

ਪਾਇਆ ਤਾਂ ਆਪ ਦੇ ਹੁਕਮ ਨਾਲ ਕੁਰਾਨ ਸ਼ਰੀਫ ਖੂਹ ਵਿਚੋਂ ਬਾਹਰ ਆ ਗਿਆ, ਜਿਹੜਾ ਪਹਿਲਾ ਵਾਂਗ ਬਿਲਕੁਲ ਸੁੱਕਾ ਸੀ ।
ਦੂਜੀ ਕਰਾਮਾਤ ਮਾਧੋ ਲਾਲ ਨਾਲ ਸੰਬੰਧਿਤ ਹੈ। ਸ਼ਾਹਦਰੇ ਦੇ ਇਕ ਹਿੰਦੂ ਨੌਜਵਾਨ ਮਾਧੋ ਲਾਲ ਨਾਲ ਹੁਸੈਨ ਦਾ ਪਿਆਰ, ਇਸ਼ਕ ਦੀ ਹੱਦ ਤਕ ਜਾ ਪੁੱਜਾ । ਮਾਧੋ ਲਾਲ ਦੇ ਮਾਪੇ ਹਰਦਵਾਰ ਜਾਣ ਲੱਗੇ ਤਾਂ ਹੁਸੈਨ ਨੇ ਉਸ ਨੂੰ ਆਪਣੇ ਪਾਸ ਕਹਿ ਕੇ ਰੋਕ ਲਿਆ ਕਿ ਮਾਪਿਆਂ ਨੂੰ ਜਾਣ ਦੇ, ਮੈਂ ਤੈਨੂੰ ਉਨ੍ਹਾਂ ਤੋਂ ਪਹਿਲਾਂ ਉਥੇ ਪੁਚਾ ਦਿਆਂਗਾ । ਕੁਝ ਦਿਨਾਂ ਬਾਅਦ ਸ਼ਾਹ ਹੁਸੈਨ ਨੇ ਕਿਹਾ, "ਮਾਧੋ ਅੱਖਾਂ ਮੀਟ ਤੈਨੂੰ ਹਰਦਵਾਰ ਪੁਚਾਈਏ ।" ਜਦ ਮਾਧੋ ਨੇ ਅੱਖਾਂ ਖੋਲ੍ਹੀਆਂ ਤਾਂ ਉਹ ਹਰਦਵਾਰ ਆਪਣੇ ਮਾਪਿਆਂ ਪਾਸ ਬੈਠਾ ਸੀ ।
ਮਾਧੋ ਲਾਲ ਨਾਲ ਹੀ ਇਕ ਹੋਰ ਕਰਾਮਾਤ ਸੰਬੰਧਿਤ ਹੈ ਕਿ ਮਾਧੋ ਦੀ ਮ੍ਰਿਤੂ ਹੋ ਗਈ । ਮਾਪੇ ਰੋਣ ਪਿੱਟਣ ਲਗ ਪਏ । ਨਿਤ ਵਾਂਗ ਸਮੇਂ ਸਿਰ ਜਦ ਮਾਧੋ, ਸ਼ਾਹ ਹੁਸੈਨ ਦੇ ਡੇਰੇ ਨਾ ਪੁੱਜਾ ਤਾਂ ਉਹ ਉਸ ਦੇ ਘਰ ਪਹੁੰਚ ਗਏ । ਜਦ ਮਾਧੋ ਦੀ ਮੌਤ ਬਾਰੇ ਸ਼ਾਹ ਹੁਰਾਂ ਨੂੰ ਦੱਸਿਆ ਗਿਆ ਤਾਂ ਉਹ ਕਹਿਣ ਲਗੇ 'ਇਹ ਝੂਠ ਹੈ। ਅੰਦਰ ਮਾਧੋ ਦੀ ਲਾਸ਼ ਕੋਲ ਗਏ ਤੇ ਆਖਿਆ, 'ਉਠ ਮਾਧੋ ਹੁਣ ਸੋਣਾ ਠੀਕ ਨਹੀਂ, ਅਸੀਂ ਤੈਨੂੰ ਉਡੀਕਦੇ ਰਹੇ । ਮਾਧੋ ਝੱਟ ਉਠ ਬੈਠਾ । ਸਭ ਲੋਕ ਹੈਰਾਨ ਰਹਿ ਗਏ। ਇਹੋ ਜਿਹੀਆਂ ਹੋਰ ਕਈ ਕਰਾਮਾਤਾਂ ਯਥਾ 'ਸ਼ਰਾਬ ਨੂੰ ਦੁੱਧ ਵਿਚ ਬਦਲ ਦੇਣਾ' ਜਾਂ 'ਮੁੰਨੇ ਹੋਏ ਮੂੰਹ ਦਾ ਦਾੜ੍ਹੀ ਵਾਲਾ ਹੋ ਜਾਣਾ' ਇਤਿਆਦਿ ਸ਼ਾਹ ਹੁਸੈਨ ਦੇ ਨਾਂ ਨਾਲ ਸੰਬੰਧਿਤ ਹਨ।
ਹੁਸੈਨ ਨੂੰ ਲਾਲ ਕਪੜੇ ਪਾਉਣ ਕਰਕੇ ਵੀ ਲਾਲ ਹੁਸੈਨ ਆਖਿਆ ਜਾਂਦਾ ਹੈ ਤੇ ਮਾਧੋ ਲਾਲ ਨਾਲ ਇਸ਼ਕ ਕਰਕੇ ਵੀ ਮਾਧੋ ਲਾਲ ਹੁਸੈਨ । ਹੁਸੈਨ ਮੁਲਾਮਤੀ ਜਾਂ ਕਲੰਦਰੀ ਫਿਰਕੇ ਦਾ ਅਨੁਯਾਈ ਸੀ, ਭੰਗ ਤੇ ਸ਼ਰਾਬ ਪੀਂਦਾ ਸੀ ਤੇ ਨਸ਼ੇ ਵਿਚ ਆ ਕੇ ਨੱਚਦਾ ਗਾਉਂਦਾ ਸੀ । ਆਪਣੇ ਆਪ ਦੇ ਮਲੰਗ ਜਾਂ ਭੰਗੀ ਹੋਣ ਬਾਰੇ ਉਹ ਆਪਣੀ ਰਚਨਾ ਵਿਚ ਲਿਖਦਾ ਹੈ :
ਅਮਲਾਂ ਦੇ ਉਪਰ ਹੋਗ ਨਿਬੇੜਾ
ਕਿਆ ਸੂਫ਼ੀ ਕਿਆ ਭੰਗੀ।
ਜਾਂ
ਸ਼ਾਹ ਹੁਸੈਨ ਫਕੀਰ ਸਾਈਂ ਦਾ।
ਇਹ ਦੁਆਇ ਮਲੰਗ ਦੀ।
ਹੁਸੈਨ ਦੀ ਮੌਤ 1593 ਈ. ਵਿਚ ਹੋਈ। ਉਸ ਦੀ ਕਬਰ ਅੱਜ ਵੀ ਬਾਗ਼ਬਾਨਪੁਰੇ (ਲਾਹੌਰ) ਵਿਚ ਕਾਇਮ ਹੈ, ਜਿੱਥੇ ਹਰ ਸਾਲ ਮੇਲਾ ਲਗਦਾ ਹੈ।
ਸ਼ਾਹ ਹੁਸੈਨ ਦੀ ਸਮੁੱਚੀ ਰਚਨਾ 163 ਕਾਫ਼ੀਆਂ ਹਨ ਜਿਹੜੀਆਂ ਆਕਾਰ ਤੇ ਕਾਵਿ ਗੁਣਾਂ ਕਰ ਕੇ ਪੰਜਾਬੀ ਸਾਹਿੱਤ ਵਿਚ ਵਿਸ਼ੇਸ਼ ਸਥਾਨ ਰਖਦੀਆਂ ਹਨ। ਕਾਫ਼ੀਆਂ ਵਿਚ ਅਖੀਰ ਤੇ, ਥਾਂ ਪਰ ਥਾਂ ਇਹ ਸ਼ਬਦ ਆਉਂਦੇ ਹਨ - "ਕਹੇ ਹੁਸੈਨ ਫਕੀਰ ਸਾਈਂ ਦਾ" ਜਾਂ "ਕਹੇ ਹੁਸੈਨ ਫਕੀਰ ਨਿਮਾਣਾ" । ਇਹ ਕਾਫ਼ੀਆਂ ਰਾਗਾਂ ਅਨੁਸਾਰ ਹਨ। ਇਸ ਸੰਬੰਧੀ ਮੌਲਾ ਬਖ਼ਸ਼ ਕੁਸ਼ਤਾ ਲਿਖਦੇ ਹਨ - "ਉਨ੍ਹਾਂ ਮੁਖ਼ਤਲਿਫ ਰਾਗਾਂ ਰਾਗਣੀਆਂ ਤੇ ਇਹ ਕਾਫ਼ੀਆਂ ਲਿਖੀਆਂ ਜੋ ਪੰਜਾਬੀ ਬੋਲੀ ਵਿਚ ਪਹਿਲੀ ਤੇ ਸਫਲ ਕੋਸ਼ਿਸ਼ ਅਤੇ ਮਾਨਯੋਗ ਸਰਮਾਇਆ ਹੈ।" ਡਾ. ਸੁਰਿੰਦਰ ਸਿੰਘ ਕੋਹਲੀ, ਸ਼ਾਹ ਹੁਸੈਨ ਨੂੰ "ਨਵੀਨ ਪੰਜਾਬੀ ਵਿਚ ਲਿਖਣ ਵਾਲਾ ਪਹਿਲਾ ਸੂਫ਼ੀ ਕਵੀ" ਆਖਦੇ ਹਨ।
ਇਕ ਰਵਾਇਤ ਪ੍ਰਚਲਿਤ ਹੈ ਕਿ ਸ਼ਾਹ ਹੁਸੈਨ ਗੁਰੂ ਅਰਜਨ ਦੇਵ ਜੀ ਨੂੰ ਮਿਲੇ ਅਤੇ ਬੇਨਤੀ ਕੀਤੀ ਕਿ ਉਸ ਦੀ ਰਚਨਾ ਨੂੰ ਵੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰ ਲਿਆ ਜਾਏ, ਪਰ ਗੁਰੂ ਜੀ ਨੇ ਨਾਂਹ ਕਰ ਦਿੱਤੀ ਕਿਉਂ ਜੋ ਉਸ ਦੀ ਰਚਨਾ ਵਿਚ ਰੱਬ ਦੇ ਰੂਪ ਨੂੰ ਲੁਕਾਉਣ ਦਾ ਯਤਨ ਕੀਤਾ ਗਿਆ ਹੈ। ਡਾਕਟਰ ਮੋਹਨ ਸਿੰਘ ਆਪਣੀ ਸੰਪਾਦਿਤ ਪੁਸਤਕ "ਕਾਫ਼ੀਆਂ ਸ਼ਾਹ ਹੁਸੈਨ" ਵਿਚ ਲਿਖਦੇ ਹਨ :