Back ArrowLogo
Info
Profile

ਮਿਰਜਾ ਮਾਰਿਆ ਮਲਕੁਤ ਮੌਤ ਨੇ, ਕੁਝ ਮਾਰਿਆ ਖੁਦੀ ਗੁਮਾਨ ।

ਵਿਚ ਕਬਰਾਂ ਦੇ ਛੱਪ ਗਿਆ, ਮਿਰਜਾ ਸੋਹਣਾ ਛੈਲ ਜੁਆਨ ।

ਭਾਵੇਂ ਪੰਜਾਬੀ ਦੇ ਮੁੱਢਲੇ ਆਲੋਚਕ ਬਾਵਾ ਬੁੱਧ ਸਿੰਘ, ਪੀਲੂ ਦੇ ਕਿੱਸੇ ਨੂੰ "ਇਕ ਜਟਕੀ ਕਹਾਣੀ, ਜਟਕੀ ਬੋਲੀ ਵਿਚ ਸੁਣਾਈ ਹੋਈ' ਆਖਦੇ ਹਨ, ਪਰ ਆਲੋਚਕਾਂ ਨੇ ਇਸ ਕਿੱਸੇ ਦੇ ਕਾਵਿ-ਗੁਣਾ ਦੀ ਭਰਪੂਰ ਸ਼ਲਾਘਾ ਕੀਤੀ ਹੈ। ਮੇਲਾ ਬਖ਼ਸ਼ ਕੁਸ਼ਤਾ ਅਨੁਸਾਰ, "ਉਸ ਵਿਚ ਸੋਜ ਤੇ ਰਵਾਨੀ ਬੜੀ ਹੈ, ਤਸ਼ਬੀਹਾਂ, ਇਸ਼ਤਿਆਰੇ ਤੇ ਮੁਹਾਵਰੇ ਸੋਹਣੇ ਵਰਤੇ ਹਨ।"

ਪੰਜਾਬ ਦੇ ਆਮ ਗਾਇਕ ਹੇਠ ਲਿਖੀਆਂ ਤੁਕਾਂ ਵੀ ਮਿਰਜੇ ਦੀ ਰਚਨਾ ਕਹਿਕੇ ਸੁਣਾਉਂਦੇ ਫਿਰਦੇ ਹਨ ਪਰ ਇਨ੍ਹਾ ਦਾ ਸੰਬੰਧ ਕਿੱਸੇ ਦੀ ਕਹਾਣੀ ਨਾਲ ਬਿਲਕੁਲ ਨਹੀਂ ਜੁੜਦਾ । ਇਹ ਗੱਲ ਵੀ ਸਪੱਸ਼ਟ ਹੈ ਕਿ ਲੋਕ-ਮੂੰਹਾਂ ਤੇ ਚੜ੍ਹ ਚੜ੍ਹ ਕੇ ਇਸ ਕਿੱਸੇ ਵਿਚ ਹੋਰ ਵੀ ਬਹੁਤ ਥਾਈਂ ਰਲਾ ਪੈ ਗਿਆ ਹੈ, ਜਿਸ ਦਾ ਨਿਰਣਾ ਕਰਨਾ ਸੌਖਾ ਨਹੀਂ :

ਹੁਜਰੇ ਸ਼ਾਹ ਮੁਕੀਮ ਦੇ, ਇਕ ਜੱਟੀ ਅਰਜ ਕਰੇ।

ਮੈਂ ਬਕਰਾ ਦੇਨੀ ਆਂ ਪੀਰ ਦਾ, ਜੇ ਸਿਰ ਦਾ ਸਾਈਂ ਮਰੇ।

ਪੰਜ ਸੱਤ ਮਰਨ ਗੁਆਂਢਣਾਂ, ਰਹਿੰਦੀਆਂ ਨੂੰ ਤਾਪ ਚੜ੍ਹੇ।

ਹੱਟੀ ਸੜੇ ਕਿਰਾੜ ਦੀ, ਜਿੱਥੇ ਦੀਵਾ ਨਿੱਤ ਬਲੇ।

ਕੁੱਤੀ ਮਰੇ ਫਕੀਰ ਦੀ, ਜਿਹੜੀ ਚਉਂ ਚਉਂ ਨਿੱਤ ਕਰੇ।

ਗਲੀਆਂ ਹੋਵਣ ਸੁੰਝੀਆਂ, ਵਿਚ ਮਿਰਜ਼ਾ ਯਾਰ ਫਿਰੇ।

ਮਿਰਜ਼ੇ ਦੀ ਲੋਕ-ਪ੍ਰਿਯਤਾ ਕਿਸੇ ਪਰਮਾਣ ਜਾਂ ਗਵਾਹੀ ਦੀ ਮੁਥਾਜ ਨਹੀਂ। ਉਸ ਦੇ ਕਿੱਸੇ ਦੀਆਂ ਬਹੁਤ ਸਾਰੀਆਂ ਤੁਕਾਂ ਨਾ ਕੇਵਲ ਆਮ ਲੋਕਾਂ ਦੇ ਮੂੰਹਾਂ ਤੇ ਚੜ੍ਹੀਆਂ ਹੋਈਆਂ ਹਨ, ਸਗੋਂ ਪਿਛੋਂ ਹੋਏ ਕਵੀਆਂ ਨੇ ਹੂ- ਬ-ਹੂ ਇਹ ਤੁਕਾਂ ਅਪਣਾ ਲਈਆਂ।

ਹਾਫ਼ਿਜ਼ ਬਰਖ਼ੁਰਦਾਰ : ਸੈਫੁਲ-ਮਲੂਕ ਦਾ ਕਰਤਾ ਮੁਹੰਮਦ ਬਖ਼ਸ਼ ਹਾਫ਼ਿਜ਼ ਬਰਖ਼ੁਰਦਾਰ ਬਾਰੇ ਆਖਦਾ ਹੈ :

ਹਾਫਿਜ਼ ਬਰਖ਼ੁਰਦਾਰ ਮੁਸੱਨਿਫ, ਗੋਰ ਜਿਨ੍ਹਾਂ ਦੀ ਚਿੱਟੀ ।

ਹਰ ਹਰ ਬੈਂਤ ਉਹਦਾ ਵੀ ਡਿੱਠਾ, ਜਿਉਂ ਮਿਸਰੀ ਦੀ ਖਿੱਟੀ।

ਏਸੇ ਤਰ੍ਹਾਂ ਅਹਿਮਦ ਯਾਰ ਹਾਫ਼ਿਜ਼ ਬਾਰੇ ਆਪਣੀ ਰਾਏ ਦਿੰਦਾ ਹੋਇਆ ਲਿਖਦਾ ਹੈ :

ਲੋਕਾਂ ਸੈ ਪਏ ਕਿੱਸੇ ਜੋੜੇ, ਪੜ੍ਹੇ ਜਿਨ੍ਹਾਂ ਰਸਾਲੇ ।

ਪਰ ਗਲ ਵਲ ਨਾ ਡਿੱਠਾ, ਹਾਫਜ਼ ਮੁਸਲਮਾਨੀ ਵਾਲੇ।

ਨੱਕ ਦੀ ਸੇਧੇ ਉਹੋ ਹਕੀਕਤ ਲਿਖੀ ਉਸ ਸੁਖਾਲੀ।

ਹਰ ਕੋਈ ਔਰਤ ਉਹਨੂੰ ਜਾਣੇ, ਚਰਖਾ ਕੱਤਣ ਵਾਲੀ।

ਹਾਫਜ਼ ਬਰਖ਼ੁਰਦਾਰ ਦਾ ਜਨਮ ਸ਼ਾਹ ਜਹਾਨ ਦੇ ਰਾਜ ਸਮੇਂ ਪਿੰਡ ਮੁਸਲਮਾਨੀ ਵਿਚ ਹੋਇਆ। ਉਹ ਜ਼ਾਤ ਦਾ ਰਾਂਝਾ ਜੱਟ ਸੀ । ਪੜ੍ਹਿਆ ਲਿਖਿਆ ਤੇ ਵਿਦਵਾਨ ਆਦਮੀ ਸੀ । ਉਸ ਨੇ ਹੇਠ ਲਿਖੇ ਕਿੱਸੇ ਲਿਖੇ: (1) ਮਿਰਜ਼ਾ ਸਾਹਿਬਾਂ (2) ਯੂਸਫ਼ ਜ਼ੁਲੈਖਾਂ (3) ਸੱਸੀ ਪੁੰਨੂੰ । ਇਨ੍ਹਾਂ ਤੋਂ ਬਿਨਾਂ ਕੁਝ ਕੁ ਧਾਰਮਿਕ ਰਚਨਾਵਾਂ ਵੀ ਉਸ ਦੇ ਨਾਂ ਨਾਲ ਜੋੜੀਆਂ ਜਾਂਦੀਆਂ ਹਨ। ਇਕ ਬਾਰਾਂ-ਮਾਹ ਤੇ ਤਿੰਨ ਸੀਹਰਫ਼ੀਆਂ ਦੇ ਹਵਾਲੇ ਵੀ ਮਿਲਦੇ ਹਨ ।

------------------

1. "ਗੋਰ ਜਿਨ੍ਹਾਂ ਦੀ ਚਿੱਟੀ" ਤੋਂ ਭਾਵ ਪਿੰਡ ਚਿੱਟੀ, ਸੇਖਾਂ ਜ਼ਿਲ੍ਹਾ ਸਿਆਲਕੋਟ ਹੈ, ਜਿਥੇ ਹਾਫ਼ਿਜ਼ ਦੀ ਕਬਰ ਹੈ।

2. "ਮੁਸਲਮਾਨੀ ਵਾਲੇ" ਤੋਂ ਭਾਵ ਮੁਸਲਮਾਨੀ ਨਾਂ ਦੇ ਪਿੰਡ ਤੋਂ ਹੈ, ਜਿਥੇ ਹਾਫਿਜ਼ ਦਾ ਜਨਮ ਹੋਇਆ, ਇਹ ਜ਼ਿਲ੍ਹਾ ਸਰਗੋਧਾ ਵਿਚ ਹੈ।

74 / 93
Previous
Next