ਖੇਤਰ ਕਿਉਂਕਿ ਪੁਰਾਣੇ ਪੰਜਾਬ (ਸਮੇਤ ਪੱਛਮੀ ਪੰਜਾਬ), ਜਿਹੜਾ ਸਿੰਧੂ ਦਰਿਆ ਤੋਂ ਲੈ ਕੇ ਦਿੱਲੀ ਤੋਂ ਵੀ ਅੱਗੇ ਮਥਰਾ ਤੱਕ ਫੈਲਿਆ ਹੋਇਆ ਸੀ, ਦੇ ਪੂਰਬੀ ਅੱਧ ਤਕ ਮੰਨਿਆ ਜਾਂਦਾ ਹੈ। ਇਸ ਕਰਕੇ ਇਸ ਦਾ ਨਾਮ 'ਪੂਰਵ-ਅਰਧ' ਤੋਂ' 'ਪੁਵਾਧ' ਜਾਂ 'ਪੋਵਾਧ' ਪਿਆ। ਪੁਆਧੀ ਉਪ-ਭਾਸ਼ਾ ਵਿਚ 'ਵ' ਧੁਨੀ 'ਅ' ਵਿਚ ਬਦਲ ਜਾਂਦੀ ਹੈ, ਇਸ ਲਈ ਇਸ ਦਾ ਨਾਮ ਪੁਵਾਧ ਜਾਂ ਪੋਵਾਧ ਤੋਂ ਬਦਲ ਕੇ 'ਪੁਆਧ' ਹੋ ਗਿਆ।
ਭਾਸ਼ਾ ਖੋਜੀ ਡਾ. ਗ੍ਰੀਅਰਸਨ ਨੇ ਆਪਣੀ ਪੁਸਤਕ 'ਦਿ ਲਿੰਗੁਇਸਟਿਕ ਸਰਵੇ
ਆਫ ਇੰਡੀਆ' (The Linguistic Survey of India) ਦੀ ਜਿਲਦ 9 ਦੇ ਭਾਗ ਪਹਿਲਾ ਵਿਚ ਪੁਆਧ ਖੇਤਰ ਦੀਆਂ ਸੀਮਾਵਾਂ ਇਉਂ ਕਾਇਮ ਕੀਤੀਆਂ ਹਨ:
"ਰੋਪੜ ਤੋਂ ਲੈ ਕੇ ਹਰੀਕੇ ਪੱਤਣ ਤਕ ਸਤਲੁਜ ਦਰਿਆ ਪੂਰਬ ਵੱਲੋਂ ਪੱਛਮ ਨੂੰ ਵਗਦਾ ਹੈ। ਇਹਦੇ ਉੱਤਰ ਵਾਲੇ ਪਾਸੇ ਦੁਆਬਾ ਜਲੰਧਰ ਹੈ ਅਤੇ ਦੱਖਣ ਵਾਲੇ ਪਾਸੇ ਜ਼ਿਲ੍ਹਾ ਲੁਧਿਆਣਾ ਤੇ ਫਿਰੋਜ਼ਪੁਰ ਹਨ। ਜ਼ਿਲ੍ਹਾ ਲੁਧਿਆਣਾ ਦਾ ਉਹ ਇਲਾਕਾ ਜੋ ਸਤਲੁਜ ਦਰਿਆ ਦੇ ਨਾਲ-ਨਾਲ ਦੋਹੀਂ ਪਾਸੀ ਆਉਂਦਾ ਹੈ, ਪੁਆਧ ਵਿਚ ਸ਼ਾਮਲ ਹੈ। ਅਤੇ ਬਾਕੀ ਦਾ ਸਾਰਾ ਜ਼ਿਲ੍ਹਾ ਮਾਲਵੇ ਵਿਚ ਚਲਾ ਜਾਂਦਾ ਹੈ। ਪੂਰਬ ਵਾਲੇ ਪਾਸੇ ਇਹ ਜ਼ਿਲ੍ਹਾ ਅੰਬਾਲਾ ਵਿਚਲੇ ਘੱਗਰ ਦਰਿਆ ਤੱਕ ਫੈਲਿਆ ਹੋਇਆ ਹੈ। ਘੱਗਰ ਤੋਂ ਪੂਰਬ ਵਾਲੇ ਪਾਸੇ ਦੀ ਬੋਲੀ ਹਿੰਦੁਸਤਾਨੀ ਹੈ, ਦੱਖਣ ਵਿਚ ਪੁਆਧ ਦੇ ਇਲਾਕੇ ਵਿਚ ਪਟਿਆਲਾ, ਨਾਭਾ ਤੇ ਜੀਂਦ ਦੇ ਇਲਾਕੇ ਸ਼ਾਮਲ ਹਨ। ਇਸ ਪਾਸੇ ਪੁਆਧ ਉਸ ਮੁਲਕ ਤਕ ਫੈਲਿਆ ਹੋਇਆ, ਜਿਸ ਵਿਚ ਹਿੰਦੁਸਤਾਨੀ ਤੇ ਬਾਗੜ ਦੀਆਂ ਉਪ- ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਪੁਆਧ ਵਿਚ ਜ਼ਿਲ੍ਹਾ ਹਿਸਾਰ ਦਾ ਵੀ ਕੁਝ ਬਾਹਰ ਵਾਲਾ ਹਿੱਸਾ ਸ਼ਾਮਲ ਹੈ।" ਭਾਈ ਕਾਨ੍ਹ ਸਿੰਘ 'ਨਾਭਾ' ਨੇ "ਮਹਾਨ ਕੋਸ਼" ਵਿਚ 'ਪੁਆਧ' ਸ਼ਬਦ ਦੀ ਵਿਆਖਿਆ ਇਉਂ ਕੀਤੀ ਹੈ, "ਪਹਾੜ ਦੇ ਪੈਰਾਂ ਪਾਸ ਦਾ ਦੇਸ਼, ਦਾਮਨੇ ਕੋਹ, ਉਹ ਦੇਸ਼ ਜੋ ਖੂਹ ਦੇ ਪਾਣੀ ਨਾਲ ਸਿੱਜਿਆ ਜਾਵੇ ਅਤੇ ਜ਼ਿਲ੍ਹੇ ਅੰਬਾਲੇ ਦੇ ਆਸ ਪਾਸ ਦਾ ਦੇਸ਼। (ਮਹਾਨ ਕੋਸ਼, ਪੰਨਾ 774)
ਪੁਆਧ ਖੇਤਰ ਦੀਆਂ ਭੂਗੋਲਿਕ ਵਿਸ਼ੇਸ਼ਤਾਈਆਂ
ਮੌਜੂਦਾ ਪੰਜਾਬ ਨੂੰ ਰਿਗਵੈਦਿਕ ਸਮੇਂ 'ਚ ਸਪਤ ਸਿੰਧੂ ਭਾਵ ਸੱਤ ਦਰਿਆਵਾਂ (ਸਿੰਧ, ਜਿਹਲਮ, ਚਨਾਬ, ਰਾਵੀ, ਬਿਆਸ, ਸਤਲੁਜ ਤੇ ਸਰਸਵਡੀ) ਦੀ ਧਰਤੀ ਆਖਿਆ ਜਾਂਦਾ ਰਿਹਾ ਹੈ। ਪੂਰਨ ਪੰਜਾਬ ਵੇਲੇ ਪੰਜ ਦਰਿਆ (ਆਬ) 'ਤੇ ਪੰਜਾਬ (ਪੰਜ-ਆਬ) ਧਰਤੀ ਪਿਆ। ਇਹ ਗੱਲ ਵੱਖਰੀ ਹੈ ਕਿ ਦੁਨੀਆ ਵਿਚੋਂ ਪਾਣੀ ਦੇ ਨਾਮ 'ਤੇ ਪਏ ਇਸ ਪੰਜਾਬ ਦਾ ਪਾਣੀ ਹੁਣ ਪੀਣਯੋਗ ਨਹੀਂ ਰਿਹਾ ਹੈ। ਇਥੋਂ ਦੇ ਇਲਾਕਿਆਂ ਦੀ ਭੂਗੋਲਿਕ ਬਣਤਰ, ਲੋਕ ਬੋਲੀ ਅਤੇ ਰਸਮੋ-ਰਿਵਾਜ਼ ਵੱਖੋ-ਵੱਖ ਹੋਣ ਕਰਕੇ ਇਸ ਨੂੰ ਮੁੱਖ ਚਾਰ ਖੇਤਰਾਂ ਵਿਚ ਵੰਡਿਆ ਗਿਆ ਹੈ। ਇਹ ਚਾਰ ਖੇਤਰ ਹਨ- ਮਾਝਾ, ਦੁਆਬਾ, ਮਾਲਵਾ ਅਤੇ ਪੁਆਧ। ਦਰਿਆ ਰਾਵੀ ਅਤੇ ਬਿਆਸ ਦੇ ਵਿਚਕਾਰਲੇ ਇਲਾਕੇ ਨੂੰ ਮਾਝਾ, ਦਰਿਆ ਬਿਆਸ ਤੇ ਸਤਲੁਜ ਦੇ ਵਿਚਕਾਰਲੇ ਇਲਾਕੇ ਨੂੰ ਦੁਆਬਾ, ਸਤਲੁਜ ਤੋਂ ਦੱਖਣ ਵੱਲ ਦਾ ਇਲਾਕਾ ਮਾਲਵਾ ਅਤੇ ਚੜ੍ਹਦੇ ਵੱਲ ਪੈਂਦੇ ਰਪੜ ਦਾ ਤਕਰੀਬਨ ਸਾਰਾ ਇਲਾਕਾ ਘੱਗਰ ਦਰਿਆ ਤੋਂ ਉੱਤਰ ਪੂਰਬੀ ਭਾਗ ਅਤੇ ਨਾਲ ਲੱਗਦੇ ਜ਼ਿਲ੍ਹੇ ਲੁਧਿਆਣਾ, ਪਟਿਆਲਾ ਅਤੇ ਅੰਬਾਲਾ (ਹਰਿਆਣਾ) ਦੇ ਕੁਝ ਇਲਾਕੇ ਨੂੰ ਪੁਆਧ ਦਾ ਦਰਜਾ ਭਾਵ ਨਾਮ ਦਿੱਤਾ ਗਿਆ ਹੈ। ਕਹਿਣ ਦਾ ਭਾਵ ਹੈ ਕਿ ਸਤਲੁਜ ਦੇ ਪੂਰਬ