ਆਦੇਸ਼ ਕੀਤਾ । ਅਜੇਹੀ ਸੁੰਦਰ ਸੱਮਤਿ ਨੂੰ ਪ੍ਰਵਾਨ ਕਰਨੇ ਨੂੰ ਕਿਸ ਨੂੰ ਆਨਾ ਕਾਨੀ ਹੋ ਸਕਦੀ ਹੈ । ਸੋ ਅਸਾਂ ਇਸ ਨੂੰ ਸਿਰ ਮਥੇ ਧਰਿਆ । ਦਸ ਗ੍ਰੰਥੀ ਚੋਂ ਦਿੱਤੇ ਉਦਾਹਰਣਾਂ ਨੇ ਪੋਥੀ ਦੀ ਸੋਭਾ ਨੂੰ ਹੋਰ ਚਮਕਾਯਾ ਤੇ ਪੁਸਤਕ ਨੂੰ ਅਧਿਕ ਉਪਯੋਗੀ ਬਨਾਇਆ ਹੈ। ਫੇਰ ਉਹ ਨਵਾਂ ਮੁਸਵਿਦਾ ਕਿਨ੍ਹਾਂ ਦੋ ਚਾਰ ਹੋਰ ਸ਼੍ਰੀਮਾਨਾਂ ਨੂੰ ਭੀ ਦਿਖਾਇਆ ਗਯਾ, ਪਰ ਕਿਸੇ ਬੁਧੀਮਾਨ ਦੇ ਕਥਨਾਨੁਸਾਰ "ਸਮਝ ਅਪਨੀ ਅਪਨੀ ਖ਼ਿਆਲ ਅਪਨਾ ਅਪਨਾ" ਉਦਾਹਰਣਾਂ ਪੁਰ ਮੁਗਧ ਹੋਨੇ ਵਾਲੇ ਸੱਜਨ ਭੀ ਮਿਲੇ ਤੇ ਕਿਸੇ ਭਾਈ ਨੇ ਆਖਿਆ ਕਿ ਪੰਜਾਬੀ ਉਦਾਹਰਣਾਂ ਨੂੰ ਰਖ ਕੇ ਬਾਕੀ ਹੋਰ ਹੋਰ ਭਾਸ਼ਾਆਂ ਦੇ ਉਦਾਹਰਣ ਕਢ ਦਿੱਤੇ ਜਾਉਨ । ਇਹ ਸੰਕੀਰਣ ਜਿਹਾ ਸੁਝਾਉ ਅਸਾਂ ਨੂੰ ਮਨਜ਼ੂਰ ਨਹੀਂ ਹੋਇਆ। ਅਸਤੂ ਅਜੇਹੀ ! ਪੰਜਾਬੀ ਪੁਸਤਕ ਲਿਖਨੇ ਦਾ ਆਪਨਾ ਵਿਚਾਰ ਭੀ ਕੋਈ ੩੦-੩੫ ਸਾਲਾਂ ਦਾ ਪੁਰਾਨਾ ਸੀ। ਸੰ ੧੯੫੦ ਈ: ਵਿੱਚ ਇਸ ਮਾਲਾ ਦੀ ਇੱਕ ਲੜੀ ਪਰੋ ਕੇ "ਪੰਜਾਬੀ ਸਾਹਿੱਤ ਔਰ ਸਭੂਸ਼ਿਤ ਹੀਰ, ਪ੍ਰਸਤਾਵਨਾ ਭਾਗ" ਨਾਮ ਦੀ ਛਪਵਾ ਭੀ ਦਿਤੀ । ਅੱਖਰ ਉਸਦੇ ਫ਼ਾਰਸੀ ਤੇ ਜ਼ਬਾਨ ਹਿੰਦਵੀ ਏ । ਹਸ਼ਰ (ਗਤਿ) ਉਸਦਾ ਵੀ ਨਾ ਕਹਨੇ ਯਗਯ ਹੈ । ਇਹ ਪੁਸਤਕ "ਪੰਜਾਬੀ ਕਵਿਤਾ ਔਰ ਸ਼ਬਦਾ-ਲੰਕਾਰ" ਜਿਹੜੀ ਆਪ ਦੇ ਹਥਾਂ 'ਚ ਹੈਂ, ਉਸ ਮਾਲਾ ਦੀ ਦੂਜੀ ਲੜੀ ਹੈ । ਅਗਲੀ ਲੜੀ ਅਰਥਾਲੰਕਾਰਾਂ ਤੇ ਹੋਵੇਗੀ । ਛਪਨੇ ਨੂੰ ਦੇਰ ਕਿਤਨੀ ਕੁ ਲਗੇਗੀ ਇਹ ਗੱਲ ਆਪ ਪਾਠਕਾਂ ਤੇ ਪਾਰਖੂਆਂ ਤੇ ਭੀ ਨਿਰਭਰ ਹੈ ।। ਵਿਸ਼ੇਸ਼ਤਾ ਇਸ ਮਾਲਾ ਦੀ ਇਹ ਹੈ ਕਿ ਉਦਾਹਰਣਾਂ ਦੇ ਸਥਲ (References to Contents) ਭੀ ਦੇ ਦਿੱਤੇ ਗਏ ਹਨ, ਜਿਸ ਕਰਕੇ ਅਲੰਕਾਰ ਸਮਝਨਾ ਸੌਖਾ ਹੋ ਗਯਾ ਹੈ । ਇਹ ਚੀਜ਼, ਜਿਥੇ ਤਾਈਂ ਅਸਾਂ ਨੂੰ ਗਿਆਤ ਹੈ, ਚਾਲੂ ਹਿੰਦੀ ਅਲੰਕਾਰ ਪੁਸਤਕਾਂ 'ਚ ਭੀ ਨਹੀਂ ਮਿਲਦੀ । ਦੂਜੀ ਖੂਬੀ ਇਹ ਹੈ ਕਿ ਹਿੰਦੀ ਭਾਸ਼ਾ ਦੇ ਉਦਾਹਰਣ ਤਾਂ ਲਗ ਭਗ ਹਰ ਇੱਕ ਅਲੰਕਾਰ 'ਚ ਮਿਲਨਗੇ ਹੀ
ਜਿਹੜੇ ਆਪਨੀ ਟਹਕ ਦੇ ਨਾਲ ਨਾਲ ਪੰਜਾਬੀ ਛੰਦਾਂ ਨੂੰ ਪਰਖਨ ਤਾਈਂ ਕਸਉਟੀ ਦਾ ਕੰਮ ਭੀ ਦੇਨਗੇ, ਕਿਤੇ ਕਿਤੇ ਉਰਦੂ ਦੇ ਤੇ ਫਾਰਸੀ ਦੇ ਨਮੂਨੇ ਭੀ ਦਿਤੇ ਗਏ ਹਨ, ਕੋਈ ਨਾ ਕੋਈ ਨਮੂਨਾ ਅੰਗ੍ਰੇਜ਼ੀ ਦਾ ਭੀ ਮਿਲੂਗਾ ਸੋ ਜਿਨ੍ਹਾਂ ਸਜਨਾਂ ਨੂੰ ਇਸ ਵਿਸ਼ੈ-ਅਲੰਕਾਰ (ਸਨਅਤ)—ਵਲੋਂ ਉੱਕੀ ਉਦਾਸੀਨਤਾ ਹੈ ਉਨ੍ਹਾਂ ਨੂੰ ਪਤਾ ਲਗ ਜਾਵੇਗਾ ਕਿ ਸਾਰੀਆਂ ਭਾਸ਼ਾਆਂ ਦੇ ਵਿਦਵਾਣਾਂ ਨੇ ਸਾਹਿਤ ਵਿੱਚ ਇਨ੍ਹਾਂ ਦਾ ਥਾਉਂ ਮਨਿਆ ਹੈ । ਤੇ ਜਿਹੜੇ ਭਾਈਆਂ ਨੂੰ ਪੰਜਾਬੀ ਛੁਟ ਹੋਰ ਉਦਾਹਰਣ ਨਹੀਂ ਸੁਖਾਉਂਦੇ ਉਹ ਅਨਰੁਚਦਿਆਂ ਛੰਦਾਂ ਨੂੰ ਛਡ ਕੇ ਨਿਰੋਲ ਪੰਜਾਬੀ ਛੰਦਾਂ ਦਾ ਚਾਖਾ ਕਰ ਲੈਨ ॥
ਖਿਮਾ ਜਾਚਨਾ
ਆਪਨੇ ਰਾਮ ਕਿਸੇ ਭੀ ਭਾਸ਼ਾ ਦੇ ਪੰਡਿਤ ਯਾ ਗਿਆਨੀ ਨਹੀਂ ਹੈਂ, ਨਾ ਹੀ ਕੋਈ ਉਪਾਧੀ ਧਾਰੀ ਹੈਂ ॥ ਸ਼ਕੁੰਤਲਾ ਨਾਟਕ 'ਚ ਆਇਆ ਹੈ ਕਿ ਜਿਸ ਵੇਲੇ ਉਹ ਆਪਨੇ ਪਤਿ ਦੇ ਘਰ ਭੇਜੀ ਜਾਨੇ ਲਗੀ ਤਾਂ ਬਣ ਦੇਵੀਆਂ ਭਾਂਤਿ ੨ ਦੇ ਗਹਿਣੇ ਤੇ ਕਪੜੇ ਦੇ ਗਈਆਂ । ਕਣਵ ਮੁਨਿ ਦੇ ਪੁਛਨੇ ਪਰ ਕਿ ਸ਼ਕੁੰਤਲਾ ਨੂੰ ਗਹਣੇ ਤੇ ਕਪੜੇ ਪਹਨਾ ਦਿਤੇ ਗਯੇ ? ਲੜਕੀਆਂ ਨੇ ਆਖਿਆ ਕਿ ਅਸਾਂ ਬਣਾਂ' ਚ ਰਹਨੇ ਵਾਲੀਆਂ ਇਨ੍ਹਾਂ ਭੂਸ਼ਣਾਂ ਨੂੰ ਜਾਨਦੀਆਂ ਤਾਂ ਨਹੀਂ, ਪਰੰਤੂ ਚਿਤ੍ਰਾਂ ਨੂੰ ਦੇਖ ਦੇਖ ਕੇ ਪਹਨਾ ਦਿਤੇ । ਸੋ ਆਪਨੇ ਰਾਮ ਨੇ ਭੀ ਹਿੰਦੀ ਭਾਸ਼ਾ ਦੇ ਅਲੰਕਾਰ ਗ੍ਰੰਥਾਂ ਦੇ ਲਕਸ਼ਣ ਤੇ ਉਦਾਹਰਣ ਸਾਮਨੇ ਰਖ ਕੇ ਪੰਜਾਬੀ ਦੇ ਉਜੇਹੇ ਛੰਦਾਂ ਦਾ ਸੰਗ੍ਰਹ ਕਰ ਛਡਿਆ ਹੈ । ਜਿਥੇ ਕਿਤੇ ਭੁਲ ਚੁਕ ਹੋਵੇ ਗੁਣੀ ਗਿਆਨੀ, ਅਸਾਂ ਨੂੰ ਉਨ੍ਹਾਂ ਲਈ ਖਿਮਾ ਕਰਨ ਤੇ ਆਪ ਸੋਧ ਕੇ ਪਾਠ ਦਾ ਆਨੰਦ ਲੈ ਲੈਨ । ਇਹ ਹੋਰ ਭੀ ਕਿਰਤਗਤਾ ਹੋਵੇਗੀ ਜੇ ਉਜੇਹੀਆਂ ਭੁੱਲਾਂ ਚੂਕਾਂ ਦਾ ਪਤਾ ਸੰਪਾਦਕ ਨੂੰ ਭੀ ਦੇ ਦਿੱਤਾ ਜਾਵੇ, ਤਾਕਿ ਅਗਾਹਾਂ ਨੂੰ ਯਥਾ ਸੰਭਵ ਉਹ ਠੀਕ ਹੋ ਸਕਨ ॥
ਲਿਖਾਉਟ :- ਆਪਨੇ ਰਾਮ ਨੂੰ ਗੁਰਮੁਖੀ ਲਿਖਾਉਟ ਦਾ ਅਭਿਆਸ ਨਹੀਂ । ਸੋ ਇਸ ਲਿਖਾਈ 'ਚ ਕੁਛ ਖਿਚੜ ਮਿਚੜ ਜਿਹਾ ਹੀ ਹੈ । ਅਸਾਂ ਸਮਝਦੇ ਹਾਂ ਕਿ ਲਿਖਾਈ ਤਾਂ ਇੱਕ ਪੱਤਲ ਹੈ, ਸੋ ਪਾਠਕ ਸੱਜਨ ਪੱਤਲ ਯਾ ਡੂਨੇ ਦਾ ਖਿਆਲ ਨਾ ਕਰਕੇ ਉਸ ਵਿੱਚ ਪਰੋਸੇ ਗਏ ਪਾਕ (ਪਕਵਾਨ) ਦਾ ਈ ਸੁਆਦ ਚਖਨੇ ਦੀ ਕਿਰਪਾ ਕਰਨ ।। ਓਂ ਤਾਂ ਇਸੇ ਨਮੂਨੇ ਦੀ ਲਿਖਾਈ ਕਈ ਪੁਰਾਨੀਆਂ ਪੋਥੀਆਂ 'ਚ ਭੀ ਮਿਲਦੀ ਹੈ ॥
ਉੱਦੇਸ਼:- ਇਸ ਪਰਿਸ਼੍ਰਮ ’ਚ ਹੈ, ਸਾਹਿੱਤ ਸੇਵਾ ਤੇ ਰਿਖੀ ਰਿਣ ਦੇ ਨਿਬੇੜੇ । ਇਓਂ ਭੀ ਕਹਿਆ ਗਿਆ ਹੈ :—
No man when he hath lighted a candle, putteth it in a secret place, neither under a bushel, but on a candle stick, that they which come in may see the light.
(st. Luke 1/3 1/3)
ਅਰਥਾਤ :-ਕੋਈ ਆਦਮੀ, ਜਦੋਂ ਉਹ ਮੋਮ ਬੱਤੀ ਜਗਾਉਂਦਾ ਹੈ, ਉਸ ਨੂੰ ਕਿਸੇ ਲੁਕਵੇਂ ਛਿਪਵੇਂ ਥਾਉਂ ਨਹੀਂ ਧਰਦਾ ਤੇ ਨਾਂ ਹੀ ਕਿਸੇ ਬੁਸ਼ਲ (ਕਾਠ ਦੇ ਬਨੇ ਪੀਪੇ) ਦੇ ਟੇਠ ਰਖਦਾ ਹੈ, ਪਰੰਤੂ ਦੀਵਟ ਉੱਤੇ ਖਡੀ ਕਰਦਾ ਹੈ, ਤਾਂ ਕਿ ਜਿਹੜੇ ਕੋਈ ਉਥੇ ਅੰਦਰ ਆਵਨ ਉਹ ਚਾਨਣਾ ਦੇਖਨ ।
ਸੰਤ ਲੀਯੂਕ 1/3 1/3
ਸੰਪਾਦਕ
卐 ਸਤਿ ਨਾਮ 卐
ਯਾ ਦੇਵੀ ਸਤੂਯਤੇ ਨਿਤਯਮ ਬ੍ਰਹਮੇਂਦ੍ਰ ਸੁਰਮਾਨਵਈ
ਸਾ ਮੇ ਵਾਸਤੁ ਜੀਹਬਾਗ੍ਰੇ ਪਦਮ ਹਸਤਾ ਸਰਸ੍ਵਤੀ ॥
ਅਥ ਵਿਸ਼ੈ ਪ੍ਰਾਰੰਭਾ
ਕਿਸੇ ਭੀ ਭਾਸ਼ਾ ਨੂੰ ਲਿਆ ਜਾਵੇ, ਉਸ ਦੇ ਪੰਡਿਤਾਂ ਤੇ ਆਚਾਰਯਾਂ ਨੇ ਉਸ ਨੂੰ ਸੁੰਦਰ, ਚਮਕਦਾਰ ਤੇ ਚਮਤਕਾਰਯੁਕਤ ਅਤੇ ਰਸਭਰੀ ਬਣਾਉਨ ਦੇ ਯਤਨ ਕੀਤੇ ਹਨ। ਉਸ ਚਮਤਕਾਰ ਨੂੰ ਜੋ ਕਿਸੇ ਕਥਨ ਵਿੱਚ ਪਾਇਆ ਜਾਂਦਾ ਹੈ, ਸਾਹਿਤ ਵਿੱਚ ਅਲੰਕਾਰ ਆਖਦੇ ਹਨ । ਉਹ ਭੂਸ਼ਨ ਭੀ ਆਖਿਆ ਜਾਂਦਾ ਹੈ । ਫ਼ਾਰਸੀ ਅਤੇ ਉਰਦੂ ਵਾਲੇ ਉਸ ਨੂੰ ਸਨਅਤ ਕਹਿੰਦੇ ਹਨ। ਸਨਅਤ ਦੇ ਅਰਥ ਹਨ ਕਲਾ-ਕਾਰੀ ।
ਅਲੰਕਾਰਾਂ ਦੇ ਭੇਦ
ਅਲੰਕਾਰਾਂ ਦੇ ਮੂਲ ਵਿੱਚ ਦੋ ਭੇਦ ਹਨ; ਫੇਰ ਅੱਗੇ ਉਨ੍ਹਾਂ ਭੇਦਾਂ ਦੇ ਹੋਰ ੨ ਪ੍ਰਕਾਰ ਹਨ । ਮੂਲ ਭੇਦਾਂ ਦੇ ਨਾਲ ਇੱਕ ਤੀਜਾ ਮਿਸਾ ਭੇਦ ਭੀ ਬਨ ਗਿਆ ਹੈ ।
ਮੂਲ ਭੇਦ ਇਹ ਹਨ :-
੧. ਸ਼ਬਦਾਲੰਕਾਰ : — ਉਹ ਚਮਤਕਾਰ ਜਿਹੜਾ ਕਿਸੀ ਸ਼ਬਦ ਵਿੱਚ ਪਾਇਆ ਜਾਵੇ ।
੨. ਅਰਥਾਲੰਕਾਰ :- ਅਰਥਾਂ ਵਿੱਚ ਪਾਇਆ ਜਾਨੇ ਵਾਲਾ ਚਮਤਕਾਰ ।
੩. ਉਭਯਾਲੰਕਾਰ :—ਉਭੈ ਦੇ ਅਰਥ ਹਨ ਦੋਨੋਂ । ਸੋ ਜਿਸ ਵਾਕ ਵਿੱਚ ਸ਼ਬਦਾਲੰਕਾਰ ਅਤੇ ਅਰਥਾਲੰਕਾਰ ਦੋਨੋਂ ਹੀ ਹੋਵਨ, ਉਸ ਜਗਹ ਉਭੈ ਅਲੰਕਾਰ ਆਖਿਆ ਜਾਂਦਾ ਹੈ ।
ਅਰਥ ਸ਼ਕਤੀ
ਅਲੰਕਾਰਾਂ ਵਿੱਚ ਪ੍ਰਵੇਸ਼ ਕਰਨੇ ਤੋਂ ਪਹਿਲਾਂ ਇਹ ਜਾਨਣਾ ਆਵੱਸ਼ਕ ਹੈ ਕਿ ਉਹ ਸੱਤਾ ਜਿਹੜੀ ਸ਼ਬਦਾਂ ਦੇ ਅਰਥ ਸੁਝਾਉਂਦੀ ਹੈ ਸਾਹਿੱਤ ਵਿੱਚ ਸ਼ਕਤੀ ਆਖੀ ਜਾਂਦੀ ਹੈ । ਇਹ ਤਿੰਨ ਪ੍ਰਕਾਰ ਦੀ ਹੈ।
੧. ਅਭਿਦਾ - ਕਿਸੇ ਸ਼ਬਦ ਦਾ ਅਥਵਾ ਕਿਸੇ ਵਾਕ ਦਾ ਸਿੱਧਾ ਸਾਦਾ ਅਰਥ ਦੱਸਨ ਵਾਲੀ ਸ਼ਕਤੀ ਨੂੰ ਅਭਿਦਾ ਕਿਹਾ ਜਾਂਦਾ ਹੈ । ਅਤੇ ਉਹ ਅਰਥ ਸ਼ਬਦਾਰਥ ਨਾਂਉ ਧਰਾਉਂਦਾ ਹੈ ।
ਉਦਾਹਰਣ :-
(ਓ) ਵਿਦਿਆਰਥੀ ਪੜ੍ਹ ਰਹੇ ਹਨ । ਇਸ ਵਾਕ ਦਾ ਤਾਤਪਰਯ ਹੈ, ਕਿ ਉਹ ਆਪਣੀਆਂ ੨ ਪੋਥੀਆਂ ਖੋਲੀ ਬੈਠੇ ਤੇ ਪਾਠ ਰਟ ਰਹੇ ਹਨ ।
(ਅ) ਖੇਤ ਵਿੱਚ ਡੰਗਰ ਘੁਸੇ ਹੋਏ ਦੇਖ ਕਰਕੇ ਕਾਮੇ ਨੂੰ ਆਖਿਆ, "ਜਾਹ ਔਹ ਡੰਗਰ ਕਢਿ ਆਉ। ਤਾਤਪਰਯ ਸਪਸ਼ਟ ਹੈ; ਖੇਤ ਵਿੱਚੋਂ ਡੰਗਰ ਬਾਹਿਰ ਕਰ ਦੇਨਾ । ਇਹ ਅਭਿਦਾ ਸ਼ਕਤੀ ਹੋਈ ।
ਲਕਸ਼ਣਾ - ਕਿਸੇ ਸ਼ਬਦ ਯਾ ਵਾਕ ਦਾ ਸਿਧਾ ਸਾਦਾ ਅਰਥ ਨਾਂ ਕਰਦੇ ਹੋਏ ਪ੍ਰਯੋਗ ਦੀ ਰੂਹੜੀ ਦੇ ਅਨੁਸਾਰ (ਜਿਸ ਪ੍ਰਕਾਰ ਲੀਹ