

ਗੁਰੂ ਗੋਬਿੰਦ ਸਿੰਘ ਜੀ ਦੇ ਦੋ ਦਰਬਾਰੀ ਕਵੀ ਮੀਰ ਛਬੀਲਾ ਤੇ ਮੀਰ ਮੁਸ਼ਕੀ ਸਨ। ਉਨ੍ਹਾਂ ਨੇ ਭੰਗਾਣੀ ਦੇ ਯੁੱਧ ਦੀ ਵਾਰ ਲਿਖੀ ਜਿਸ ਦੀਆਂ ਕੁਝ ਤੁਕਾਂ ਇਸ ਪ੍ਰਕਾਰ ਹਨ :
ਤੂੰ ਸਾਢ ਤਿਹੱਥੀ ਮੇਦਨੀ, ਸਭ ਧੰਦੇ ਲਾਈ।
ਤੂੰ ਵੱਡਾ ਪੁਰਖ ਮਹਾਂ ਬਲੀ, ਧੁਰ ਅਜ਼ਮਤ ਪਾਈ ।
ਤੂੰ ਜਗ ਆਇਓਂ ਬਲਰਾਜ ਹੋਇ, ਤੂੰ ਵੇਲ ਵਧਾਈ।
ਤੂੰ ਜਨਕ ਧਰੇ ਸਿਰ ਸਿਹਰੇ, ਸੀਤਾ ਪਰਨਾਈ।
ਤੂੰ ਨਾਮੇ ਉੱਤੇ ਬਹੁੜਿਉਂ, ਮੋਈ ਗਊ ਜਿਵਾਈ।
ਤੂੰ ਦਰੋਪਤਾ ਦੀ ਪੰਜ ਰਾਖੀਆ, ਕਾਇਮ ਕਜਵਾਈ।
ਤੂੰ ਮੱਛ ਅਕਾਸ਼ੋਂ ਲਾਹਿਆ, ਪਰ ਧਨਖ ਚਲਾਈ।
ਨਾਨਕ ਅੰਗਦ ਅਮਰਦਾਸ ਰਲਿ ਭਗਤ ਕਮਾਈ।
ਤੂੰ ਚਹੁੰ ਜੁਗਾਂ ਵਿਚ ਪੜ੍ਹਦਾ, ਚਾਰ ਵੇਦ ਉਗਾਹੀ।
ਤੇਗ ਬੱਧੀ ਗੁਰੂ ਗੋਬਿੰਦ ਸਿੰਘ, ਦਸਵੀਂ ਪਾਤਸ਼ਾਹੀ।
ਇਸੇ ਕਾਲ ਦੀ ਇਕ ਹੋਰ ਵਾਰ ਮਿਲਦੀ ਹੈ, ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੈ। ਇਸ ਦਾ ਨਾਂ 'ਭੇੜੇ ਕੀ ਵਾਰ ਪਾਤਸ਼ਾਹੀ 10" ਹੈ। ਇਸ ਵਿਚ ਅਨੰਦਪੁਰ ਛੱਡਣ ਦਾ ਹਾਲ ਹੈ। ਵਾਰ ਦੀ ਬੋਲੀ ਠੇਠ ਪੰਜਾਬੀ ਹੈ ਪਰ ਗਾਉਣ ਦੀ ਧਾਰਨਾ ਨੂੰ ਕਾਇਮ ਰੱਖਣ ਲਈ ਛੰਦਾਂ ਵਿਚ ਖੁਲ੍ਹ ਲਈ ਗਈ ਹੈ।
ਉਦਾਹਰਣ ਦੇਖੋ :
ਅਨੰਦਗੜ੍ਹ ਨੂੰ ਰਾਜਿਆਂ, ਮਿਲਿ ਹਾਥੀ ਢੋਇਆ।
ਕੁੰਡੇ ਮਾਰੇ ਮੁਹਾਵਤਾਂ, ਭੀਹਾਵਲੁ ਹੋਇਆ।
ਬਰਛਾ ਸਿੰਘ ਬਚਿੱਤਰ ਦਾ ਮੁਲ ਮਹੰਗੇ ਹੋਇਆ ।
ਲਾਇ ਸੁ ਤਣ ਗਜ ਹਸਤਿ ਦੇ ਮੀਨ ਸੀਖ ਪਰੋਇਆ।
ਸੈ ਰਾਜਪੂਤਾਂ ਮਾਰ ਕੇ, ਜਮ ਹਾਥੀ ਹੋਇਆ।
ਇਨ੍ਹਾਂ ਵਾਰਾਂ ਤੋਂ ਬਿਨਾਂ ਹੋਰ ਵੀ ਵਾਰਾਂ ਲਿਖੇ ਜਾਣ ਦੀ ਸੰਭਾਵਨਾ ਹੈ, ਪਰ ਉਹ ਸਾਡੇ ਤਕ ਨਹੀਂ ਪੁੱਜ ਸਕੀਆਂ । ਪਰ ਮੁਹੰਮਦ ਕਾਸਥੀ ਦੁਆਰਾ ਲਿਖਿਆ 'ਜੰਗਨਾਮਾ ਇਮਾਮ ਹੁਸੈਨ,' ਬਰਖ਼ੁਰਦਾਰ ਦਾ ਵੀ ਏਸੇ ਨਾਂ ਹੇਠ ਲਿਖਿਆ ਜੰਗਨਾਮਾ ਅਤੇ ਮਿਹਰਵਾਨ ਦੁਆਰਾ ਰਚੀ ਗਈ 'ਪੀਰਾ ਦੀ ਵਾਰ' ਦੇ ਹਵਾਲੇ ਮਿਲਦੇ ਹਨ। ਮੋਲਾ ਬਖ਼ਸ਼ ਕੁਸ਼ਤਾ ਨੇ ਦੀਵਾਨ ਨਿਆਮਤ ਖਾਨ ਜਾਨ ਦੁਆਰਾ ਲਿਖੀ ਇਕ ਹੋਰ ਵਾਰ ਦਾ ਵੀ ਜ਼ਿਕਰ ਕੀਤਾ ਹੈ, ਜਿਸ ਦਾ ਨਾਂ 'ਦੀਵਾਨ ਅਲਿਫ ਖਾਨ ਦੀ ਵਾਰ' ਹੈ। ਇਸ ਵਾਰ ਵਿਚੋਂ ਇਕ ਉਦਾਹਰਣ ਇਸ ਪ੍ਰਕਾਰ ਹੈ :
ਪਹਿਲੇ ਅੱਲਾ ਸਿਮਰੀਏ, ਜਿਨ ਸਭਸ ਉਪਾਇਆ।
ਬੇਲ ਜਲਾਵਣ ਕਾਰਨੇ, ਰੱਖੇ ਨਹੀਂ ਕਾਇਆ।
ਨਾਮ ਮੁਹੰਮਦ ਲੀਜੀਏ, ਸਭਨਾਂ ਸਰਦਾਰ।
ਪੰਥ ਵਿਖਾਲਿਆ ਦੀਨ ਦਾ ਸਗਲੇ ਸੰਸਾਰ।
ਜਿਨ੍ਹਾਂ ਕਲਮਾ ਆਖਿਆ, ਸੇ ਲਗੇ ਪਾਰ।
ਦਿਲ ਵਿਚ ਰੱਖੀ ਜਿਨ ਦਗਾ, ਤੇ ਸੱਟੀ ਮਾਰ।
(ਖ) ਗੁਰੂ ਨਾਨਕ ਕਾਲ ਦੀ ਵਾਰਤਕ
ਅਸੀਂ ਪਿਛੇ ਜ਼ਿਕਰ ਕਰ ਚੁੱਕੇ ਹਾਂ ਕਿ ਪੂਰਵ-ਨਾਨਕ ਕਾਲ ਵਿਚ ਸਾਡੀ ਪੁਰਾਤਨ ਵਾਰਤਕ ਦਾ ਪੂਰਨ ਤੌਰ ਤੇ ਵਿਕਾਸ ਹੋ ਚੁੱਕਾ ਸੀ ਤੇ ਭਿੰਨ-ਭਿੰਨ ਰੂਪਾਂ ਤੇ ਵੰਨਗੀਆਂ ਦੀ ਵਾਰਤਕ ਕਾਫੀ ਮਾਤ੍ਰਾ ਵਿਚ ਅੱਜ ਸਾਨੂੰ ਪ੍ਰਾਪਤ ਹੈ, ਜਿਸ ਦਾ ਵੇਰਵਾ ਕੁਝ ਇਸ ਪ੍ਰਕਾਰ ਹੈ :