

ਚਰਚਾ ਕਰਕੇ, ਗੁਰਮਤਿ ਦੇ ਆਸ਼ਿਆਂ ਨੂੰ ਉਘਾੜਨ ਦਾ ਯਤਨ ਕੀਤਾ ਗਿਆ ਹੈ । ਉਦਾਹਰਣ ਲਈ :
(1) ਹਾਥ ਕਮੰਡਲ ਕਾਪੜੀਆ
(2) ਮੂੰਡ ਮੁੰਡਾਇ, ਜਟਾ ਸਿਖ ਬਾਜੀ
(3) ਘੋਲੀ ਗੇਰੂ ਰੰਗ ਚੜ੍ਹਾਇਆ ।
(4) ਪੂਜਾ ਅਰਜਾ ਬੰਦਨ ਡੰਡਾਉਤ
ਘਟ ਕਰਮਾ ਰਹੁ ਰਹਤਾ।
(5) ਅੱਖੀ ਤੇ ਮੀਟਹਿ ਨਾਕ ਪਕੜਹਿ ।
ਡਰਾਣ ਕਉ ਸੰਸਾਰ ।
(6) ਘੰਗਰੂ ਬਾਂਧਿ ਭਏ ਰਾਮਦਾਸਾ, ਰੋਟੀਅਮ ਕੇ ਉਪਾਵਾ।
(7) ਅੱਖੀਂ ਤ ਮੀਟਹਿ ਨਾਕ ਪਕੜਹਿ, ਠਗਣ ਕਉ ਸੰਸਾਰ।
(8) ਰਹੇ ਬੇਬਾਣੀ, ਮੜ੍ਹੀ ਮਸਾਣੀ, ਅਲਮਲ ਖਾਈ ਸਿਰ ਛਾਈ ਪਾਈ।
ਆਦਿ ਗ੍ਰੰਥ ਬਾਰ੍ਹਵੀਂ ਸਦੀ ਤੋਂ ਸਤਾਰਵੀਂ ਸਦੀ ਤਕ ਦੇ ਭਾਰਤੀ ਸਮਾਜ ਦੀ ਇਕ ਜਿਉਂਦੀ ਜਾਗਦੀ ਤਸਵੀਰ ਹੈ, ਸ਼ਾਇਦ ਹੀ ਮਨੁੱਖੀ ਜੀਵਨ ਦਾ ਕੋਈ ਅਜਿਹਾ ਪੱਖ ਹੋਵੇ ਜਿਸ ਸੰਬੰਧੀ ਆਦਿ ਗ੍ਰੰਥ ਵਿਚ ਚਰਚਾ ਨਾ ਮਿਲਦੀ ਹੋਵੇ । ਨਾਵਾਂ ਥਾਵਾਂ ਦੇ ਵੇਰਵਿਆਂ ਨਾਲ ਵੀ ਇਹ ਗ੍ਰੰਥ ਭਰਪੂਰ ਹੈ।
ਆਦਿ ਗ੍ਰੰਥ ਦੀ ਸਾਰੀ ਰਚਨਾ, ਸ੍ਰੇਸ਼ਟਤਮ ਕਾਵਿ-ਗੁਣਾਂ, ਕਲਾਤਮਿਕ ਛੋਹਾਂ. ਭਾਸ਼ਾਈ ਵੰਨ-ਸੁਵੰਨਤਾ ਅਤੇ ਡੂੰਘੇ ਮਾਨਵੀ ਭਾਵਾਂ ਨੂੰ ਬਿਆਨ ਕਰਨ ਵਾਲੀ ਇਕ ਕਲਾਸੀਕਲ ਕਲਾ-ਕ੍ਰਿਤ ਹੈ, ਜਿਸ ਨੇ ਪੰਜਾਬੀ ਭਾਸ਼ਾ ਦੇ ਸਾਹਿੱਤ ਨੂੰ ਹਰ ਪੱਖੋਂ ਅਮੀਰ ਕੀਤਾ। ਇਸ ਦੀ ਸਿੱਖਿਆ ਕਿਸੇ ਇਕ ਜਾਤੀ ਜਾਂ ਫਿਰਕੇ ਲਈ ਨਹੀਂ, ਸਗੋਂ ਸਾਰੀ ਲੋਕਾਈ ਲਈ ਹੈ। ਗੁਰੂ ਗ੍ਰੰਥ ਸਾਹਿਬ ਦੇ ਨਿਯਮ ਨਿਰੋਲ ਸਿਧਾਂਤਕ ਜਾਂ ਦਾਰਸ਼ਨਿਕ ਨਹੀਂ, ਸਗੋਂ ਨਿੱਤ ਦੇ ਜੀਵਨ ਵਿਚ ਅਮਲੀ ਰੂਪ ਵਿਚ ਅਗਵਾਈ ਕਰਨ ਵਾਲੇ ਹਨ - ਏਸੇ ਲਈ ਇਸ ਨੂੰ - 'ਗੁਰੂ ਦੀ ਪਦਵੀ ਦੇ ਕੇ ਸਤਿਕਾਰਿਆ ਜਾਂਦਾ ਹੈ ।
(ੲ) ਭਾਈ ਗੁਰਦਾਸ ਤੇ ਹੋਰ ਭਗਤ ਕਵੀ
ਭਾਈ ਗੁਰਦਾਸ (1543-1637) : ਭਾਈ ਗੁਰਦਾਸ ਦਾ ਜਨਮ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਆਪ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ । ਬਾਲਪਨ ਤੋਂ ਹੀ ਗੁਰੂ ਘਰ ਨਾਲ ਆਪ ਦਾ ਨਿਕਟ ਸੰਬੰਧ ਸੀ । ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਸਮਕਾਲੀ ਤੇ ਨਿਕਟਵਰਤੀ ਹੋਣ ਕਰਕੇ ਗੁਰਮਤਿ ਦੇ ਸਭ ਪੱਖਾਂ ਤੋਂ ਆਪ ਕੇਵਲ ਭਲੀ ਪ੍ਰਕਾਰ ਜਾਣੂੰ ਹੀ ਨਹੀਂ ਸਨ, ਸਗੋਂ ਆਪਣੇ ਵੇਲੇ ਦੇ ਸਭ ਤੋਂ ਵੱਡੇ ਵਿਆਖਿਆਕਾਰ ਵੀ ਸਨ । ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਪਹਿਲੀ ਬੀੜ ਆਪ ਦੇ ਹੱਥੀਂ ਲਿਖਵਾਈ, ਜਿਸ ਕਰਕੇ ਆਪ ਨੂੰ ਸਾਰੀ ਬਾਣੀ ਨੂੰ ਵਿਚਾਰਨ, ਉਸ ਨੂੰ ਟਕਸਾਲੀ ਰੂਪ ਦੇਣ, ਵਿਆਕਰਣਕ ਨੇਮਾਂ ਅਨੁਸਾਰ ਢਾਲਣ ਤੇ ਲਿੱਪੀ-ਬੱਧ ਕਰਨ ਦਾ ਅਵਸਰ ਪ੍ਰਾਪਤ ਹੋਇਆ, ਜਿਸ ਨਾਲ ਆਪ ਦੀ ਪ੍ਰਤਿਭਾ ਦਾ ਬਹੁ-ਪੱਖੀ ਵਿਕਾਸ ਹੋਇਆ।
ਭਾਈ ਗੁਰਦਾਸ ਨੇ ਪੰਜਾਬੀ ਵਿਚ ਸਭ ਤੋਂ ਵੱਧ, ਅਰਥਾਤ 39 ਵਾਰਾਂ ਸ਼ੁੱਧ ਪੰਜਾਬੀ ਵਿਚ ਲਿਖੀਆਂ ਅਤੇ 600 ਤੋਂ ਉੱਪਰ ਕਬਿੱਤ ਤੇ ਸਵੱਯੇ ਬ੍ਰਜ ਭਾਸ਼ਾ ਵਿਚ ਲਿਖੇ । ਰਵਾਇਤ ਪ੍ਰਚਲਿਤ ਹੈ ਕਿ ਆਪ ਦੀ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਨ ਲਈ ਜਦ ਗੁਰੂ ਅਰਜਨ ਦੇਵ ਜੀ ਨੇ ਆਖਿਆ ਤਾਂ ਆਪ ਨੇ ਬੜੀ ਨਿਰਮਾਣਤਾ ਨਾਲ, ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਮੇਰੀ ਰਚਨਾ ਗੁਰਬਾਣੀ ਦੇ ਤੁਲ ਨਹੀਂ । ਇਸ ਤੇ ਗੁਰੂ ਜੀ ਨੇ ਆਪ ਦੀ ਰਚਨਾ ਨੂੰ 'ਗੁਰੂ ਗ੍ਰੰਥ ਸਾਹਿਬਸ ਦੀ ਕੁੰਜੀ' ਕਹਿ ਕੇ ਸਨਮਾਨਿਆ, ਕਿਉਂਜੋ ਇਸ ਵਿਚ ਗੁਰਬਾਣੀ ਦੇ ਆਸ਼ਿਆਂ ਦੀ ਵਿਸਥਾਰ-ਪੂਰਵਕ ਵਿਆਖਿਆ ਤੇ ਗੁਰਮਤਿ ਦੇ ਫਲਸਫੇ ਨੂੰ ਦਲੀਲਾਂ ਤੇ ਉਦਾਹਰਣਾਂ ਦੇ ਨਾਲ ਸਪੱਸ਼ਟ ਕੀਤਾ ਗਿਆ ਹੈ।