

ਦੁਆਬੀ ਉਪਭਾਸ਼ਾ ਦੀ ਅਜੋਕੀ ਸਥਿਤੀ
-ਮਨਜਿੰਦਰ ਸਿੰਘ ਜੌਹਲ
ਅਸਿਸਟੈਂਟ ਪ੍ਰੋਫੈਸਰ
ਪੋਸਟ ਗਰੇਜੂਏਟ ਪੰਜਾਬੀ ਵਿਭਾਗ,
ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ,
98159-78098
ਪੰਜਾਬ ਦੇ ਵਾਤਾਵਰਨ ਦੀ ਤਰ੍ਹਾਂ ਪੰਜਾਬੀ ਭਾਸ਼ਾ ਵੀ 'ਅਨੇਕਾਂ ਪ੍ਰਭਾਵਾਂ' ਹੇਠ ਪ੍ਰਦੂਸ਼ਿਤ ਹੋ ਰਹੀ ਹੈ। ਅਸੀਂ ਆਪਣੀ ਅਮੀਰ ਭਾਸ਼ਾ ਅਤੇ ਮਿੱਠੀ ਬੋਲੀ ਨੂੰ ਛੱਡ ਕੇ ਬਿਗਾਨੀਆਂ ਵੱਲ ਤੱਕ ਰਹੇ ਹਾਂ। ਪੰਜਾਬੀ ਭਾਸ਼ਾ ਨੂੰ ਸਭ ਤੋਂ ਵੱਧ 'ਅਖੌਤੀ ਮਾਡਰਨਪੁਣਾ' ਪ੍ਰਭਾਵਿਤ ਕਰ ਰਿਹਾ ਹੈ ਅਤੇ ਨਾਲ ਹੀ ਸ਼ਹਿਰੀਕਰਣ ਦਾ ਪ੍ਰਭਾਵ ਵਿਸ਼ਵ ਸੱਭਿਆਤਾਵਾਂ ਦਾ ਪੱਛਮੀਕਰਨ ਤੇ ਸੰਚਾਰ ਦੇ ਸਾਧਨਾਂ ਨੇ ਵੀ ਪ੍ਰਭਾਵ ਪਾਇਆ ਹੈ। ਜਿਸ ਦੇ ਸਿੱਟੇ ਵਜੋਂ ਪੰਜਾਬੀ ਭਾਸ਼ਾ ਆਪਣੇ ਟਕਸਾਲੀ ਰੂਪ ਤੋਂ ਕੱਟਦੀ ਜਾ ਰਹੀ ਹੈ। ਹਿੰਦੀ ਤੇ ਅੰਗਰੇਜ਼ੀ ਦੇ ਲੋੜ ਤੋਂ ਵੱਧ ਪੈ ਰਹੇ ਪ੍ਰਭਾਵ ਕਾਰਨ, ਪੰਜਾਬੀ ਦੇ ਸ਼ੁੱਧ ਰੂਪ ਨੂੰ ਸਾਂਭੀ ਰੱਖਣਾ ਅਸੰਭਵ ਹੁੰਦਾ ਜਾ ਰਿਹਾ ਹੈ।
ਪੰਜਾਬੀ ਦੀਆਂ ਉਪਭਾਸ਼ਾਵਾਂ ਦੀ ਵਿਲੱਖਣ ਪਛਾਣ ਅੱਜ ਅਲੋਪ ਹੁੰਦੀ ਜਾ ਰਹੀ ਹੈ ਕਿਉਂਕਿ ਆਵਾਜਾਈ ਦੇ ਸਾਧਨਾਂ ਤੇ ਇਲੈਕਟ੍ਰੌਨਿਕ ਮੀਡੀਆ ਨੇ ਭਾਸ਼ਾ ਦੀ ਇਲਾਕਾਈ ਵਿਸ਼ੇਸ਼ਤਾਂ ਨੂੰ ਕਾਫ਼ੀ ਘੱਟ ਕਰ ਦਿੱਤਾ ਹੈ। ਪਹਿਲਾਂ ਇਕ ਇਨਸਾਨ ਆਪਣਾ ਵਿਸ਼ੇਸ਼ ਇਲਾਕਾ ਛੱਡ ਕੇ ਕਿਤੇ ਦੂਰ ਨਹੀਂ ਸੀ ਜਾਂਦਾ। ਉਸ ਦਾ ਕਾਰੋਬਾਰ ਨੇੜੇ ਹੁੰਦਾ ਸੀ ਤੇ ਰਿਸ਼ਤੇਦਾਰੀ ਵੀ ਨੇੜੇ ਹੀ ਹੁੰਦੀ ਸੀ। ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿਚ ਅਜੇ ਵੀ ਕਈ ਬਜ਼ੁਰਗ ਅਜਿਹੇ ਮਿਲਦੇ ਹਨ ਜਿਹੜੇ 80-80 ਸਾਲਾਂ ਦੇ ਹੋ ਗਏ ਹਨ, ਪਰ ਕਦੀ ਆਪਣੇ ਜ਼ਿਲ੍ਹੇ ਤੋਂ ਬਾਹਰ ਨਹੀਂ ਗਏ। ਇਸੇ ਕਰਕੇ ਉਨ੍ਹਾਂ ਦੀ ਪੀੜ੍ਹੀ ਤੱਕ ਤਾਂ ਉਪਭਾਸ਼ਾਵਾਂ ਦਾ ਅਸਰ ਰਿਹਾ ਹੈ। ਪਰ ਹੁਣ ਦੀ ਪੀੜ੍ਹੀ ਤਾਂ ਇਕ ਦਿਨ ਵਿਚ ਮਾਰੇ ਪੰਜਾਬ ਦੀ ਸੈਰ ਕਰ ਲੈਂਦੀ ਹੈ। ਕਈ ਵਾਰ ਸਕੂਲ/ਕਾਲਜ ਦੀ ਪੜ੍ਹਾਈ ਜਾਂ ਰੁਜ਼ਗਾਰ ਪ੍ਰਾਪਤੀ ਲਈ ਨਿੱਤ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਪੈਂਦਾ ਹੈ। ਵੱਖ-ਵੱਖ ਇਲਾਕਿਆਂ ਦੇ ਲੋਕਾਂ ਨਾਲ ਗੱਲ ਕਰਨੀ ਪੈਂਦੀ ਹੈ। ਅਜਿਹੇ ਕਈ ਕਾਰਨ ਹਨ, ਜਿਸ ਕਰਕੇ ਪੰਜਾਬੀ ਦੀਆਂ ਉਪਭਾਸ਼ਾਵਾਂ ਆਪਣਾ ਪ੍ਰਭਾਵ ਛੱਡ ਰਹੀਆਂ ਹਨ।