

1950 ਵਿੱਚ ਹਿੰਦੀ ਭਾਸ਼ਾ ਨੂੰ ਰਾਸ਼ਟਰ ਭਾਸ਼ਾ ਦਾ ਦਰਜਾ ਦਿੱਤਾ ਗਿਆ ਤੇ ਅੰਗਰੇਜ਼ੀ ਨੂੰ 1965 ਤੱਕ ਸਹਾਇਕ ਰਾਜ ਭਾਸ਼ਾ ਮੰਨ ਲਿਆ ਗਿਆ। ਪਰ ਨੌਕਰੀ ਦੀ ਮਜਬੂਰੀ ਜਾਂ ਸਮਾਜਿਕ ਦਬਾਅ ਅਧੀਨ ਪਹਿਲੀ ਭਾਸ਼ਾ ਵਜੋਂ ਅੰਗਰੇਜ਼ੀ ਵਿੱਚ ਸੰਚਾਰ ਹੁੰਦਾ ਹੈ ਤੇ ਇਸ ਨੇ ਭਾਸ਼ਾਵਾਂ (ਖੇਤਰੀ ਤੇ ਸਥਾਨਕ) ਨੂੰ ਸਭ ਤੋਂ ਵੱਧ ਆਪਣੀ ਮਾਰ ਹੇਠ ਲਿਆਂਦਾ ਹੈ। ਹਥਲੇ ਖੋਜ ਪੱਤਰ ਵਿੱਚ ਮਾਰ ਝੱਲ ਰਹੀਆਂ ਖੇਤਰੀ ਅਤੇ ਸਥਾਨਕ ਭਾਸ਼ਾਵਾਂ ਦੀ ਸਥਿਤੀ ਉੱਤੇ ਵਿਸਤਾਰ ਸਹਿਤ ਚਰਚਾ ਕੀਤੀ ਗਈ ਹੈ।
Key words : ਕੁਦਰਤੀ ਪ੍ਰਬੰਧ, ਵਿਰਾਸਤ, ਵਿਸ਼ਵ ਦੀਆਂ ਭਾਸ਼ਾਵਾਂ, ਸਥਾਨਕੀਕਰਨ
ਸਥਾਨਕ ਅਤੇ ਖੇਤਰੀ ਸੰਕਲਪਾਂ ਦੇ ਵਿਸ਼ਵੀ ਬਣਨ ਦੀ ਪ੍ਰਕਿਰਿਆ ਨੇ ਲੋਕ/ ਕੌਮਾਂ/ ਦੇਸ਼/ ਸਮਾਜ ਇੱਕ ਦੂਜੇ ਦੇ ਨੇੜੇ ਆਉਂਦੇ ਹਨ, ਇਕੱਠੇ ਕਾਰਜ ਕਰਦੇ ਹਨ, ਸਾਂਝਾਂ ਵਧਦੀਆਂ ਹਨ ਅਤੇ ਉਹ ਇੱਕ ਗਲਬਲ ਸਮਾਜ ਬਣਾਉਣ ਵੱਲ ਅਹੁਲਦੇ ਹਨ। ਇਹ ਪ੍ਰਕਿਰਿਆ ਕੇਵਲ ਆਰਥਿਕਤਾ ਆਧਾਰਿਤ ਨਹੀਂ ਸਗੋਂ ਇਹ ਸਾਰੇ ਵਿਸ਼ਵ ਦੇ ਹਕਨਾਲੋਜੀ, ਰਾਜਨੀਤੀ ਸੰਚਾਰ ਸਾਧਨਾਂ, ਵਿਗਿਆਨ, ਸੱਭਿਆਚਾਰ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਪ੍ਰਭਾਵਿਤ ਹੁੰਦੀ ਹੈ। ਸੂਚਨਾ ਦਾ ਇਹ ਏਨਾ ਤੇਜ਼ ਵਹਾਅ ਗਿਆਨ ਦਾ ਵਿਸ਼ਵੀਕਰਨ ਕਰਦਾ ਹੈ। ਇਹ ਪ੍ਰਕਿਰਿਆ ਸਾਰੇ ਵਿਸ਼ਵ ਦੀ ਆਰਥਿਕ, ਰਾਜਨੀਤਿਕ, ਸਭਿਆਚਾਰਕ, ਭਾਸ਼ਾਈ, ਵਿਗਿਆਨਕ, ਸੰਚਾਰਸਾਧਨੀ, ਤਕਨੀਕੀ ਤੇ ਵਾਤਾਵਰਨੀ ਅੰਤਰਸੰਬੰਧਿਤਾ ਨੂੰ ਵਧਾਉਂਦੀ ਹੈ ਅਤੇ ਮੌਜੂਦਾ ਹੱਦਾਂ ਤੇ ਹੱਦਬੰਦੀਆਂ ਨੂੰ ਅਪ੍ਰਸੰਗਿਕ ਕਰ ਦਿੰਦੀ ਹੈ।
ਸਮਾਜ ਦਾ ਮੈਕਡੋਨਲਡੀਕਰਨ ਹੋ ਗਿਆ ਹੈ। ਵਿਦੇਸ਼ੀ ਭਾਸ਼ਾਵਾਂ ਖ਼ਾਸ ਤੌਰ 'ਤੇ ਅੰਗਰੇਜ਼ੀ ਦਾ ਪਸਾਰਾ ਵਧਿਆ ਹੈ। ਹਾਲੀਵੁੱਡ ਫ਼ਿਲਮਾਂ, ਵਿਦੇਸ਼ੀ ਖਿਡੌਣਿਆਂ, ਫਾਸਟ ਫੂਡ,ਪੋਪ ਮਿਊਜਿਕ ਵਰਗ ਸਭਿਆਚਾਰਕ ਉਤਪਾਦਾਂ ਨੂੰ ਘਰ-ਘਰ ਪਹੁੰਚਾ ਦਿੱਤਾ ਹੈ। ਵਿਸ਼ਵੀਕਰਨ ਦੀ ਸਭ ਤੋਂ ਵੱਡੀ ਮਾਰ ਖੇਤਰੀ ਤੇ ਸਥਾਨਕ ਭਾਸ਼ਾਵਾਂ ਉੱਤੇ ਪਈ ਹੈ। ਉਪਭਾਸ਼ਾਵਾਂ ਅਤੇ ਖੇਤਰੀ ਭਾਸ਼ਾਵਾਂ ਹਾਸ਼ੀਆਸਤ ਹੋ ਗਈਆਂ ਹਨ ਅਤੇ ਅੰਗਰੇਜ਼ੀ ਵਰਗੀ ਭਾਸ਼ਾ ਦੇ ਸਮਾਜਿਕ ਤੇ ਆਰਥਿਕ ਮੁੱਲ ਅੱਗੇ ਢਹਿ ਢੇਰੀ ਹੋ ਗਈਆਂ ਹਨ।
1. ਪੂਰੇ ਵਿਸ਼ਵ ਵਿੱਚ 6703 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹਨਾਂ ਵਿੱਚ 1000 ਭਾਸ਼ਾਵਾਂ ਅਮਰੀਕਾ ਵਿੱਚ, 2011 ਅਫ਼ਰੀਕਾ ਵਿੱਚ, 225 ਯੂਰਪ ਵਿੱਚ, 2165 ਏਸ਼ੀਆ ਵਿੱਚ ਅਤੇ 1320 ਪ੍ਰਸ਼ਾਂਤ ਟਾਪੂਆਂ ਵਿੱਚ ਬੋਲੀਆਂ ਜਾਂਦੀਆਂ ਹਨ।ਵਿਸ਼ਵ ਦੀਆਂ ਲਗਭਗ 6703 ਤੋਂ ਵੱਧ ਭਾਸ਼ਾਵਾਂ ਵਿੱਚੋਂ ਕੇਵਲ 11 ਭਾਸ਼ਾਵਾਂ ਹੀ ਵਿਸ਼ਵ ਦੀ ਅੱਧੀ ਜਨਸੰਖਿਆ ਵਲੋਂ ਰੋਜ਼ਾਨਾ ਕਾਰ ਵਿਹਾਰ ਵਿੱਚ ਬੋਲੀਆਂ ਜਾਂਦੀਆਂ ਹਨ। ਇਹਨਾਂ ਵਿੱਚ ਮੈਂਡਰਿਕ ਚਾਇਨੀਜ਼,ਅੰਗਰੇਜ਼ੀ,ਸਪੈਨਿਸ਼, ਫਰੈਂਚ, ਪੁਰਤਗੀਜ਼, ਰਸ਼ੀਅਨ, ਹਿੰਦੀ, ਜਰਮਨ, ਜਪਾਨੀ, ਬੰਗਾਲੀ ਅਤੇ ਅਰੇਬਿਕ ਭਾਸ਼ਾਵਾਂ ਸ਼ਾਮਿਲ ਹਨ।