

ਮਹੱਤਵਪੂਰਨ ਕਾਵਿ-ਧਾਰਾ ਹੈ, ਜਿਸ ਦਾ ਆਰੰਭ ਪੂਰਵ ਨਾਨਕ-ਕਾਲ ਵਿਚ ਹੀ ਬਾਬਾ ਫਰੀਦ ਸ਼ਕਰ-ਗੰਜ ਦੀ ਰਚਨਾ ਨਾਲ ਹੋ ਚੁੱਕਾ ਸੀ । ਬਾਬਾ ਫਰੀਦ ਪਹਿਲੇ ਪੜਾ ਦਾ ਸੂਫ਼ੀ ਸੀ, ਜਿੱਥੇ ਇਸਲਾਮੀ ਸ਼ਰ੍ਹਾ ਦੇ ਨਿਯਮਾਂ ਦੀ ਕਰੜੀ ਪਾਲਣਾ ਕੀਤੀ ਜਾਂਦੀ ਸੀ ਅਤੇ ਹੱਜ, ਨਿਮਾਜ਼ਾ, ਰੋਜੇ ਤੇ ਜਕਾਤਾਂ ਉੱਤੇ ਜ਼ੋਰ ਦਿੱਤਾ ਹੁੰਦਾ ਸੀ । ਗੁਰੂ ਨਾਨਕ ਕਾਲ ਵਿਚ ਸੂਫੀ ਮੱਤ ਆਪਣੇ ਦੂਜੇ ਪੜਾ ਵਿਚ ਦਾਖਲ ਹੁੰਦਾ ਹੈ, ਜਿੱਥੇ ਸ਼ਰੀਅੱਤ ਦੀ ਥਾਂ ਤਰੀਕਤ, ਉੱਤੇ ਜ਼ੋਰ ਹੁੰਦਾ ਹੈ। ਸੂਫੀ ਮਤ ਵਿਚ ਭਾਰਤੀ ਵੈਦਾਂਤ ਤੇ ਭਗਵਤਵਾਦ ਦੇ ਪ੍ਰਭਾਵਾਂ ਨੇ ਰੂਪ ਤੇ ਵਿਸ਼ੇ ਦੇ ਪੱਖ ਤੋਂ ਕਾਫੀ ਤਬਦੀਲੀ ਲਿਆਂਦੀ । ਇਹ ਤਬਦੀਲੀ ਸਪੱਸ਼ਟ ਰੂਪ ਵਿਚ ਸ਼ਾਹ ਹੁਸੈਨ ਤੇ ਬੁਲ੍ਹੇ ਦੀ ਕਵਿਤਾ ਵਿਚੋਂ ਦੇਖੀ ਜਾ ਸਕਦੀ ਹੈ।
ਰੂਪ ਜਾਂ ਕਲਾ ਦੇ ਪੱਖ ਤੋਂ ਸੂਫੀਆਂ ਨੇ ਪੰਜਾਬ ਦੇ ਉਨ੍ਹਾਂ ਪ੍ਰਚਲਿਤ ਛੰਦਾਂ ਨੂੰ ਅਪਣਾਇਆ ਜਿਨ੍ਹਾਂ ਦੀ ਸਾਝ ਲੋਕਾਂ ਨਾਲ ਪਹਿਲਾਂ ਹੀ ਪੈ ਚੁੱਕੀ ਸੀ । ਜਿੱਥੇ ਬਾਬਾ ਫਰੀਦ ਨੇ ਦੋਹਾ ਛੰਦਾਂ ਦੀ ਵਰਤੋਂ ਕੀਤੀ ਉਥੇ ਸ਼ਾਹ ਹੁਸੈਨ ਨਾਲ ਕਾਫ਼ੀ ਤੇ ਸੁਲਤਾਨ ਬਾਹੂ ਨਾਲ ਦੋਹਿੜੇ ਤੇ ਸੀਹਰਫੀ ਦਾ ਰਿਵਾਜ ਪਿਆ । ਦੂਜਾ ਉੱਘੜਦਾ ਪੱਖ, ਨਿਰੋਲ, ਪੰਜਾਬੀ ਜੀਵਨ ਵਿਚੋਂ ਲਏ ਚਿੰਨ੍ਹ ਜਾਂ ਪ੍ਰਤੀਕ ਹਨ, ਜਿਨ੍ਹਾਂ ਨੂੰ ਸੂਫੀ ਕਵੀਆਂ ਨੇ ਆਪਣੇ ਅਧਿਆਤਮਿਕ ਅਨੁਭਵਾਂ ਦੇ ਪ੍ਰਗਟਾ ਲਈ ਵਰਤਿਆ । ਪ੍ਰਿੰਸੀਪਲ ਤੇਜਾ ਸਿੰਘ ਦਾ ਇਸ ਸੰਬੰਧੀ ਕਥਨ ਹੈ ਕਿ "ਪੰਜਾਬੀ ਸੂਫ਼ੀ ਕਵਿਤਾ ਵਿਚ ਹੁਣ ਦਜਲੇ ਤੇ ਫਰਾਤ ਨਾਲੋਂ ਝਨਾ ਤੇ ਸਤਲੁਜ ਸ਼ੂਕਣ ਲਗੇ ਅਤੇ ਹੀਰ-ਰਾਂਝਾ, ਸੱਸੀ-ਪੁੰਨੂੰ ਆਦਿ ਪ੍ਰੀਤ ਦੇ ਆਦਰਸ਼ਕ ਪ੍ਰਮਾਣ ਸਮਝੇ ਜਾਣ ਲਗੇ ।" ਸਥਾਨਕ ਚੋਗਿਰਦੇ ਵਿਚੋਂ ਨਿੱਤ ਜੀਵਨ ਦੀਆਂ ਸਾਧਾਰਨ ਵਸਤਾਂ, ਯਥਾ ਬੇੜੀ, ਪੱਤਣ, ਮਲਾਹ, ਚਰਖਾ, ਤਕਲਾ, ਮਾਹਲ, ਖੂਹ, ਟਿੰਡਾਂ ਆਦਿ ਨੂੰ ਲੈ ਕੇ ਇਨ੍ਹਾ ਦੁਆਰਾ ਸੂਫੀ ਰਹੱਸਵਾਦ ਦਾ ਪ੍ਰਗਟਾਵਾ ਕੀਤਾ ਜਾਣ ਲੱਗਾ, ਜਿਸ ਨਾਲ ਔਖੇ ਤੋਂ ਔਖੇ ਧਾਰਮਿਕ ਸਿਧਾਂਤ, ਲੋਕਾਂ ਦੀ ਸਮਝ ਵਿਚ ਸੌਖੀ ਤਰ੍ਹਾਂ ਆਉਣ ਲੱਗੇ।
ਗੁਰੂ ਨਾਨਕ ਕਾਲ ਦੇ ਉੱਘੇ ਸੂਫ਼ੀ ਕਵੀ ਇਹ ਹਨ :
(1) ਸ਼ਾਹ ਹੁਸੈਨ (1539 ਤੋਂ 1593 ਈ.)
(2) ਸੁਲਤਾਨ ਬਾਹੂ (1631 ਤੋਂ 1691 ਈ.)
(3) ਸ਼ਾਹ ਸ਼ਰਫ (1659 ਤੋਂ 1725 ਈ.)
(4) ਮੌਲਾਨਾ ਅਬਦੀ (ਜਨਮ ਮਰਨ ਦੀਆਂ ਪੱਕੀਆਂ ਤਾਰੀਖ਼ ਨਹੀਂ)
ਏਥੇ ਸੰਖੇਪ ਵਿਚ ਇਨ੍ਹਾਂ ਚੌਹਾਂ ਦੇ ਜੀਵਨ ਦੀਆਂ ਰਚਨਾਵਾਂ ਸੰਬੰਧੀ ਵਿਚਾਰ ਕੀਤੀ ਜਾ ਰਹੀ ਹੈ।
ਸ਼ਾਹ ਹੁਸੈਨ (1539 ਤੋਂ 1593 ਈ ਤਕ) : ਸ਼ਾਹ ਹੁਸੈਨ ਨੂੰ ਮਾਧੋ ਲਾਲ ਹੁਸੈਨ ਵੀ ਆਖਿਆ ਜਾਂਦਾ ਹੈ । ਆਪ ਦਾ ਜਨਮ 1539 ਈ. ਵਿਚ ਸ਼ੇਖ ਉਸਮਾਨ ਦੇ ਘਰ ਹੋਇਆ ਜਿਹੜੇ ਜੁਲਾਹਿਆਂ ਦਾ ਕੰਮ ਕਰਦੇ ਸਨ । ਇਸ ਸੰਬੰਧੀ ਸ਼ਾਹ ਹੁਸੈਨ ਦੀ ਰਚਨਾ ਵਿਚ ਵੀ ਹਵਾਲਾ ਮਿਲਦਾ ਹੈ :
ਨਾਉਂ ਹੁਸੈਨਾਂ ਤੇ ਜਾਤ ਜੁਲਾਹਾ,
ਗਾਲ੍ਹਾਂ ਦੇਂਦੀਆਂ ਤਾਣੀਆਂ ਵਾਲੀਆਂ।
ਆਪ ਬਚਪਨ ਤੋਂ ਹੀ ਬੜੇ ਸੂਝਵਾਨ ਸਨ। ਦਸ ਸਾਲ ਦੀ ਉਮਰ ਵਿਚ ਸਾਰਾ-ਕੁਰਾਨ ਜ਼ਬਾਨੀ ਯਾਦ ਕਰ ਕੇ ਹਾਫਿਜ਼ ਬਣ ਗਏ । ਬਾਰ੍ਹਾਂ ਵਰ੍ਹੇ ਤਕ ਆਪ ਨੇ ਦਾਤਾ ਗੰਜ ਬਖ਼ਸ਼ ਦੇ ਤਕੀਏ ਉੱਤੇ ਸੂਫ਼ੀ ਸਿਧਾਂਤਾਂ ਦਾ ਅਧਿਐਨ ਕੀਤਾ ਅਤੇ ਆਪਣੇ ਆਪ ਨੂੰ ਸ਼ਰ੍ਹਾ ਦੇ ਅਸੂਲਾਂ ਮੁਤਾਬਿਕ ਢਾਲਿਆ ਅਤੇ ਕਈ ਕਈ ਰਾਤਾਂ ਰਾਵੀ ਦਰਿਆ ਦੇ ਠੰਢੇ ਪਾਣੀ ਵਿਚ ਖੜ੍ਹੋ ਕੇ ਕੁਰਾਨ ਸ਼ਰੀਫ ਪੜ੍ਹਦੇ ਰਹੇ । ਹੁਸੈਨ ਨੇ ਆਪਣੀ ਜ਼ਿੰਦਗੀ ਦੇ ਪਹਿਲੇ 36 ਸਾਲ ਬੜੀ ਕਰੜੀ ਤਪੱਸਿਆ ਕੀਤੀ।
ਸ਼ਾਹ ਹੁਸੈਨ ਦੇ ਜੀਵਨ ਨਾਲ ਬਹੁਤ ਸਾਰੀਆਂ ਕਰਾਮਾਤਾਂ ਜੁੜੀਆਂ ਹੋਈਆਂ ਹਨ। ਇਕ ਕਰਾਮਾਤ ਇਹ ਹੈ ਕਿ ਜਦ ਆਪ ਪੀਰ ਸਾਦੁਅਲਾ ਦੇ ਚੇਲੇ ਬਣੇ ਤਾਂ ਸੂਫੀ ਮੱਤ ਦਾ ਅਜਿਹਾ ਰੰਗ ਚੜ੍ਹਿਆ ਕਿ ਉਨ੍ਹਾਂ ਨੇ ਕੁਰਾਨ ਸ਼ਰੀਫ ਨੂੰ ਖੂਹ ਵਿਚ ਵਗਾਹ ਮਾਰਿਆ। ਜਦ ਬਾਕੀ ਚੇਲਿਆਂ ਨੇ ਇਸ ਨੂੰ ਕੁਫਰ ਕਹਿ ਕੇ ਰੌਲਾ