

ਭਾਸ਼ਾ ਅਤੇ ਉਪਭਾਸ਼ਾ ਦਾ ਅੰਤਰ ਸੰਬੰਧ
-ਡਾ. ਜਸਪਾਲ ਸਿੰਘ
ਐਸੋਸੀਏਟ ਪ੍ਰੋਫੈਸਰ,
ਮੁਖੀ, ਪੋਸਟ ਗਰੇਜੂਏਟ ਪੰਜਾਬੀ ਵਿਭਾਗ,
ਜੀ.ਜੀ.ਡੀ. ਐੱਸ.ਡੀ. ਕਾਲਜ, ਹਰਿਆਣਾ, ਹੁਸ਼ਿਆਰਪੁਰ
ਭਾਸ਼ਾ ਦਾ ਮਨੁੱਖੀ ਜੀਵਨ ਵਿਚ ਭਾਰੀ ਮਹੱਤਵ ਹੈ; ਕਿਉਂ ਜੋ ਇਹ ਮਨੁੱਖ ਨੂੰ ਪਸ਼ੂਆਂ ਅਤੇ ਜਾਨਵਰਾਂ ਤੋਂ ਨਿਖੇੜਦੀ ਹੈ ਅਤੇ ਮਨੁੱਖੀ ਉੱਨਤੀ ਵਿਚ ਸਹਾਇਕ ਕਰਦੀ ਹੈ। ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਅਤੇ ਉਸਨੂੰ ਆਪਣਾ ਵਿਚਾਰ-ਵਟਾਂਦਰਾ ਹਰਨਾਂ ਨਾਲ ਕਰਨਾ ਪੈਂਦਾ ਹੈ। ਮਨੁੱਖ ਕੋਲ ਇਹੀ ਸਾਧਨ ਹੈ ਜਿਸ ਦੁਆਰਾ ਉਹ ਹੋਰਨਾਂ ਨਾਲ ਸੰਬੰਧ ਕਾਇਮ ਰੱਖਦਾ ਹੈ। ਭਾਸ਼ਾ ਦਾ ਪ੍ਰਮੁੱਖ ਕਾਰਜ ਸੰਚਾਰ ਕਰਨਾ ਹੈ। ਪ੍ਰਸਿੱਧ ਭਾਸ਼ਾ ਵਿਗਿਆਨੀ ਸੋਸਿਊਰ ਤੇ ਨੰਮ ਚੋਮਸਕੀ ਵੀ ਆਪਣੇ ਸੰਰਚਨਾਤਮਕ ਭਾਸ਼ਾ ਵਿਗਿਆਨ ਵਿਚ; ਇਹੋ ਦੱਸਦੇ ਹਨ ਕਿ ਕਿਸੇ ਖਾਸ ਖੇਤਰ ਵਿਚ ਰਹਿਣ ਵਾਲਾ ਲੋਕਾਂ ਦਾ ਆਪਸੀ ਵਿਚਾਰ ਵਟਾਂਦਰਾ ਭਾਸ਼ਾ ਦੁਆਰਾ ਹੁੰਦਾ ਹੈ। ਬਸ਼ਰਤੇ ਕਿ ਭਾਸ਼ਾ ਬੋਲਣ ਵਾਲੇ ਤੇ ਸੁਣਨ ਵਾਲੇ ਦੀ ਭਾਸ਼ਾ ਇਕੋ ਹੀ ਹੋਵੇ। ਜੇਕਰ ਬੋਲਣ ਵਾਲੇ ਦੀ ਭਾਸ਼ਾ ਪੰਜਾਬੀ ਹੈ ਤੇ ਸੁਣਨ ਵਾਲੇ ਦੀ ਬੰਗਾਲੀ ਹੈ ਤਾਂ ਧੁਨੀਆਂ ਦਾ ਉਚਾਰਣ ਤਾਂ ਹੋਵੇਗਾ, ਪਰੰਤੂ ਸੰਚਾਰ ਨਹੀਂ ਹੋਵੇਗਾ।
ਆਮ ਤੌਰ 'ਤੇ ਅਸੀਂ ਮਾਤ-ਭਾਸ਼ਾ ਅਤੇ ਮਾਂ ਦੀ ਭਾਸ਼ਾ ਵਿਚ ਅੰਤਰ ਨਹੀਂ ਕਰਦੇ। ਸਾਡੀ ਇਹ ਧਾਰਨਾ ਬਣ ਚੁੱਕੀ ਹੈ ਕਿ ਬੱਚਾ ਉਹੀ ਭਾਸ਼ਾ ਮਾਤ-ਭਾਸ਼ਾ ਵਜੋਂ ਗ੍ਰਹਿਣ ਕਰਦਾ ਹੈ ਜੋ ਉਸ ਨੂੰ ਮਾਂ ਤੋਂ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ ਹਰ ਬੱਚੇ ਦੀ ਭਾਸ਼ਾ ਬਾਕੀ ਬੱਚਿਆਂ ਦੀ ਭਾਸ਼ਾ ਤੋਂ ਵੱਖ ਹੋਣੀ ਚਾਹੀਦੀ ਹੈ; ਕਿਉਂਕਿ ਇਕੋ ਪਿੰਡ ਦੀਆਂ ਮਾਵਾਂ ਉਸੇ ਪਿੰਡ ਦੀਆਂ ਜੰਮਪਲ ਧੀਆਂ ਨਹੀਂ ਹੁੰਦੀਆਂ। ਉਹ ਅਨੇਕਾਂ ਪਿੰਡਾਂ ਦੀਆਂ ਜਾਈਆਂ ਇਹ ਧੀਆਂ ਕਿਸੇ ਇਕ ਪਿੰਡ ਦੀਆਂ ਨੂੰਹਾਂ-ਮਾਵਾਂ ਬਣ ਜਾਂਦੀਆਂ ਹਨ। ਸਭ ਦੇ ਭਾਸ਼ਾਈ ਪਿਛਕੜ ਵਿਚ ਫ਼ਰਕ ਹੁੰਦਾ ਹੈ। ਉਨ੍ਹਾਂ ਦੀ ਉਪਭਾਸ਼ਾ ਅਲੱਗ- ਅਲੱਗ ਹੁੰਦੀ ਹੈ। ਫਿਰ ਇਨ੍ਹਾਂ ਮਾਵਾਂ ਦੀ ਔਲਾਦ ਇਕੋ ਮਾਤ-ਭਾਸ਼ਾ ਵਾਲੀ ਕਿਵੇਂ ਹੋ ਸਕਦੀ ਹੈ? ਇਸ ਤਰ੍ਹਾਂ ਬੱਚੇ ਦੀ ਮਾਤ ਭਾਸ਼ਾ ਅਤੇ ਉਸਦੀ ਮਾਤਾ ਦੀ ਭਾਸ਼ਾ ਇਕੋ ਹੀ ਨਹੀਂ ਹੁੰਦੀ। ਮਾਤ-ਭਾਸ਼ਾ ਦਾ ਗਿਆਨ ਬੱਚੇ ਆਪਣੇ ਆਲੇ-ਦੁਆਲੇ ਤੋਂ ਪ੍ਰਾਪਤ