Back ArrowLogo
Info
Profile

ਲਿਖਣ ਲਈ ਲਗਭਗ ਦੋ ਸੌ ਕਵੀਆਂ ਨੇ ਵੱਖ-ਵੱਖ ਰੂਪਾਂ ਤੇ ਵੱਖ-ਵੱਖ ਛੰਦਾਂ ਵਿਚ ਹੱਥ ਅਜ਼ਮਾਇਆ ਹੈ । ਇਹ ਵਾਰਤਕ ਤੇ ਕਵਿਤਾ ਦੋਹਾਂ ਰੂਪਾਂ ਵਿਚ ਲਿਖਿਆ ਗਿਆ ਤੇ ਪੰਜਾਬੀ ਤੋਂ ਛੁੱਟ ਬਹੁਤ ਸਾਰੀਆਂ ਭਾਰਤੀ ਤੇ ਬਦੇਸ਼ੀ ਭਾਸ਼ਾਵਾਂ ਵਿਚ ਵੀ ਇਹ ਕਿੱਸਾ ਲਿਖਿਆ ਮਿਲਦਾ ਹੈ।

ਦਮੋਦਰ ਦੇ ਜੀਵਨ ਬਾਰੇ ਜਿੰਨੀ ਵੀ ਜਾਣਕਾਰੀ ਪ੍ਰਾਪਤ ਹੁੰਦੀ ਹੈ, ਉਸ ਦਾ ਆਧਾਰ ਉਸ ਦਾ ਰਚਿਆ ਇਹ ਕਿੱਸਾ ਹੀ ਹੈ, ਜਿਸ ਵਿਚ ਉਹ ਲਿਖਦਾ ਹੈ :

ਨਾਉਂ ਦਮੋਦਰ ਜ਼ਾਤ ਗੁਲਾਟੀ, ਆਇਆ ਸਿੱਕ ਸਿਆਲੀਂ ।

ਆਪਣੇ ਮਨ ਵਿਚ ਮਸਲਤ ਕੀਤੀ, ਬਹਿ ਕੇ ਇਥਾਈਂ ਜਾਲੀ ।

ਵੜਿਆ ਵੰਝ ਚੂਚਕ ਦੇ ਸ਼ਹਿਰੇ, ਜਿੱਥੇ ਸਿਆਲ ਅਬਦਾਲੀ।

ਆਖ ਦਮੋਦਰ ਖੁਸ਼ੀ ਹੋਈ ਉਸ, ਦੇਖ ਉਨ੍ਹਾਂ ਦੀ ਚਾਲੀ।

ਉਥੇ ਕੀਤਾ ਰਹਿਣ ਦਮੋਦਰ, ਉਹ ਵਸਤੀ ਖੁਸ਼ ਆਹੀ।

ਚੂਚਕ ਬਹੁੰ ਦਿਲਾਸਾ ਦਿਤਾ, ਤਾਂ ਦਿਲਗੀਰੀ ਲਾਹੀ।

ਚੂਚਕ ਨੂੰ ਜੋ ਵੰਝ ਮਿਲਿਆ, ਸੇ ਨਾਲੇ ਕੁੰਦੀ ਤਾਈ।

ਆਖ ਦਮੋਦਰ ਹੋਯਾ ਦਿਲਾਸਾ, ਤਾਂ ਹੱਟੀ ਏਥੇ ਬਣਾਈ।

ਉਪਰੋਕਤ ਕਥਨ ਅਨੁਸਾਰ ਦਮੋਦਰ ਜਾਤ ਦਾ ਗੁਲਾਟੀ ਅਰੋੜਾ ਸੀ । ਰੋਜ਼ਗਾਰ ਦੀ ਭਾਲ ਵਿਚ ਹੀਰ ਦੇ ਪਿਤਾ ਚੂਚਕ ਦੇ ਸ਼ਹਿਰ ਝੰਗ ਸਿਆਲਾਂ ਵਿਚ ਗਿਆ ਅਤੇ ਚੂਚਕ ਦੇ ਦਿਲਾਸਾ ਦੇਣ ਤੇ ਉਥੇ ਹੀ ਹੱਟੀ ਪਾ ਕੇ ਰਹਿਣ ਲੱਗ ਪਿਆ। ਇਹ ਹਵਾਲਾ ਕਿਧਰੇ ਨਹੀਂ ਮਿਲਦਾ ਕਿ ਦਮੋਦਰ ਕਦੋਂ ਹੋਇਆ ਅਤੇ ਉਸ ਨੇ ਇਹ ਕਿੱਸਾ ਕਿਹੜੇ ਸਮੇਂ ਲਿਖਿਆ ਪਰ ਉਸ ਦੇ ਕਿੱਸੇ ਵਿਚ ਅਕਬਰ ਬਾਦਸ਼ਾਹ ਦਾ ਜ਼ਿਕਰ ਪੰਜ ਛੇ ਵਾਰੀ ਆਇਆ ਹੈ, ਜਿਵੇਂ :

(1) ਪਾਤਸ਼ਾਹੀ ਜੋ ਅਕਬਰ ਸੰਦੀ, ਹੀਲ ਨਾ ਹੁਜਤ ਕਾਈ।

(2) ਅਕਬਰ ਸ਼ਾਹ ਦਾ ਰਾਜ ਵਡੇਰਾ, ਜੇ ਤੈਨੂੰ ਕਜ਼ਾ ਦਿੱਤੀ ਆਈ।

(3) ਹਿਕੇ ਦਵੀਹਾਂ ਅਕਬਰ ਗ਼ਾਜ਼ੀ, ਕੱਛਾਂ ਆਪ ਕਛੀਹਾਂ।

(4) ਕਿਸ ਨੂੰ ਆਖਾਂ ਤੁਧ ਸਦਾਈਂ, ਕਿਛ ਅਕਬਰ ਮੈਂ ਤੇ ਧਾਇਆ।

(5) ਪਾਤਸ਼ਾਹੀ ਜੋ ਅਕਬਰ ਸੰਦੀ, ਦਿਨ ਦਿਨ ਚੜ੍ਹੇ ਸਵਾਏ।

ਦੂਜਾ ਹਵਾਲਾ, ਦਮੋਦਰ ਦੇ ਕਿੱਸੇ ਵਿਚ ਉਸ ਸੰਮਤ ਦਾ ਆਉਂਦਾ ਹੈ, ਜਦੋਂ ਅੰਤ ਵਿਚ ਹੀਰ ਤੇ ਰਾਂਝੇ ਦਾ ਆਪਸ ਵਿਚ ਮੇਲ ਹੁੰਦਾ ਹੈ:

ਪੰਦਰ ਸੌ ਉਨੱਤਰੀ ਆਹਾ, ਸੰਮਤ ਬਿਰਕਮ ਰਾਏ।

ਹੀਰ ਤੇ ਰਾਂਝਾ ਹੋਏ ਇਕੱਠੇ, ਉਸ ਸੰਮਤ ਝੇੜੇ ਰੱਬ ਚੁਕਾਏ।

ਪਾਤਸ਼ਾਹੀ ਜੇ ਅਕਬਰ ਸੰਦੀ ਦਿਨ ਦਿਨ ਚੜ੍ਹੇ ਸਵਾਏ।

ਆਖ ਦਮੋਦਰ ਦੇ ਅਸੀਸਾਂ, ਸ਼ਹਿਰੋਂ ਬਾਹਰ ਆਏ।

ਪਰ ਅਕਬਰ ਦੇ ਰਾਜ ਦਾ ਬਿਕ੍ਰਮੀ ਸੰਮਤ 1613 ਤੋਂ 1662 ਬਣਦਾ ਹੈ। ਇਸ ਤੋਂ ਸਪੱਸ਼ਟ ਹੈ ਕਿ ਹੀਰ ਰਾਂਝੇ ਦਾ ਮੇਲ ਤੇ ਅਕਬਰ ਦੇ ਰਾਜ ਦਾ ਕੋਈ ਸੰਬੰਧ ਨਹੀਂ । 1529 ਬਿਕ੍ਰਮੀ ਵਿਚ ਬਹਿਲੋਲ ਲੋਧੀ ਦਾ ਰਾਜ ਸੀ । ਇਕ ਹੋਰ ਹਵਾਲਾ ਵੀ ਮਿਲਦਾ ਹੈ ਕਿ ਜਦ ਰਾਂਝਾ ਹੀਰ ਨੂੰ ਖੇੜਿਆਂ ਤੋਂ ਕੱਢ ਕੇ ਲੈ ਆਇਆ ਤੇ ਪਿਛੋਂ ਵਾਹਰ ਨੇ ਉਨ੍ਹਾਂ ਨੂੰ ਆ ਘੇਰਿਆ ਅਤੇ ਦੋਹਾਂ ਨੂੰ ਮਾਰ ਕੁੱਟ ਕੇ, ਕੋਟ ਕਬੂਲੇ ਦੇ ਜਿਸ ਹਾਕਮ ਦੇ ਸਾਹਮਣੇ ਪੇਸ਼ ਕੀਤਾ. ਉਸ ਦਾ ਨਾਂ ਅਬੁਲ-ਫਤਹ ਸੀ:

ਅਬੁਲ ਫਤਹ ਆਖੇ ਸੁਣ ਹਜ਼ਰਤ, ਕਿਤ ਨੂੰ ਇਨ੍ਹਾਂ ਮਰੇਂਦੇ।

ਪਕੜ ਸਿਆਲ ਦੇਵਹੁ ਅਲੀ ਨੂੰ, ਸ਼ਰਮਿੰਦਾ ਕਿੱਤ ਕਰੇਂਦੇ।

67 / 93
Previous
Next