ਮੁਖੜੇ ਹੀ ਨਹੀਂ ਕਈ ਵਾਹ ਕਵਿਤਾਵਾਂ ਦੀਆਂ ਅੰਦਰਲੀਆਂ ਪੰਗਤੀਆਂ ਵੀ ਮੈਂ ਬਣੀਆਂ-ਬਣਾਤੀਆਂ ਵਰਤ ਲੈਂਦਾ ਹਾਂ। ਮੈਨੂੰ ਲਗਦਾ ਹੈ ਕਿ ਮੇਰਾ ਬਚਪਨ ਅਜੇ ਵੀ ਮੇਰੇ ਅੰਗ-ਸੰਗ ਤੁਰਿਆ ਜਾ ਰਿਹਾ ਹੈ। ਜਿਵੇਂ ਬੱਚੇ ਪਾਸ ਆਲੇ-ਦੁਆਲੇ ਵਿਚੋਂ ਪ੍ਰਵਚਨ ਪਹੁੰਚਦੇ ਹਨ ਤੇ ਉਹ ਉਹਨਾਂ ਨੂੰ ਆਪਣਾ ਬਣਾ ਕੇ ਬੋਲਣ ਲਗ ਪੈਂਦਾ ਹੈ, ਇਸੇ ਤਰ੍ਹਾਂ ਆਲੇ-ਦੁਆਲੇ ਵਿਚੋਂ ਪ੍ਰਵਚਨ, ਮੇਰੀ ਵਡੇਰੀ ਉਮਰ ਵਿਚ ਵੀ, ਮੇਰੇ ਤਕ ਪਹੁੰਚਦੇ ਹਨ ਤੇ ਮਨੋਵਾਸ ਹੋ ਕੇ ਕਵਿਤਾ ਬਣ ਜਾਂਦੇ ਹਨ। ਕਿਸੇ ਵੀ ਸਭਿਆਚਾਰ ਵਿਚ ਕਾਵਿ ਦਾ ਮਹਾਂ ਪ੍ਰਵਚਨ ਦਰਿਆ ਵਾਂਗ ਹਮੇਸ਼ਾ ਵਗਦਾ ਰਹਿੰਦਾ ਹੈ ਤੇ ਕਵੀ ਉਸ ਵਿਚੋਂ 'ਚਿੜੀ ਚੋਂਚ ਭਰ ਲੈ ਗਈ' ਵਾਂਗ ਰਤਾ ਮਾਸਾ ਪੀਂਦੇ ਪਿਲਾਉਂਦੇ ਹਨ... ਕਾਵਿ ਦੇ ਤੱਤ ਸਭਿਆਚਾਰ ਦੇ ਅੰਦਰ ਹੀ ਮੌਜੂਦ ਹੁੰਦੇ ਹਨ, ਕਿਸੇ ਕਵੀ ਦੇ ਜਨਮ ਲੈਣ ਤੋਂ ਪਹਿਲਾਂ । ਪਾਣੀ ਦੇ ਦਰਿਆ ਅਤੇ ਪ੍ਰਵਚਨ ਦੇ ਦਰਿਆ ਵਿਚ ਫ਼ਰਕ ਏਨਾ ਹੀ ਹੈ ਕਿ ਕਾਵਿ-ਪ੍ਰਵਚਨ ਨਿੱਕੀਆਂ-ਵੱਡੀਆਂ ਕਈ ਧਾਰਾਂ ਦੇ ਰੂਪ ਵਿਚ ਜਣੇ-ਖਣੇ ਦੇ ਮਨਾਂ ਵਿਚ ਵਗਦੇ ਹਨ ਅਤੇ ਉਹਨਾਂ ਦੀ ਮਿੱਟੀ ਵਿਚ ਰੰਗੀਜ ਕੇ ਬਾਹਰ ਪ੍ਰਗਟ ਹੁੰਦੇ ਹਨ। ਪ੍ਰਵਚਨ ਸਾਂਝੇ ਹਨ. ਭਾਵੇਂ ਉਹਨਾਂ ਦੇ ਪ੍ਰਗਟਾਵੇ ਵਖੋ ਵਖਰੇ ਹਨ।"
(ਮੇਰੀ ਕਾਵਿ-ਯਾਤਰਾ, ਪੰਨੇ 14-15)
ਹਰਿਭਜਨ ਸਿੰਘ ਇਸ ਗੱਲੋਂ ਸੁਚੇਤ ਹੈ ਕਿ ਸਾਹਿਤਕਾਰ ਦੀ ਸਮਗਰੀ ਉਸਦੇ ਅਨੁਭਵ, ਯੁੱਗ-ਚੇਤਨਾ ਅਤੇ ਪ੍ਰਾਪਤ ਸ਼ਬਦ-ਸਭਿਆਚਾਰ ਤੇ ਸਾਹਿਤਕ ਰਵਾਇਤਾਂ ਵਿਚੋਂ ਹੀ ਆਉਂਦੀ ਹੈ। ਸਾਹਿਤਕਾਰ ਜੋ ਕੁਝ ਰਚਦਾ ਹੈ ਉਸਦੇ ਸੱਖਣੇ-ਰੂਪ ਸਾਹਿਤਕ ਪਰੰਪਰਾ ਵਿਚ ਪਹਿਲਾਂ ਹੀ ਮੌਜੂਦ ਹੁੰਦੇ ਹਨ। ਲੇਖਕ ਆਪਣੀ ਸਾਹਿਤ-ਸਭਿਆਚਾਰਕ ਪਰੰਪਰਾ ਦਾ ਬੌਧਿਕ ਵਾਰਸ ਵੀ ਹੁੰਦਾ ਹੈ ਅਤੇ ਬੁੱਤ-ਸ਼ਿਕਨ ਵੀ। ਉਹ ਆਪਣੀ ਸਾਹਿਤਕ ਪਰੰਪਰਾ ਤੋਂ ਪ੍ਰੇਰਨਾ ਵੀ ਲੈਂਦਾ ਹੈ ਅਤੇ ਉਸਨੂੰ ਨਵਾਂ ਸੰਦਰਭ ਬਖ਼ਸ਼ ਕੇ ਗਤੀਮਾਨ ਵੀ ਕਰਦਾ ਹੈ। ਹਰਿਭਜਨ ਸਿੰਘ ਵੀ ਆਪਣੇ ਸ਼ਾਇਰ-ਆਪੇ ਨੂੰ ਬੀਤ ਚੁੱਕੇ ਸ਼ਾਇਰਾਂ (ਕਬੀਰ ਅਤੇ ਬੁੱਲ੍ਹੇ ਸ਼ਾਹ) ਦੀ ਰਵਾਇਤ ਦਾ ਰਾਖਾ ਕਹਿੰਦਾ ਹੈ, ਜੋ ਆਪਣੀ ਪਰੰਪਰਾ ਦਾ ਮਨਨ ਕਰਦਾ ਹੋਇਆ ਉਸਦੇ ਅੰਦਰੋਂ ਹੀ ਅਜੋਕੇ ਯੁੱਗ ਲਈ ਸਾਰਥਕ ਮਾਨਵੀ ਮੁੱਲਾਂ ਦੀ ਤਲਾਸ਼ ਕਰਦਾ ਹੈ। ਉਹ ਬੁੱਲ੍ਹੇ ਸ਼ਾਹ ਅਤੇ ਕਬੀਰ ਨਾਲ ਤਦਰੂਪਤਾ ਸਥਾਪਤ ਕਰਕੇ ਆਪਣੀ ਜੀਵਨ-ਜਾਚ ਲਈ ਮਾਡਲ ਵੀ ਆਪਣੀ ਪਰੰਪਰਾ ਵਿਚੋਂ ਹੀ ਤਲਾਸ਼ ਕਰਦਾ ਹੈ। ਕਿਤੇ ਉਹ ਸਾਧ-ਭਾਖਾ ਵਿਚ ਕਬੀਰੀ-ਸ਼ੈਲੀ ਵਿਚ ਕਵਿਤਾ ਰਚਦਾ ਹੈ ਅਤੇ ਕਦੇ ਬੁੱਲ੍ਹੇ ਸ਼ਾਹ ਵਾਂਗ ਮਸੀਹੀ ਅੰਦਾਜ਼ ਅਪਣਾਉਂਦਾ ਹੈ। ਪਰੰਪਰਾ ਦੇ ਉਹਦੇ ਲਈ ਦੋ ਦਰਵਾਜ਼ੇ ਹਨ- 'ਇਕ ਭਿੜਿਆ, ਇੱਕ ਖੁਲ੍ਹਾ' । ਬੀਤ ਚੁਕੇ ਮੁੱਲਾਂ ਦੀ ਸੰਵਾਹਕ ਹੋਣ ਕਰਕੇ ਪਰੰਪਰਾ ਭਿੜਿਆ ਬੂਹਾ (ਬੰਦ-ਸਰੰਚਨਾ) ਹੈ ਅਤੇ ਸਭਿਆਚਾਰਕ ਅਵਚੇਤਨ ਦੀ ਸੰਵਾਹਕ ਹੋਣ ਕਾਰਨ ਪਰੰਪਰਾ ਸਿਰਜਣਾ ਦਾ ਮੂਲ ਸਰੋਤ ਹੈ। ਹਰਿਭਜਨ ਸਿੰਘ ਇਸ ਗੱਲੋਂ ਵੀ ਸੁਚੇਤ ਹੈ ਕਿ ਆਪਣੇ ਅੰਦਰਲੇ ਮੱਧਯੁਗੀ ਬੁੱਲ੍ਹੇ ਨੂੰ ਤੱਜੇ (ਭੁੱਲੇ) ਬਿਨਾ ਆਧੁਨਿਕ ਬੁੱਲ੍ਹੇ ਦੀ ਪਛਾਣ ਸੰਭਵ ਨਹੀਂ: