

ਜਿਸ ਵਿਚ ਗੁੱਝੀ ਰਮਜ਼ ਨਾ ਹੋਵੇ, ਦਰਦ ਮੰਦਾਂ ਦੇ ਹਾਲੋਂ
ਬਿਹਤਰ ਚੁੱਪ ਮੁਹੰਮਦ ਬਖ਼ਸ਼ਾ। ਸੁਖ਼ਨ ਅਜੇਹੇ ਨਾਲੋਂ।
ਜੋ ਸ਼ਾਇਰ ਬੇ ਪੀਰਾ ਹੋਵੇ, ਸੁਖ਼ਨ ਉਹਦੇ ਭੀ ਰੁੱਖੇ
ਬੇ ਪੀਰੇ ਥੀਂ ਸ਼ਿਅਰ ਨ ਹੁੰਦਾ, ਅੱਗ ਬਿਨ ਧੂ ਨ ਧੁਖੇ।
ਸੁਖ਼ਨ ਭਲਾ ਜੋ ਦਰਦੇਂ ਭਰਿਆ, ਬਿਨ ਦਰਦੋਂ ਕੁਝ ਨਾਹੀਂ।
ਨੜਾ ਕੁਮਾਦਾਂ ਫ਼ਰਕ ਰੱਹੂ ਦਾ, ਕਿਆ ਕਾਨੇ ਕਿਆ ਕਾਹੀਂ।
(ਸੈਫ਼ ਮਲੂਕ)
ਮੁਹੰਮਦ ਬਖ਼ਸ਼ ਨੇ ਭਾਵ ਤੇ ਵਿਚਾਰ ਦੇ ਸੁਮੇਲ ਤੋਂ ਸੱਖਣੀ ਸ਼ਬਦ-ਘਾੜਤ ਕਰਨ ਵਾਲੇ ਕਵੀ ਨੂੰ 'ਬੇ-ਪੀਰਾ' ਕਹਿ ਕੇ ਉਸਦੀ ਰਚਨਾ ਨੂੰ ਕਵਿਤਾ ਮੰਨਣ ਤੋਂ ਇਨਕਾਰ ਕੀਤਾ ਹੈ। ਉਸਨੇ ਨੜੇ ਤੇ ਕਮਾਦ ਦੇ ਦ੍ਰਿਸ਼ਟਾਂਤ ਰਾਹੀਂ ਕਾਵਿ ਅਤੇ ਅਕਾਵਿ ਦਾ ਨਿਖੇੜਾ ਕਰ ਦਿੱਤਾ ਹੈ। ਨੜੇ ਤੇ ਗੰਨੇ ਦੀ ਬਾਹਰਲੀ ਦਿੱਖ ਦੀ ਸਾਂਝ ਦੇ ਬਾਵਜੂਦ ਅੰਦਰਲੇ ਰਸ ਤੋਂ ਬਾਂਝਾ ਹੋਣ ਕਾਰਨ ਨੜਾ ਗੰਨੇ ਵਾਲੇ ਰੁਤਬੇ ਦਾ ਧਾਰਨੀ ਨਹੀਂ। ਮਨੁੱਖੀ ਜੀਵਨ ਦੇ ਸਤਿ ਤੋਂ ਕੋਰੀ ਕਵਿਤਾ ਨੜੇ ਜਾਂ ਕਾਹ- ਕਾਹੀ ਸਮਾਨ ਹੈ। ਮੁਹੰਮਦ ਬਖ਼ਸ਼ ਨੇ ਭਾਸ਼ਾ-ਚਤਰਾਈ ਅਤੇ ਛੰਦ-ਸੁਹਜ ਨੂੰ ਹੀ ਕਵਿਤਾ ਮੰਨਣ ਵਾਲੀ ਰੂਪਵਾਦੀ ਧਾਰਨਾ ਦਾ ਖੰਡਨ ਕਰਕੇ ਕਵਿਤਾ ਦੀ ਵਸਤੂ-ਰੂਪ ਦੀ ਏਕਤਾ ਦਾ ਵਿਚਾਰ ਪੇਸ਼ ਕੀਤਾ ਹੈ
ਪੰਜਾਬੀ ਕਿੱਸਾ-ਕਾਵਿ ਵਿਚ ਕਵਿਤਾ ਨੂੰ ਸ਼ੁਧ ਸ਼ਿਲਪ-ਸਾਧਨਾ ਮੰਨਣ ਦੀ ਰੂਪਵਾਦੀ ਰੁਚੀ ਵੀ ਦ੍ਰਿਸ਼ਟੀਗੋਚਰ ਹੁੰਦੀ ਹੈ ਪਰ ਪੰਜਾਬੀ ਜਨ-ਮਾਨਸ ਵਿਚ ਵਾਰਸ, ਕਾਦਰ ਯਾਰ, ਹਾਸ਼ਮ, ਫ਼ਜ਼ਲ ਸ਼ਾਹ, ਅਤੇ ਮੁਹੰਮਦ ਬਖ਼ਸ਼ ਵਰਗੇ ਉਹੀ ਕਿੱਸਾਕਾਰ ਪ੍ਰਵਾਨ ਹੋਏ, ਜਿਨ੍ਹਾਂ ਨੇ ਕਾਵਿ-ਸਿਰਜਣਾ ਨੂੰ ਮਾਨਵ ਜੀਵਨ ਦੇ ਸਤਿ ਦੀ ਜੁਸਤਜੂ ਨਾਲ ਜੋੜ ਕੇ ਸਾਰਥਕ-ਰੂਪ ਦੀ ਵਸਤੂਵਾਦੀ ਧਾਰਨਾ ਉਪਰ ਪਹਿਰਾ ਦਿੱਤਾ। ਜਿਨ੍ਹਾਂ ਕਵੀਆਂ ਨੇ ਕਵਿਤਾ ਨੂੰ ਸਭ ਤਰ੍ਹਾਂ ਦੇ ਮਨੁੱਖੀ ਸਰੋਕਾਰਾਂ ਤੋਂ ਨਿਰਲੇਪ, ਨਿਰੋਲ ਸ਼ਿਲਪ-ਘਾੜਤ ਮੰਨ ਕੇ ਕਵਿਤਾ ਦੇ ਬਾਹਰੀ, ਰੂਪਕ ਪੱਖ: ਛੰਦ, ਅਲੰਕਾਰ ਤੇ ਭਾਸ਼ਾ-ਚਤਰਾਈ ਆਦਿ ਦੀ ਸਾਧਨਾ ਉਪਰ ਜ਼ੋਰ ਦਿੱਤਾ। ਉਹ ਅਹਿਮਦ ਯਾਰ ਵਾਂਗ ਅਣਗਿਣਤ ਕਿੱਸੇ ਲਿਖਕੇ ਵੀ ਕਵੀਆਂ ਵਿਚ ਸ਼ੁਮਾਰ ਨਹੀਂ ਹੋ ਸਕੇ ਤਾਂ ਇਸ ਦਾ ਕਾਰਨ ਇਹ ਵੀ ਹੈ ਕਿ ਪੰਜਾਬੀ ਲੋਕ-ਮਾਨਸ ਨੇ ਰੀਤੀਵਾਦੀ ਕਾਵਿ-ਚਿੰਤਨ ਨੂੰ ਪ੍ਰਵਾਨ ਨਹੀਂ ਕੀਤਾ। ਮੁਹੰਮਦ ਬਖ਼ਸ਼ ਨੇ ਸ਼ਿਅਰ-ਕਲਾ ਦੀ ਸਾਰ ਨਾ ਜਾਣਨ ਵਾਲੇ ਸ਼ਬਦ-ਸਾਧਕਾਂ ਨੂੰ 'ਡੂੰਮ ਕਹਿਕੇ ਉਨ੍ਹਾ ਤੇ ਤਨਜ਼ ਕਸੀ ਹੈ :
ਵੇਖੋ-ਵੇਖੀ ਬੈਂਤ ਬਣਾਵਣ, ਸ਼ਿਅਰੋਂ ਖ਼ਬਰ ਨਾ ਪਾਵਣ
ਏਸ ਤਰ੍ਹਾਂ ਦੇ ਸਿਫ਼ਤਾਂ ਸਿੱਠਾਂ, ਬਹੁਤੇ ਡੂਮ ਬਣਾਵਣ।
ਦਾਨਿਸ਼ਮੰਦ ਪਛਾਣ ਕਰੇਂਦੇ, ਆਮਾ ਸਾਰ ਨਾ ਕਾਈ
ਲੱਕੜਹਾਰੇ ਲੈਣ ਬਜ਼ਾਰੋਂ, ਜੋ ਸਸਤੀ ਮਠਿਆਈ। (ਸੈਫ਼ ਮਲੂਕ)