

ਕਾਰਨ ਹੋ ਸਕਦਾ ਹੈ। ਭਾਸ਼ਾ ਚਿੰਤਕਾਂ ਨੇ ਜਪਾਨੀ ਭਾਸ਼ਾ ਆਇਨੂੰ, ਬ੍ਰਾਜ਼ੀਲ ਦੀ ਅਧਿਆਕਾ, ਕੈਮਰੂਨ ਦੀ ਬਿਕਿਆ, ਪੀਰੂ ਦੀ ਕੈਮੀਕੂਰੋ, ਨੇਪਾਲ ਦੀ ਦੁਰਾਨੀ, ਇੰਡੋਨੇਸ਼ੀਆ ਦੀ ਸਦਨਰ ਨੂੰ ਉਹਨਾਂ 25 ਸਭ ਤੋਂ ਵੱਧ ਅਤੇ ਜਲਦੀ ਅਲੋਪ ਹੋਣ ਵਾਲੀਆਂ ਭਾਸ਼ਾਵਾਂ ਦੀ ਸੂਚੀ ਵਿੱਚ ਰੱਖਿਆ ਹੈ। ਇਹਨਾਂ ਵਿੱਚੋਂ ਕੁਝ ਦੇ ਬੁਲਾਰੇ ਤਾਂ ਇੱਕ ਤੋਂ ਸੱਤ ਤੱਕ ਹੀ ਹਨ।
ਕਿਸੇ ਭਾਸ਼ਾ ਦੀ ਮੌਤ ਦਾ ਅਰਥ ਕਿਸੇ ਵਿਸ਼ੇਸ਼ ਵਿਚਾਰ, ਵਿਚਾਰਧਾਰਾ, ਹੋਂਦ, ਜੀਵਨ ਤਜ਼ਰਬੇ ਅਤੇ ਸਮਾਜਿਕ ਇਤਿਹਾਸ ਦੀ ਮੌਤ ਹੈ। ਜੇ ਭਾਸ਼ਾ ਮਰਦੀ ਹੈ ਤਾਂ ਨਾਲ ਹੀ ਸਿਆਣਪ ਮਰ ਜਾਂਦੀ ਹੈ। ਆਪਣੇ ਕੌਮੀ ਤੇ ਜਾਤੀਗਤ ਗਿਆਨ, ਸੱਭਿਆਚਾਰ ਤੇ ਵਿਵਿਧ ਭਾਸ਼ਾਵਾਂ ਵਿੱਚ ਯਕੀਨ ਨਾ ਰੱਖ ਕੇ ਮਨੋਵਿਗਿਆਨਕ ਤੌਰ 'ਤੇ ਸਾਮਰਾਜਵਾਦ ਦਾ ਪ੍ਰਭਾਵ ਕਬੂਲ ਕੀਤਾ ਜਾ ਰਿਹਾ ਹੈ ਤੇ ਅਸੀਂ ਆਪਣੀ ਵਿਰਾਸਤ ਤੋਂ ਦੂਰ ਹੋ ਰਹੇ ਹਾਂ। ਇਹ ਵਿਸ਼ਵੀਕਰਨ ਤਾਂ ਪੂੰਜੀਵਾਦ ਦਾ ਆਧੁਨਿਕ ਚਿਹਰਾ ਹੈ ਜੋ ਕਠੋਰ ਸੁਭਾਓ ਦਾ ਹੈ ਤੇ ਅਸੁਰੱਖਿਆ ਵਧਾਉਂਦਾ ਹੈ। ਜਦੋਂ ਕੈਨੇਡਾ ਬਸਤੀ ਬਣਿਆ ਤਾਂ ਉਥੇ ਉਸ ਵੇਲੇ 60 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆ ਸਨ, ਪਰ ਅੰਗਰੇਜ਼ੀ ਤੇ ਫ੍ਰੈਂਚ ਨੇ ਸਾਰਿਆਂ ਦਾ ਸਫ਼ਾਇਆ ਕਰ ਦਿੱਤਾ। ਸਿਰਫ਼ ਇੱਕ ਇਨੁਕਤੀ(Inkutitut) ਭਾਸ਼ਾ ਹੀ ਸਾਮਰਾਜ ਦੇ ਕਹਿਰ ਤੋਂ ਆਪਣੀ ਹੋਂਦ ਬਚਾ ਸਕੀ। ਦੱਖਣੀ ਏਸ਼ੀਆ ਦੀਆਂ 23 ਤੋਂ 66 ਭਾਸ਼ਾਵਾਂ ਭਾਸ਼ਾਈ ਸਾਮਰਾਜਵਾਦ ਕਾਰਨ ਖਤਰੇ ਵਿੱਚ ਹਨ। ਇੱਥੋਂ ਤੱਕ ਕਿ ਅਮਰੀਕਾ ਵਿੱਚ ਉੱਤਰੀ ਕੈਲੇਫੋਰਨੀਆ ਦੇ ਸੀਮਤ ਸਮੂਹ ਦੁਆਰਾ ਬੋਲੀ ਜਾਣ ਵਾਲੀ ਕਾਸ਼ਿਆ ਭਾਸ਼ਾ ਅਤੇ ਵਿਸਕੋਨਸਿਨ ਦੀ ਮਿਨੋਮਿਨੀ ਭਾਸ਼ਾ ਵੀ ਗਲਬਾ ਭਾਸ਼ਾਵਾਂ ਦਾ ਸ਼ਿਕਾਰ ਬਣ ਗਈਆਂ ਹਨ।
ਅੰਗਰੇਜ਼ੀ ਨੂੰ ਗਿਆਨ (ਵਿਗਿਆਨ ਅਤੇ ਤਕਨਾਲੋਜੀ) ਦੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਸੰਸਾਰ ਵੱਲ ਖੁਲ੍ਹਣ ਵਾਲੀ ਖਿੜਕੀ ਹੈ। ਅੰਗਰੇਜ਼ੀ ਨੂੰ ਸਫ਼ਲਤਾ ਦਾ ਮੰਤਰ ਹੀ ਮੰਨ ਲਿਆ ਜਾਂਦਾ ਹੈ। ਕੰਪਿਊਟਰ,ਮਨੋਰੰਜਨ, ਮੈਡੀਸਨ, ਤਕਨਾਲੋਜੀ ਆਦਿ ਹਰ ਖੇਤਰ ਵਿੱਚ ਇਸਦੀ ਮਹੱਤਤਾ ਮੰਨੀ ਜਾਂਦੀ ਹੈ। ਅੰਗਰੇਜ਼ੀ ਭਾਸ਼ਾ ਅਤੇ ਸੱਭਿਆਚਾਰ ਨੂੰ ਸਿੱਖਣ ਦਾ ਜਨੂੰਨ ਸਿਖਰਾਂ ਉੱਤੇ ਹੈ। ਹੁਣ ਜਦਕਿ ਅੰਗਰੇਜ਼ੀ ਵਿਸ਼ਵੀਕਰਨ ਦਾ ਆਧਾਰ ਬਣ ਗਈ ਹੈ ਤੇ ਬਾਕੀ ਖੇਤਰੀ ਭਾਸ਼ਾਵਾਂ ਹਾਸ਼ੀਏ 'ਤੇ ਚਲੋ ਗਈਆਂ ਹਨ ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਥਾਨਕ ਤੇ ਖੇਤਰੀ ਭਾਸ਼ਾਵਾਂ ਦੀ ਹੋਂਦ ਸਾਡੇ ਲਈ ਜ਼ਰੂਰੀ ਕਿਉਂ ਹੈ? ਇਸ ਦੇ ਕਾਰਨ ਹੇਠ ਲਿਖੇ ਦਿੱਤੇ ਜਾ ਸਕਦੇ ਹਨ :-
1. ਭਾਸ਼ਾਵਾਂ ਦੀ ਇਹ ਵਿਵਿਧਤਾ ਇੱਕ ਵਿਸ਼ਾਲ ਖੇਤਰ ਨੂੰ ਪ੍ਰਸਤੁਤ ਕਰਦੀ ਹੈ ਜਿੱਥੇ ਭਾਸ਼ਾ ਵਿਗਿਆਨੀ, ਭਾਸ਼ਾ ਸ਼ਾਸਤਰੀ, ਸਰੀਰ ਵਿਗਿਆਨੀ, ਤਰਕ ਸ਼ਾਸਤਰੀ ਅਤੇ ਮਨੋਵਿਗਿਆਨੀ ਮਨੁੱਖੀ ਮਨ ਦੀਆਂ ਅਸੀਮ ਸੰਭਾਵਨਾਵਾਂ ਤੇ ਹੱਦਾਂ ਦੀ ਰੂਪ-ਰੇਖਾ ਤਿਆਰ ਕਰ ਸਕਦੇ ਹਨ ਅਤੇ ਮਨੁੱਖੀ ਮਨ ਨੂੰ ਸਮਝ ਸਕਦੇ ਹਨ।