ਭਾਈ ਵੀਰ ਸਿੰਘ ਦੇ ਉਲਟ ਪੂਰਨ ਸਿੰਘ ਮਨੁੱਖੀ ਦੇਹ ਦੇ ਸੱਚ ਤੋਂ ਇਨਕਾਰੀ ਨਹੀਂ। ਰਹੱਸਵਾਦੀ ਦ੍ਰਿਸ਼ਟੀ ਅਤੇ ਮੱਧਕਾਲੀ ਸ਼ੁੱਧਵਾਦੀ/ਸੱਚਵਾਦੀ ਨੈਤਿਕਤਾ ਦੇ ਪ੍ਰਭਾਵ ਕਾਰਨ ਭਾਈ ਵੀਰ ਸਿੰਘ ਮਨੁੱਖ ਦੀਆਂ ਸਭ ਸਰੀਰਕ ਅਕਾਂਖਿਆਵਾਂ ਦੇ ਦਮਨ ਉਪਰ ਜ਼ੋਰ ਦਿੰਦਾ ਹੈ। ਉਸਦੇ ਚਿੰਤਨ ਅਤੇ ਕਵਿਤਾ ਦੀ ਮੁੱਖ ਸੁਰ ਵਰਜਣਾ-ਮੁਖੀ ਹੈ. ਇਸੇ ਲਈ ਉਹ ਸੰਸਾਰ ਨੂੰ ਵਰਜਿਤ ਵਾੜੀ ਅਤੇ ਮਨੁੱਖ ਨੂੰ ਸਭ ਭਾਵੁਕ ਤੇ ਸਰੀਰਕ ਅਕਾਂਖਿਆਵਾਂ ਤੋਂ ਨਿਰਲੇਪ ਠਰੇ-ਸਰਾਪੇ ਜੁੱਸੇ ਵਜੋਂ ਪੇਸ਼ ਕਰਦਾ ਹੈ। ਪਰੰਤੂ ਪੂਰਨ ਸਿੰਘ ਨੇ ਹੀਰ ਰਾਂਝਾ', 'ਇਕ ਜੰਗਲੀ ਫੁੱਲ', 'ਪੰਜਾਬ ਦੀ ਅਹੀਰਨ ਇਕ ਗੋਹੇ ਥੱਪਦੀ', 'ਪੂਰਨ ਨਾਥ ਜੋਗੀ, ਆਦਿ ਕਵਿਤਾਵਾਂ ਵਿਚ ਮਨੁੱਖੀ ਦੇਹ ਅਤੇ ਉਸਦੀਆਂ ਸਭ ਚੇਸ਼ਟਾਵਾਂ ਦੀ ਸਹਿਜ ਸਪੂਰਤੀ ਦੀ ਗੱਲ ਕੀਤੀ ਹੈ। ਉਹ ਨਾ ਸੁੱਚਵਾਦੀ ਨੈਤਿਕਤਾ ਦੇ ਸਮਰਥਕਾਂ ਵਾਂਗ ਮਨੁੱਖ ਦੀਆਂ ਸਰੀਰਕ ਅਕਾਖਿਆਵਾਂ ਦੀ ਅਣਦੇਖੀ ਕਰਦਾ ਹੈ ਅਤੇ ਨਾ ਅਜੋਕੇ ਦੇਹਵਾਦੀ ਚਿੰਤਕਾਂ ਵਾਂਗ ਸਰੀਰਕ ਖ਼ਾਹਸ਼ਾਂ ਦੀ ਲੰਪਟ ਪੂਰਤੀ ਦਾ ਹੋਕਾ ਦਿੰਦਾ ਹੈ। ਉਸਦੀ ਕਵਿਤਾ ਵਿਚ ਮਨੁੱਖ ਦੇ ਸਰੀਰ ਅਤੇ ਆਤਮਾ ਅਤੇ ਸੰਸਾਰਕਤਾ ਤੇ ਦਿੱਬਤਾ ਨੂੰ ਇਕੋ ਜਿਹੇ ਉਮਾਹ ਨਾਲ ਸਵੀਕਾਰ ਕੀਤਾ ਗਿਆ ਹੈ। ਉਸਦੇ ਕਾਵਿ-ਪਾਤਰਾਂ ਵਿਚ ਸਰੀਰ ਤੇ ਆਤਮਾ, ਸੰਸਾਰਕ ਤੇ ਦੈਵੀ ਜਾਂ ਔਰਤ ਤੇ ਮਰਦ ਦੀ ਕੋਟੀ 'ਚ ਵੰਡੇ ਅਤੇ ਵੱਢੇ-ਟੁੱਕੇ ਮਨੁੱਖ ਦੇ ਦਰਸ਼ਨ ਨਹੀਂ ਹੁੰਦੇ, ਉਹ ਸਾਲਮ-ਸਬੂਤੇ ਮਨੁੱਖ ਨੂੰ ਉਸਦੇ ਮਨੁੱਖੀ ਜਾਮੇ 'ਚੋਂ ਡੁੱਲ੍ਹ ਡੁਲ੍ਹ ਪੈਂਦੀ ਰੂਹਾਨੀਅਤ ਸਮੇਤ ਪੇਸ਼ ਕਰਦਾ ਹੈ। ਇਸੇ ਲਈ ਤਾਂ 'ਗਾਰਗੀ' ਆਪਣੇ ਵਜੂਦ ਨੂੰ 'ਸਣਦੇਹੀ ਨਿਰੋਲ ਰੂਹ' ਕਹਿੰਦੀ ਹੈ, ਜੋ ਸਰੀਰ/ਆਤਮਾ ਜਾਂ ਤੀਮੀਂ/ਮਰਦ ਦੀ ਹਰ ਵੰਡ ਤੋਂ ਮੁਕਤ ਹੈ :
ਮੈਂ ਤਾਂ ਰੱਬ ਬਣਾਈ ਹਾਂ
ਨੰਗਾ ਚਾਨਣ ਸਾਰੇ ਰੂਪ ਦਾ।
ਮੇਰਾ ਸੁਹੱਣਪ ਨਹੀਂ ਕੈਦ ਹੈ,
ਨੱਕ ਮੂੰਹ ਤੇ ਅੱਖੀਆਂ,
ਹੱਥਾਂ ਪੈਰਾਂ ਬਾਹਾਂ ਵਿਚ
ਮੇਰਾ ਅਨੰਤ ਸੁਹੱਣਪ
ਇਨ੍ਹਾਂ ਹੱਦਾਂ ਥੀਂ ਪਾਰ ਹੈ।
ਕੋਣ ਆਖੇ ਮੈਂ ਨਿਰਾ
ਇਸਤ੍ਰੀ ਦਾ ਜਾਮਾ
ਟੁੱਟਣ ਭੱਜਣ ਵਾਲਾ ਵਾਂਗ ਕੱਚ ਦੇ ;
ਜਾਮੇ ਫਾੜੇ ਸਾਰੇ ਮੈਂ ਤੋੜੀਆਂ ਸਭ ਨੁਹਾਰਾਂ
ਮੈਂ ਤਾਂ ਨਿਰੋਲ ਰੂਹ ਹਾਂ ਸਣਦੇਹੀ,
ਮੈਂ ਹਾਂ ਹੀਰਾ ਜਿਹੜਾ ਕਦੀ ਨਾ ਟੁੱਟਦਾ...