

ਭਾਈ ਗੁਰਦਾਸ ਆਪਣੇ ਸਮੇਂ ਦੇ ਉੱਘੇ ਵਿਦਵਾਨ, ਨਿਪੁੰਨ ਕਵੀ, ਭਾਰਤੀ ਧਰਮ ਦਰਸਨ ਦੇ ਸਰਬ ਪੱਖੀ ਗਿਆਤਾ, ਵਿਸ਼ਾਲ ਤਜ਼ਰਬੇ ਦੇ ਮਾਲਕ, ਗੁਰੂ ਤੇ ਗੁਰਮਤਿ ਵਿਚ ਅਟੁੱਟ ਸ਼ਰਧਾ ਦੇ ਧਾਰਨੀ ਇਕ ਸਰੇਸ਼ਟ ਉਤੌਮ ਤੇ ਨਿਰਮਲ ਸ਼ਖ਼ਸ਼ੀਅਤ ਵਾਲੇ ਮਨੁੱਖ ਸਨ । ਆਪ ਦੀ ਕਾਵਿਕ ਪਰਪੱਕਤਾ ਤੇ ਬੌਧਿਕ ਨਿਪੁੰਨਤਾ ਦੇ ਚਮਤਕਾਰ ਸਮੁੱਚੀ ਰਚਨਾ ਵਿਚੋਂ ਵੇਖੇ ਜਾ ਸਕਦੇ ਹਨ. ਜਿਸ ਕਰਕੇ ਇਸ ਨੂੰ ਬਿਨਾਂ ਝਿਜਕ ਦੇ ਉਤਕ੍ਰਿਸ਼ਟ (ਕਲਾਸੀਕਲ) ਸਾਹਿੱਤ ਵਿਚ ਦਰਜਾ ਦਿੱਤਾ ਜਾ ਸਕਦਾ ਹੈ।
ਭਾਈ ਸਾਹਿਬ ਨੇ ਪੰਜਾਬ ਤੋਂ ਬਾਹਰ ਰਹਿੰਦੇ ਗੁਰ-ਸਿੱਖਾਂ ਲਈ ਬ੍ਰਜੀ ਵਿਚ ਕਬਿੱਤ ਤੇ ਸਵੱਯੇ ਲਿਖੇ, ਜਿਸ ਸਮੇਂ ਗੁਰੂ ਸਾਹਿਬ ਵਲੋਂ ਆਪ ਨੂੰ ਆਗਰਾ ਕੇਂਦਰ ਵਿਚ ਸਿੱਖੀ ਦਾ ਪ੍ਰਚਾਰ ਕਰਨ ਲਈ ਭੇਜਿਆ ਗਿਆ । ਭਾਈ ਗੁਰਦਾਸ ਦੀ ਦੇਖਾ-ਦੇਖੀ ਬਹੁਤ ਸਾਰੇ ਹੋਰ ਵਿਦਵਾਨ ਵੀ ਬ੍ਰਜੀ ਵਿਚ ਆਪਣੀ ਰਚਨਾ ਕਰਨ ਲਗੇ ਤੇ ਸਮਾਂ ਪਾ ਕੇ ਇਹ ਰੁਚੀ ਇਸ ਹੱਦ ਤਕ ਵਧੀ ਕਿ ਆਉਣ ਵਾਲੇ ਲਗਭਗ ਤਿੰਨ ਸੌ ਸਾਲਾਂ ਤਕ ਹਿੰਦੂ ਸਿੱਖ ਵਿਦਵਾਨਾਂ ਦੀ ਮੁੱਖ ਸਾਹਿੱਤਕ ਭਾਸ਼ਾ ਬ੍ਰਜੀ ਹੀ ਬਣ ਗਈ । ਭਾਈ ਵੀਰ ਸਿੰਘ ਨਾਲ ਮੁੜ ਸ਼ੁੱਧ ਪੰਜਾਬੀ ਦਾ ਰਿਵਾਜ ਪਿਆ, ਜਿਨ੍ਹਾਂ ਨੇ ਸਾਹਿੱਤਕ ਸਿਰਜਣਾ ਲਈ ਮਾਤ ਭਾਸ਼ਾ ਨੂੰ ਪਹਿਲ ਦੇ ਕੇ ਆਉਣ ਵਾਲੇ ਸਭ ਸਾਹਿੱਤਕਾਰਾਂ ਨੂੰ ਬ੍ਰਜੀ ਪ੍ਰਭਾਵ ਤੋਂ ਮੁਕਤ ਕੀਤਾ ।
ਭਾਈ ਗੁਰਦਾਸ ਦੁਆਰਾ ਰਚੀਆਂ ਗਈਆਂ 39 ਵਾਰਾਂ ਦੀ ਬੋਲੀ ਸ਼ੁੱਧ ਪੰਜਾਬੀ ਹੈ, ਜਿਹੜੀ ਸਾਡੀ ਅੱਜ ਦੀ ਭਾਸ਼ਾ ਦੇ ਬਹੁਤ ਨੇੜੇ ਹੈ। ਕਈ ਵਿਦਵਾਨ ਭਾਈ ਗੁਰਦਾਸ ਦੁਆਰਾ ਰਚੀਆਂ ਵਾਰਾਂ ਦੀ ਗਿਣਤੀ 41 ਦੱਸਦੇ ਹਨ, ਪਰ 40ਵੀਂ ਤੇ 41ਵੀਂ ਵਾਰ ਦੀ ਅੰਦਰਲੀ ਗਵਾਹੀ ਤੇ ਖੋਜ ਦੁਆਰਾ ਸਿੱਧ ਹੋ ਚੁੱਕਾ ਹੈ ਕਿ ਇਹ ਦੂਜੇ ਗੁਰਦਾਸ ਦੀਆਂ ਹਨ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਸੇਵਕ ਸੀ । 41ਵੀਂ ਵਾਰ ਦੀਆਂ ਹੇਠ ਲਿਖੀਆਂ ਤੁਕਾਂ ਉਪਰੋਕਤ ਕਥਨ ਦੀ ਪੁਸ਼ਟੀ ਕਰਦੀਆਂ ਹਨ :
ਪੀਓ ਪਹੁਲ ਖੰਡੇਧਾਰ ਹੁਇ ਜਨਮ ਸੁਹੇਲਾ।
ਸੰਗਤਿ ਕੀਨੀ ਖਾਲਸਾ, ਮਨਮੁਖੀ ਦੁਹੇਲਾ।
ਵਾਹੁ ਵਾਹੁ ਗੁਰੂ ਗੋਬਿੰਦ ਸਿੰਘ, ਆਪੇ ਗੁਰ ਚੇਲਾ।
ਜਿਸ ਤਰ੍ਹਾਂ ਉਪਰ ਜ਼ਿਕਰ ਕੀਤਾ ਜਾ ਚੁੱਕਾ ਹੈ, ਭਾਈ ਗੁਰਦਾਸ ਦੀ ਸਮੁੱਚੀ ਰਚਨਾ ਦਾ ਵਿਸ਼ਾ ਗੁਰਮਤਿ ਦੀ ਵਿਆਖਿਆ ਹੈ। ਪਹਿਲੀਆਂ 19 ਵਾਰਾਂ ਦਾ ਵਿਸ਼ਾ ਗੁਰੂ ਤੇ ਸੰਗਤ ਦੀ ਮਹਾਨਤਾ, ਸਿੱਖ ਦਾ ਆਦਰਸ਼ਕ ਆਚਰਣ, ਸੰਸਾਰ ਦੀ ਉਤਪਤੀ ਆਦਿ ਹੈ। ਪਹਿਲੀ ਵਾਰ ਵਿਚ ਗੁਰੂ ਨਾਨਕ ਤੇ ਹੋਰ ਗੁਰੂਆਂ ਦਾ ਜੀਵਨ ਬ੍ਰਿਤਾਂਤ ਅਤੇ ਇਸਲਾਮ ਤੇ ਹੋਰ ਭਾਰਤੀ ਧਰਮਾਂ ਦਾ ਦਾਰਸ਼ਨਿਕ ਵਿਸ਼ਲੇਸ਼ਣ ਹੈ। 20ਵੀਂ ਵਾਰ ਤੋਂ 28ਵੀਂ ਵਾਰ ਵਿਚ ਸਿੱਖ ਧਰਮ ਦਾ ਹੋਰ ਧਰਮਾਂ ਨਾਲੋਂ ਫਰਕ ਦੱਸ ਕੇ ਸਿੱਖੀ ਦੀ ਵਿਸ਼ੇਸ਼ਤਾ ਦਰਸਾਈ ਹੈ। ਵਾਰ ਨੰਬਰ 30 ਤੋਂ 38 ਵਿਚ ਸਿੱਖੀ ਦੇ ਵਿਰੋਧੀਆਂ ਦਾ ਪਾਜ ਉਘਾੜ ਕੇ, ਗੁਰੂ ਸਾਹਿਬਾਂ ਦੇ ਧਰਮ ਦੀ ਉੱਚਤਾ ਦੱਸੀ ਹੈ। 39ਵੀਂ ਵਾਰ ਮੁੰਦਾਵਣੀ ਦੇ ਰੂਪ ਵਿਚ ਹੈ। ਇਨ੍ਹਾਂ ਵਾਰਾਂ ਵਿਚ ਭਾਰਤੀ ਦਰਸ਼ਨ ਤੇ ਮਿਥਿਹਾਸ, ਭਾਰਤੀ ਧਰਮ- ਗ੍ਰੰਥਾਂ, ਸਮਾਜਿਕ, ਧਾਰਮਿਕ ਤੇ ਰਾਜਸੀ ਅਧੋਗਤੀ ਦਾ ਹਾਲ ਤੇ ਸਿੱਖ ਫਲਸਫ਼ੇ ਤੇ ਪ੍ਰਚਾਰ ਦਾ ਇਤਿਹਾਸ ਆਦਿ ਸਹਿਜ ਸੁਭਾ ਹੀ ਆ ਗਏ ਹਨ।
ਆਪਣੀ ਪਹਿਲੀ ਵਾਰ ਵਿਚ ਭਾਈ ਸਾਹਿਬ, ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਦਸ਼ਾ ਨੂੰ ਇਸ ਤਰ੍ਹਾਂ ਚਿਤਰਦੇ ਹਨ :
ਕਲਿ ਆਈ ਕੁਤੇ ਮੁਹੀ, ਖਾਜੁ ਹੋਇਆ ਮੁਰਦਾਰ ਗੁਸਾਈਂ
ਰਾਜੇ ਪਾਪ ਕਮਾਂਵਦੇ, ਉਲਟੀ ਵਾੜ ਖੇਤ ਕਉ ਖਾਈ।
ਪਰਜਾ ਅੰਧੀ ਗਿਆਨ ਬਿਨ, ਕੂੜ ਕੁਸਹਿ ਮੁਖਹੁ ਆਲਾਈ।
ਚੇਲੇ ਸਾਜ ਵਜਾਇੰਦੇ, ਨਚਨਿ ਗੁਰੂ ਬਹੁਤ ਬਿਧ ਭਾਈ।
ਸੇਵਕ ਬੈਠਨਿ ਘਰਾਂ ਵਿਚ, ਗੁਰ ਉਠ ਘਰੀਂ ਤਿਨਾਂੜੇ ਜਾਈ।