ਦੀ ਮੁਦਰਾ ਆਪਣਾ ਲੈਂਦਾ ਹੈ ਜੇ 'ਗੰਗਾ ਰਾਮ' ਕਵਿਤਾ ਵਿਚ ਉਹ ਮਨੁੱਖ ਦੀ ਆਜ਼ਾਦੀ ਦੀ ਤਾਂਘ ਨੂੰ ਸਮੂਹਕ ਮਨੁੱਖੀ ਸੰਘਰਸ਼ ਦੁਆਰਾ ਪ੍ਰਾਪਤ ਕਰਨ ਦੀ ਥਾਂ 'ਅਰਦਾਸ' ਦੀ ਅਧਿਆਤਮਕ ਜੁਗਤ ਦੁਆਰਾ ਮੁਕਤੀ ਪ੍ਰਾਪਤ ਕਰਨ ਉਪਰ ਬਲ ਦਿੰਦਾ ਹੈ ਤਾਂ 'ਫੁੰਡਿਆ ਤੋਤਾ' (ਲਹਿਰਾਂ ਦੇ ਹਾਰ) ਕਵਿਤਾ ਵਿਚ ਉਹ ਆਜ਼ਾਦੀ ਲਈ ਤਾਂਘਦੇ ਮਨੁੱਖ ਨੂੰ ਜਾਬਰਾਂ ਅਗੇ ਸਿਰ ਸੁੱਟ ਦੇਣ ਦੀ ਸਲਾਹ ਦਿੰਦਾ ਹੈ।
ਪਾ ਨਾ ਤੋਤਿਆ ਰੋਲਾ ਤੇ ਸ਼ੋਰ ਏਥੇ
ਧੌਣ ਸੁਟ ਤੇ ਧਰਾ ਸਮਾ ਵੀਰਾ।
ਸਮਕਾਲੀ ਸਮਾਜਕ ਸਰੋਕਾਰਾਂ ਪ੍ਰਤੀ ਉਦਾਸੀਨਤਾ ਉਹ ਬੁਨਿਆਦੀ ਤੱਥ ਹੈ ਜੋ ਭਾਈ ਵੀਰ ਸਿੰਘ ਦੀ ਕਾਵਿ ਦੀ ਗੁਰਬਾਣੀ ਨਾਲੋਂ ਵੱਖਰਤਾ ਨੂੰ ਸਪਸ਼ਟ ਕਰਦਾ ਹੈ। ਮੂਲ ਸੰਦਰਭ ਅਧਿਆਤਮਕ ਹੋਣ ਅਤੇ ਚੇਤਨਾ ਦੇ ਧਾਰਮਿਕ ਮੁਹਾਵਰੇ ਦੇ ਬਾਵਜੂਦ ਗੁਰਬਾਣੀ ਅਤੇ ਪੰਜਾਬੀ ਸੂਫ਼ੀ ਕਵਿਤਾ ਵਿਚ ਮਨੁੱਖ ਦੇ ਸਮਾਜਕ ਸਰੋਕਾਰਾਂ ਨੂੰ ਅਣਡਿੱਠ ਨਹੀਂ ਕੀਤਾ ਗਿਆ। ਗੁਰਬਾਣੀ ਅਤੇ ਪੰਜਾਬੀ ਸੂਫ਼ੀ ਕਵਿਤਾ ਵਿਚ ਸਾਰਾ ਬਲ ਪਰਮਾਤਮਾ ਦੇ ਮਾਨਵੀਕਰਣ ਰਾਹੀਂ ਉਸਨੂੰ ਮਨੁੱਖੀ ਜੀਵਨ ਦੇ ਨਿੱਗਰ ਸੱਚ ਵਜੋਂ ਪ੍ਰਵਾਨ ਕਰਵਾਉਣ ਉਤੇ ਹੈ। ਪਰ ਇਸ ਦੇ ਉਲਟ ਭਾਈ ਵੀਰ ਸਿੰਘ ਦੀ ਕਵਿਤਾ ਵਿਚ ਪ੍ਰਮਾਤਮਾ ਨਿੱਗਰ ਮਨੁੱਖੀ ਅਨੁਭਵ ਦਾ ਵਿਸ਼ਾ ਬਣਨ ਦੀ ਥਾਂ 'ਨਿਰਾ ਨੂਰ' ਜਾਂ 'ਅਣਡਿੱਠਾ ਰਸਦਾਤਾ' ਅਤੇ ਸੰਸਾਰ ਮਨੁੱਖੀ ਅਮਲਾਂ ਦੀ 'ਧਰਮਸਾਲ' ਬਣਨ ਦੀ ਥਾਂ 'ਵਰਜਤ-ਵਾੜੀ' ਬਣਕੇ ਰਹਿ ਜਾਂਦਾ ਹੈ। ਗੁਰਬਾਣੀ ਵਿਚ ਜਿਥੇ ਲੋਕਿਕ ਜਗਤ ਨੂੰ ਮਨੁੱਖੀ ਅਮਲਾਂ ਦੀ 'ਧਰਮਸਾਲ' ਕਹਿਕੇ 'ਹਸੰਦਿਆਂ ਖੇਡੰਦਿਆਂ ਵਿਚਿ ਹੋਇ ਮੁਕਤਿ'. ਦੀ ਧਾਰਨਾ ਅਨੁਸਾਰ ਸਭ ਰਸਾਂ-ਕਸਾਂ ਨੂੰ ਨੈਤਿਕ ਸੰਜਮ ਵਿਚ ਰਹਿੰਦਿਆਂ ਮਾਣਨ ਦੀ ਪ੍ਰਵਾਨਗੀ ਦਿੱਤੀ ਗਈ ਹੈ, ਉਥੇ ਭਾਈ ਵੀਰ ਸਿੰਘ ਦੀ ਕਵਿਤਾ ਵਿਚ ਮਨੁੱਖੀ ਅਕਾਖਿਆਵਾਂ ਦੇ ਸੰਪੂਰਨ ਦਮਨ ਦਾ ਉਪਦੇਸ਼ ਦਿੱਤਾ ਗਿਆ ਹੈ। ਗੁਰਬਾਣੀ ਦੇ ਵਿਪਰੀਤ ਜੋ ਭਾਈ ਵੀਰ ਸਿੰਘ ਦੇ ਕਾਵਿ- ਚਿੰਤਨ ਵਿਚ ਕਾਵਿ ਦਾ ਸਿਰਜਨ-ਸਰੋਤ ਨਿੱਗਰ ਮਨੁੱਖੀ ਅਨੁਭਵ ਅਤੇ ਕਾਵਿ-ਪ੍ਰਯੋਜਨ ਨੈਤਿਕ- ਸਮਾਜਕ ਜ਼ਿੰਮੇਵਾਰੀ ਨੂੰ ਨਹੀਂ ਮੰਨਿਆ ਗਿਆ ਤਾਂ ਇਸ ਦਾ ਕਾਰਣ ਉਹ ਵਿਤਰੇਕਤਾ ਵਾਦੀ ਰੁਚੀ ਹੈ ਜਿਸਦਾ ਆਧਾਰ ਗੁਰਮਤਿ ਦਰਸ਼ਨ ਨਹੀਂ, ਸਗੋਂ ਵੇਦਾਂਤ ਦਾ ਅਪਸਾਰਵਾਦੀ ਨਿਰਵਰਤੀ ਮਾਰਗ ਹੈ। ਸਮਾਜਕ ਅਪਸਾਰ ਦਾ ਇਹ ਵੇਦਾਂਤੀ ਮਾਰਗ ਉਸ ਸਮੇਂ ਦੀ ਸਿੱਖ ਬੁਰਜੁਆਜ਼ੀ ਦਾ ਵਿਚਾਰਧਾਰਕ ਹਥਿਆਰ ਸੀ, ਜਿਸ ਦੀ ਟੇਕ ਬਰਤਾਨਵੀ ਸਾਮਰਾਜ ਨਾਲ ਸੰਘਰਸ਼ ਦੀ ਥਾਂ ਸਮਝੌਤੇ ਉਪਰ ਸੀ। ਇਸੇ ਕਰਕੇ ਡਾ. ਰਵਿੰਦਰ ਸਿੰਘ ਰਵੀ ਨੇ 'ਭਾਈ ਵੀਰ ਸਿੰਘ ਨੂੰ ਉਠਦੀ ਸਿੱਖ ਬੁਰਜੁਆਜ਼ੀ ਦਾ ਵਿਚਾਰਧਾਰਕ ਬੁਲਾਰਾ ਕਿਹਾ ਹੈ ਜੋ ਗੁਰਬਾਣੀ ਦੇ ਅਸਲੇ (ਸਾਰ) ਦੀ ਥਾਂ ਉਸਦੇ ਸਰਲ ਅਰਥਾਂ ਅਤੇ ਇਨਕਲਾਬੀ ਅਮਲ ਦੀ ਥਾਂ ਕੇਵਲ ਸੰਸਥਾਗਤ ਰਹੁਰੀਤ ਦੀ ਪਾਲਣਾ ਪ੍ਰਤੀ ਰੁਚਿਤ ਸੀ।
ਬੇਸ਼ਕ ਪੂਰਬੀ ਅਤੇ ਪੱਛਮੀ ਦਾਰਸ਼ਨਿਕ, ਧਰਮ-ਸ਼ਾਸਤਰੀ ਅਤੇ ਸਾਹਿਤ-ਸਭਿਆਚਾਰਕ ਪਰੰਪਰਾਵਾਂ ਨੇ ਪੂਰਨ ਸਿੰਘ ਦੀ ਕਵਿਤਾ ਅਤੇ ਕਾਵਿ-ਸ਼ਾਸਤਰੀ ਚਿੰਤਨ ਨੂੰ ਪ੍ਰਭਾਵਿਤ ਕੀਤਾ,