

ਤੇ ਵਿਵਹਾਰ ਨੂੰ ਜਿਸ ਬਾਰੀਕੀ ਨਾਲ ਇਸ ਕਿੱਸੇ ਵਿਚ ਬਿਆਨਿਆ ਗਿਆ ਹੈ, ਉਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਦਮੋਦਰ ਨੇ ਬਹੁਤ ਕੁਝ ਅੱਖੀਂ ਵੇਖ ਕੇ ਲਿਖਿਆ ।
ਦਮੋਦਰ ਰਚਿਤ ਇਹ ਇੱਕੋ 'ਕਿੱਸਾ ਹੀਰ ਰਾਂਝਾ' ਸਾਡੇ ਤਕ ਪੁੱਜਾ ਹੈ। ਉਹ ਇਕ ਪ੍ਰੌਢ ਕਵੀ ਸੀ ਤੇ ਉਸ ਵਿਚ ਇਕ ਨਿਪੁੰਨ ਕਲਾਕਾਰ ਵਾਲੇ ਸਾਰੇ ਗੁਣ ਮੌਜੂਦ ਹਨ, ਇਸ ਲਈ ਸੰਭਵ ਹੈ ਕਿ ਹੀਰ ਤੋਂ ਬਿਨਾਂ ਵੀ ਉਸ ਨੇ ਹੋਰ ਕਾਵਿ-ਰਚਨਾ ਕੀਤੀ ਹੋਵੇ, ਜਿਹੜੀ ਸਾਡੇ ਤਕ ਨਹੀਂ ਪੁੱਜ ਸਕੀ। ਪਹਿਲਾਂ ਇਹ ਕਿੱਸਾ ਸਰ ਰਿਚਰਡ ਟੈਂਪਲ ਨੇ ਮਰਾਸੀਆਂ ਪਾਸੋਂ ਸੁਣ ਕੇ, ਹੋਰ ਕਿੱਸਿਆਂ ਦੇ ਨਾਲ ਲੀਜੰਡਜ਼ ਔਫ ਦੀ ਪੰਜਾਬ (1884- 89) ਵਿਚ ਪ੍ਰਕਾਸ਼ਿਤ ਕੀਤਾ। ਸਭ ਤੋਂ ਪਹਿਲਾਂ ਬੇਦੀ ਗੰਗਾ ਸਿੰਘ ਨੇ ਇਕ ਪੁਰਾਣੇ ਹੱਥ-ਲਿਖਤੀ ਖਰੜੇ ਨੂੰ ਆਧਾਰ ਬਣਾਕੇ, ਦਮੋਦਰ ਰਚਿਤ ਕਿੱਸੇ ਨੂੰ ਪ੍ਰਕਾਸ਼ਿਤ ਕੀਤਾ। ਇਸ ਦੇ ਕੁੱਲ 961 ਬੰਦ ਹਨ। ਵੱਖ-ਵੱਖ ਵਿਦਵਾਨਾਂ ਦੁਆਰਾ ਸੰਪਾਦਿਤ ਹੀਰ ਦਮੋਦਰ ਵਿਚ 950 ਤੋਂ 990 ਤਕ ਬੰਦਾਂ ਦਾ ਵਰਣਨ ਮਿਲਦਾ ਹੈ ।
ਦਮੋਦਰ ਦੇ ਸਾਰੇ ਕਿੱਸੇ ਵਿਚ ਇਕੋ ਦਵੱਯਾ ਛੰਦ ਚਲਦਾ ਹੈ, ਜਿਹੜਾ 28 ਮਾਤ੍ਰਾ ਦਾ ਹੈ। ਇਸ ਦੀ ਬੋਲੀ ਝਾਂਗੀ ਜਾਂ ਲਹਿੰਦੀ ਪੰਜਾਬੀ ਹੈ ਜਿਸ ਵਿਚ ਫ਼ਾਰਸੀ ਦੇ ਤਤਸੱਮ ਸ਼ਬਦ ਵੀ ਵਰਤੇ ਮਿਲਦੇ ਹਨ। ਇਹ ਕਿੱਸਾ ਸੁਆਲਾ ਜੁਆਬਾਂ ਜਾਂ ਨਾਟਕੀ ਢੰਗ ਨਾਲ ਲਿਖਿਆ ਗਿਆ ਹੈ. ਭਾਵੇਂ ਕਵੀ ਵਲੋਂ ਆਪਣਾ ਸਿੱਧਾ ਬਿਆਨ ਵੀ ਕਈ ਥਾਈਂ ਮਿਲਦਾ ਹੈ। ਕਲਾ ਦੀ ਦ੍ਰਿਸ਼ਟੀ ਤੋਂ ਦਮੋਦਰ ਦੀ ਹੀਰ ਦਾ ਕਿੱਸਾ ਵਾਰਸ ਨਾਲੋਂ ਕਿਸੇ ਤਰ੍ਹਾਂ ਘੱਟ ਨਹੀਂ । ਫਰਕ ਕੇਵਲ ਇੰਨਾ ਹੈ ਕਿ ਵਾਰਸ ਵਿਚ ਵਿਸਥਾਰ ਹੈ ਤੇ ਉਹ ਇੱਕੋ ਗੱਲ ਨੂੰ ਲਮਕਾਈ ਤੁਰਿਆ ਜਾਂਦਾ ਹੈ ਜਦ ਕਿ ਦਮੋਦਰ ਵਿਚ ਸੰਜਮ, ਸੰਕੋਚ ਤੇ ਸੰਖੇਪਤਾ ਹੈ। ਕਾਵਿ-ਸੁਹਜ ਵੀ ਦਮੋਦਰ ਵਿਚ ਵਾਰਿਸ ਨਾਲੋਂ ਕਿਸੇ ਤਰ੍ਹਾਂ ਘੱਟ ਨਹੀਂ।
ਕਹਾਣੀ ਦੀਆਂ ਘਟਨਾਵਾਂ, ਪਾਤਰਾਂ ਦੇ ਸੁਭਾ ਦੇ ਆਲੇ-ਦੁਆਲੇ ਦਾ ਬਿਆਨ ਦਮੋਦਰ ਨੇ ਬੜੀ ਰੀਝ ਤੇ ਬਰੀਕੀ ਨਾਲ ਕੀਤਾ ਹੈ ਅਤੇ ਆਪਣੀ ਸ਼ਖ਼ਸੀਅਤ ਦੀਆਂ ਨਿੱਜੀ ਛੋਹਾਂ ਲਾ ਕੇ ਬਿਆਨ ਨੂੰ ਰੰਗੀਨ ਬਣਾਇਆ ਹੈ । ਉਸ ਦੀ ਮਨੋ-ਵਿਗਿਆਨਕ ਸੂਝ ਵੀ ਪਕੇਰੀ ਸੀ, ਜਿਸ ਦੇ ਪ੍ਰਮਾਣ ਪਾਤਰਾਂ ਦੇ ਚਰਿੱਤਰਾਂ ਵਿਚੋਂ ਮਿਲਦੇ ਹਨ ।
ਦਮੋਦਰ ਨੇ ਆਪਣੇ ਕਿੱਸੇ ਵਿਚ ਥਾਂ-ਥਾਂ ਤੇ ਸਥਾਨਕ ਰੰਗਣ ਭਰੀ ਹੈ ਤੇ ਆਪਣੇ ਵੇਲੇ ਦੇ ਪੰਜਾਬ ਦੀ ਪੇਂਡੂ ਸਭਿਅਤਾ ਦੇ ਸੋਹਣੇ ਚਿੱਤਰ ਉਲੀਕੇ ਹਨ । ਜਨਮ, ਵਿਆਹ ਸ਼ਾਦੀਆਂ ਆਦਿ ਦੀਆਂ ਰਸਮਾਂ ਤੇ ਜ਼ਾਤਾਂ, ਗੋਤਾਂ, ਕਿੱਤਿਆ ਆਦਿ ਦੇ ਵੇਰਵੇ ਸਾਰੀ ਕਹਾਣੀ ਨੂੰ ਸਜੀਵਤਾ ਬਖ਼ਸ਼ਦੇ ਹਨ।
ਹੀਰ ਦੀ ਸੁੰਦਰਤਾ ਬਿਆਨਣ ਲਗਿਆਂ ਜਿੱਥੇ ਵਾਰਿਸ ਨੇ ਸਾਰਾ ਜ਼ੋਰ ਲਾ ਦਿੱਤਾ, ਇਸ ਦੇ ਉਲਟ ਦਮੋਦਰ ਨੇ ਰਾਂਝੇ ਦੀ ਸੁੰਦਰਤਾ ਨੂੰ ਰੀਝ ਨਾਲ ਚਿੱਤਿਆ ਹੈ ਕਿ ਦੇਖਣ ਵਾਲੇ ਸਭ ਇਸਤਰੀ ਮਰਦ ਮੋਹਤ ਹੋ ਜਾਂਦੇ ਸਨ :
ਜੇ ਧੀਦੋ ਚੜ੍ਹੇ ਘੋੜੇ, ਬਾਹਰ ਪੰਖੀ ਨਾ ਠਹਿਰਾਇਣ ।
ਨਰ ਨਾਰੀ ਜੋ ਕੋਈ ਦੇਖੇ, ਪਲ ਨ ਪਲਕਾ ਲਾਇਣ।
ਇਸ ਸੰਬੰਧੀ ਹੋਰ ਵੇਰਵਿਆਂ ਤੋਂ ਛੁੱਟ ਦਮੋਦਰ ਇਕ ਘਟਨਾ ਬੜੇ ਸੁਆਦਲੇ ਢੰਗ ਨਾਲ ਬਿਆਨਦਾ ਹੈ। ਜਦ ਰਾਂਝਾ ਭਰਾਵਾਂ ਨਾਲ ਰੁਸ ਕੇ ਘਰੋਂ ਨਿਕਲ ਤੁਰਦਾ ਹੈ ਤਾਂ ਰਾਹ ਵਿਚ ਰਾਤ ਇਕ ਮਸੀਤ ਵਿਚ ਕੱਟਦਾ ਹੈ । ਮਸੀਤ ਦੇ ਖੂਹ ਤੋਂ ਕੁੜੀਆਂ ਪਾਣੀ ਭਰਨ ਆਉਂਦੀਆਂ ਹਨ ਤਾਂ ਇਕ ਝੀਉਰਾਂ ਦੀ ਕੁੜੀ ਰਾਂਝੇ ਤੇ ਮੋਹਿਤ ਹੋ ਜਾਂਦੀ ਹੈ ਅਤੇ ਘਰ ਜਾ ਕੇ ਮਾਂ ਨੂੰ ਆਖਦੀ ਹੈ :
ਘਿੰਨ ਘੜਾ ਸਿਰ ਉਤੋਂ ਮਾਏ, ਨਹੀਂ ਤਾਂ ਭੋਇੰ ਮਰੇਂਦੀ।
ਵਿਚ ਮਸੀਤੇ ਚੰਦ ਫਾਥੋਈ, ਮੈਂ ਵਰ ਨਹੀਂਏ ਦੇਂਦੀ।
ਅੱਗੋਂ ਮਾਂ ਆਪਣੀ ਧੀ ਨੂੰ ਤਾਂ ਝਿੜਕ ਕੇ ਬਿਠਾ ਦਿੰਦੀ ਹੈ, ਪਰ ਆਪ ਮਸੀਤ ਵਿਚਲੇ ਚੰਦ ਨੂੰ ਦੇਖਣ ਤੁਰ ਪੈਂਦੀ ਹੈ ਤੇ ਦਮੋਦਰ ਦੇ ਸ਼ਬਦਾਂ ਵਿਚ ਉਹ ਆਪ ਹੀ ਉਸ ਉੱਤੇ ਮੋਹਿਤ ਹੋ ਕੇ ਆਖ ਉਠਦੀ ਹੈ :