

ਲਿਖੀ ਗਈ। ਵਲਾਇਤ ਵਾਲੀ ਤੇ ਹਾਫਜਾਬਾਦ ਵਾਲੀ ਜਨਮ ਸਾਖੀ ਨੂੰ ਆਧਾਰ ਬਣਾ ਕੇ ਹੀ ਭਾਈ ਵੀਰ ਸਿੰਘ ਵਲੋਂ ਪੁਰਾਤਨ ਜਨਮ ਸਾਖੀ ਤਿਆਰ ਕੀਤੀ ਗਈ। ਇਸ ਨੂੰ ਉਨ੍ਹਾਂ ਨੇ 1635 ਈ ਦੀ ਰਚਨਾ ਸਿੱਧ ਕੀਤਾ ਹੈ। ਇਸ ਜਨਮ ਸਾਖੀ ਦੀ ਵਾਰਤਕ ਦਾ ਇਕ ਨਮੂਨਾ ਦੇਖੋ:
'ਤਬਿ ਮਰਦਾਨੇ ਆਖਿਆ, ਜੀ ਖੁਦਾਇ ਏਕ ਹੈ, ਕਿਉਂ?" ਤਬਿ ਬਾਬੇ ਆਖਿਆ, "ਹੇ ਮਰਦਾਨਿਆਂ! ਖੁਦਾਇ ਏਕੁ ਹੈ ।" ਤਬ ਮਰਦਾਨੇ ਅਰਜ਼ ਕੀਤੀ, ਆਖਿਓਸ : "ਜੀ ਪਾਤਸ਼ਾਹ ਉਹ ਕਿਸ ਕੀ ਪੈਦਾਇਸ਼ ਹੈ ਅਤੇ ਉਹ ਕਿਸ ਕੀ ਪੈਦਾਇਸ਼ ਹੈ ਜੋ ਸੁਖਪਾਲਿ ਵਿਚ ਚੜ੍ਹਿਆ ਜਾਂਦਾ ਹੈ ਅਤੇ ਉਹ ਪੈਰਾਂ ਤੇ ਉਪੋਹਾਣੇ ਭੀ ਹੈਨਿ ਅਤੇ ਪਿੰਡੋਂ ਨਾਂਗੇ। ਕਾਂਧੇ ਈਥੇ ਤੇ ਲਈ ਆਦਿ ਹੈਂਗ ਅਤੇ ਉਹੋ ਬੈਠੇ ਚਿਕਦੇ ਹਿਨਿ ।"
ਤਬਿ ਬਾਬੇ ਆਖਿਆ, "ਮਰਦਾਨਿਆ! ਤਪ ਤੇ ਰਾਜ ਹੈ, ਰਾਜ ਤੇ ਨਰਕ ਹੈ ਅਤੇ ਜੋ ਕੋਇ ਆਇਆ ਹੈ ਮਾਤਾ ਕੇ ਪੇਟ ਤੇ ਨਾਂਗਾ ਆਇਆ ਹੈ ਅਤੇ ਸੁਖ ਦੁਖੁ ਪਿਛਲਾ ਲੇਖੁ ਚਲਿਆ ਜਾਇ ।"
ਉਪਰੋਕਤ ਵਾਰਤਕ ਦੀ ਭਾਸ਼ਾ ਬੜੀ ਰਲੀ ਮਿਲੀ ਹੈ। ਇਹ ਲਹਿੰਦੀ ਤੇ ਹਿੰਦਵੀ ਦਾ ਮਿਸ਼ਰਤ ਰੂਪ ਹੈ। ਭਾਈ ਬਾਲੇ ਵਾਲੀ ਜਾਂ ਗੁਰੂ ਨਾਨਕ ਜੀ ਦੀਆਂ ਹੋਰ ਜਨਮ ਸਾਖੀਆਂ ਇਸ ਤੋਂ ਪਿਛੋਂ ਦੀ ਕ੍ਰਿਤ ਸਿੱਧ ਹੋ ਚੁੱਕੀਆਂ ਹਨ। ਪੁਰਾਤਨ ਜਨਮ ਸਾਖੀ ਦੀ ਵਾਰਤਕ ਹਰ ਪੱਖੋਂ ਸੰਪੂਰਣ ਤੇ ਉੱਤਮ-ਗੱਦ-ਸ਼ੈਲੀ ਦਾ ਪ੍ਰਮਾਣ ਹੈ। ਵਿਚਾਰਾਂ ਤੇ ਬਿਆਨ ਵਿਚ ਜਿੱਥੇ ਪਰਸਥਿਤੀ ਜਾਂ ਵਿਚਾਰ ਅਨੁਸਾਰ ਗੰਭੀਰਤਾ, ਭਾਵੁਕਤਾ ਜਾਂ ਸਰਲਤਾ ਹੈ, ਉਥੇ ਭਾਸ਼ਾ ਦੇ ਪੱਖ ਤੋਂ ਇਹ ਪੁਰਾਣੀ ਪੰਜਾਬੀ ਦਾ ਇਕ ਪ੍ਰਮਾਣਿਕ ਨਮੂਨਾ ਹੈ, ਜਿਹੜਾ ਉਸ ਵੇਲੇ ਦੀ ਗੱਲ ਰਚਨਾ ਵਿਚ ਆਮ ਤੌਰ ਤੇ ਦੇਖਿਆ ਜਾ ਸਕਦਾ ਹੈ। ਪੁਰਾਤਨ ਜਨਮ ਸਾਖੀ ਦੇ ਲੇਖਕ ਦੇ ਬਿਆਨ ਦੀ ਭਾਵਕਤਾ ਦੀ ਇਕ ਉਦਾਹਰਣ ਹੇਠਾਂ ਦਿੱਤੀ ਜਾਂਦੀ ਹੈ, ਜਿਹੜੀ ਯਥਾਰਥਕ ਚਿੱਤਰ ਦਾ ਇਕ ਨਮੂਨਾ ਹੈ ਤੇ ਲੇਖਕ ਦੀ ਮਨੋ-ਸੂਝ ਦਾ ਵੀ ਲਖਾਇਕ ਹੈ । ਲੰਮੀ ਉਦਾਸੀ ਤੋਂ ਬਾਅਦ ਗੁਰੂ ਜੀ ਜਦ ਤਲਵੰਡੀ ਪਰਤਦੇ ਹਨ ਤਾਂ ਆਪ ਕੁਝ ਮੀਲ ਬਾਹਰ ਹੀ ਬਹਿ ਜਾਂਦੇ ਹਨ ਤੇ ਕੇਵਲ ਮਰਦਾਨੇ ਨੂੰ ਘਰ ਭੇਜਦੇ ਹਨ :
"ਤਾਂ ਮਾਤਾ ਉਠਿ ਖੜੀ ਹੋਈ, ਕੁਛ ਕਪੜੇ, ਕੁਝ ਮਠਿਆਈ ਲੈਕਰ, ਪਿਛਹੁ ਆਇ ਮਰਦਾਨੇ ਨੂੰ ਆਇ ਮਿਲੀ, ਤਾਂ ਆਖਿਓਸ 'ਮਰਦਾਨਿਆ! ਮੈਨੂੰ ਨਾਨਕ ਮਿਲਾਇ । ਤਾਂ ਮਰਦਾਨਾ ਚੁਪ ਕਰਿ ਰਹਿਆ । ਉਥਹੁੰ ਚਲੇ । ਆਵਦੇ ਆਂਵਦੇ ਜਾਂ ਕੋਹਾਂ ਦੁਹੁ ਉਪਰ ਆਏ ਤਾਂ ਬਾਬਾ ਬੈਠਾ ਹੈ । ਤਬ ਬਾਬੇ ਡਿਠਾ ਜੋ ਮਾਤਾ ਤੇ ਮਰਦਾਨਾ ਆਏ, ਤਬ ਬਾਬਾ ਆਇ ਕਰ ਪੈਰੀਂ ਪਇਆ, ਤਾਂ ਮਾਤਾ ਲਗੀ ਬੈਰਾਗੁ ਕਰਣਿ, ਸਿਰ ਚੁਮਿਓਸ । ਆਖਿਓਸ, "ਹਉਂ ਵਾਰੀ ਬੇਟਾ, ਹਉਂ ਤੁਥ ਵਿਟਹੁ ਵਾਰੀ, ਤੇਰੇ ਨਾਉਂ ਵਿਟਹੁ ਵਾਰੀ, ਜਿਥੇ ਤੂੰ ਫਿਰਦਾ ਹੈ, ਤਿਸ ਥਾਉਂ ਵਿਟਹੁ ਹਓ ਵਾਰੀ । ਤੁਧੁ ਨਿਹਾਲ ਕੀਤੀ, ਮੈਨੂੰ ਆਪਣਾ ਮੁਹੁ ਵਿਖਾਇਓ ।" ਤਬ ਬਾਬਾ ਮਾਤਾ ਕਾ ਮੁਹੁ ਦੇਖ ਕਰ ਗਦੁ ਗਦੁ ਹੋਇ ਗਇਆ । ਲਗਾ ਬੈਰਾਗੁ ਕਰਣਿ, ਬੈਰਾਗ ਕਰ ਕੇ ਹਸਿਆ।"
(4) ਵਚਨ
ਪੁਰਾਤਨ ਪੰਜਾਬੀ ਵਾਰਤਕ ਦਾ ਇਕ ਰੂਪ 'ਵਚਨ' ਜਾਂ 'ਬਚਨ' ਹੈ, ਜਿਸ ਦੇ ਕਈ ਨਮੂਨੇ ਮਿਲਦੇ ਹਨ, ਯਥਾ 'ਵਚਨ ਸਾਂਈਂ ਲੋਕਾਂ ਦੇ, ਵਚਨ ਫ਼ਕੀਰਾਂ ਦੇ' ਆਦਿ । ਮਹਾਂਪੁਰਸ਼ਾਂ ਜਾਂ ਗੁਰੂਆਂ ਦੇ ਵਚਨ ਸ਼ਰਧਾਲੂਆਂ ਲਈ ਖ਼ਾਸ ਖਿੱਚ ਰੱਖਦੇ ਸਨ, ਇਸ ਲਈ ਇਨ੍ਹਾਂ ਨੂੰ ਸੰਭਾਲਿਆ ਗਿਆ । ਅਜਿਹਾ ਇਕ ਵਚਨ ਨਮੂਨੇ ਮਾਤ੍ਰ ਹੇਠਾਂ ਦਿੱਤਾ ਜਾਂਦਾ ਹੈ। ਇਸ ਦਾ ਸਿਰਲੇਖ ਹੈ, "ਸਾਖੀ ਗੁਰੂ ਅਮਰਦਾਸ ਜੀ ਕੀ !" ਇਹ ਵਚਨ ਇਕ ਪ੍ਰਕਾਰ ਦੇ ਰਹਿਤਨਾਮੇ ਹੀ ਸਨ –
"ਸ੍ਰੀ ਸਤਿਗੁਰੂ ਬੋਲਿਆ ਜੁ ਪੰਜਿ ਕੰਮ ਨ ਕਰੇ ਅਤੇ ਪੰਜਿ ਕੰਮ ਕਰੈ, ਜੇ ਗੁਰੂ ਕਰਾਵੈ ਨ ਕਰੈ ਪੰਜਿ ਕੰਮ । ਪਰ ਦਰਬੁ ਨ ਹਿਰੇ । ਪਰ ਇਸਤਰੀ ਨ ਰਵੈ । ਪਰ ਨਿੰਦਾ ਨਾ ਕਰੈ । ਜੂਆ ਨ ਖੇਲੇ । ਮਦੁ ਮਾਸੁ ਨ ਖਾਇ। ਪੰਜਿ ਕੰਮ ਕਰੇ ਸੁ ਜੀਵਨ ਮੁਕਤ ਹੈ। ਸੰਗਤਿ ਨਿਤ ਜਾਇ, ਕਿਛੁ ਮਹਿ ਪਾਵਣੈ ਨੇ ਲੈ ਜਾਇ ਅਤੇ ਆਰਤੀ ਕੀਰਤਨ ਸੁਣਿ ਸਵੈਂ । ਅਰਥੀ ਤੇ ਦੁਖੀਐ ਨਿਮਾਣੇ ਕੋ ਮਾਣੁ ਦੇਇ, ਪਰਉਪਕਾਰ ਕਰਾਵੈ ਲੋਚੈ। ਜਿਸਨੋ ਕੁੜਮਾਈ ਕੋਈ ਨਾ ਕਰੈ ਤਿਸ ਨੇ ਪੁਨ ਅਰਥ ਲੋਚਿ ਕਰਿ ਕਰਾਵੈ ਅਕੇ ਆਪਿ ਕਰੈ ।"