

(5) ਹੁਕਮਨਾਮੇ
ਗੁਰੂ ਹਰਿਗੋਬਿੰਦ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਸੰਗਤਾਂ ਨੂੰ ਗੁਰੂ ਸਾਹਿਬਾਨ ਵਲੋਂ ਲਿਖੇ ਗਏ ਪੱਤਰ ਹੁਕਮਨਾਮੇ ਅਖਵਾਏ । ਸੰਗਤਾਂ ਨੂੰ ਲੰਗਰ ਲਈ ਮਾਇਆ ਜਾਂ ਰਾਸ਼ਨ ਭੇਜਣ, ਸ਼ਸਤਰ, ਘੋੜੇ ਭੇਜਣ ਜਾਂ ਕਿਸੇ ਹੋਰ ਮਨੋਰਥ ਲਈ ਅਜਿਹਾ ਕੀਤਾ ਜਾਂਦਾ ਸੀ । ਗੁਰੂ ਸਾਹਿਬ ਹੁਕਮਨਾਮੇ ਤੇ ਕਿਸੇ ਥਾਂ ਆਪਣੇ ਹੱਥ ਨਾਲ ਖਾਸ ਨਿਸ਼ਾਨ ਲਾ ਦਿੰਦੇ ਸਨ, ਬਾਕੀ ਖ਼ਤ ਉਨ੍ਹਾਂ ਦਾ ਕੋਈ ਸੇਵਕ ਹੀ ਲਿਖਦਾ ਸੀ । ਹੁਕਮਨਾਮਿਆਂ ਦੀ ਵਾਰਤਕ ਦਾ ਨਮੂਨਾ ਦੇਖੋ:
"ਸਿਰੀ ਗੁਰੂ ਜੀਓ ਕੀ ਆਗਿਆ ਹੈ ਸਰਬਤਿ ਸੰਗਤ ਨਉਸ਼ਹਰੇ ਕੀ ਗੁਰੂ ਰਖੇਗਾ ਸੰਗਤਿ ਗੁਰੂ ਗੁਰੂ ਜਪਣਾ ਜਨਮ ਸਓਰੇਗਾ । ਸੰਗਤਿ ਦਿਵਾਲੀ ਨੇ ਦਰਸ਼ਨਿ ਆਵਣਾ ਜੋ ਗੁਰੂ ਕੇ ਨਿਵਤ ਕਾ ਹੋਵੇ, ਸੋ ਆਪੈ ਲੈ ਆਵਣਾ, ਹੋਰਸ ਕਿਸੇ ਨੋ ਨਾਹੀ ਦੇਣਾ ।"
(6) ਅਨੁਵਾਦ
ਮੌਲਿਕ ਰਚਨਾਵਾਂ ਦੇ ਨਾਲ-ਨਾਲ ਇਸ ਕਾਲ ਵਿਚ ਬਹੁਤ ਸਾਰੀਆਂ ਪੁਰਾਣੀਆਂ ਪ੍ਰਸਿੱਧ ਜਾਂ ਸ੍ਰੇਸ਼ਟ ਰਚਨਾਵਾਂ ਦੇ ਅਨੁਵਾਦ ਵੀ ਹੋਏ। ਇਨ੍ਹਾਂ ਅਨੁਵਾਦਾਂ ਵਿਚ ਬਹੁਤੀ ਵਾਰੀ ਮੂਲ ਰਚਨਾ ਦਾ ਅਸਰ ਪ੍ਰਤੱਖ ਦੇਖਿਆ ਜਾ ਸਕਦਾ ਸੀ । ਇਸ ਕਾਲ ਵਿਚ ਹੋਏ ਹੇਠ ਲਿਖੇ ਅਨੁਵਾਦ ਸਾਡਾ ਵਿਸ਼ੇਸ਼ ਧਿਆਨ ਖਿੱਚਦੇ ਹਨ :
(ੳ) ਟੀਕਾ ਵੇਦਾਂਤ ਸਾਰ
(ਅ) ਛੱਜੂ-ਭਗਤ ਦਾ ਗੀਤਾ ਮਹਾਤਮ
(ੲ) ਬਿਬੇਕ ਸਾਰ ਜਾਂ ਗੀਤਾ ਸਾਰ
(ਸ) ਭੋਗਲ ਪੁਰਾਣ
(ਹ) ਆਦਿ ਰਾਮਾਇਣ
(ਕ) ਵਿਸ਼ਨੂੰ ਪੁਰਾਣ
(ਖ) ਭਗਵਤ ਗੀਤਾ
ਆਦਿ ਰਾਮਾਇਣ ਵਿਚੋਂ ਕੁਝ ਭਾਗ ਉਦਾਹਰਣ ਲਈ ਹੇਠਾਂ ਦਿੱਤਾ ਜਾਂਦਾ ਹੈ :
"ਤਬ ਰਾਵਣ ਸਭੇ ਹੀ ਵਰ ਲੈ ਕਰਿ ਘਰਿ ਆਇਆ, ਤਬ ਆਇ ਕਰ ਮਾਈ ਕੀ ਲੰਕਾ ਉਸਾਰੀ । ਜਿਉਂ ਜਿਉਂ ਸ੍ਰੀ ਮਹਾਦੇਵ ਵਿਧਿ ਕਹੀ ਥੀ, ਤਿਉਂ ਤਿਉਂ ਹੀ ਕੀਨੀ । ਅਰੁ ਇਤਿ ਭੀ ਉਸੀ ਭਾਂਤਿ ਰਚੀ। ਦਰਵਾਜ਼ਾ ਇਸ ਲੰਕਾ ਦਾ ਭੀ ਦੱਖਣ ਦੀ ਓਰ ਭਇਆ ਅਰ ਪੜਨਾਲੇ ਭਲਿ ਗਏ । ਮਾਟੀ ਕੀ ਲੰਕਾ ਮੰਚਿਤ ਸੀ, ਈਸ਼ਵਰ ਕੀ ਦ੍ਰਿਸ਼ਟੀ ਦੇਖਣੇ ਸਾਥ ਸੋਨੇ ਕੀ ਭਈ । ਤਬ ਸ੍ਰੀ ਮਹਾਦੇਵ ਕੇ ਪ੍ਰਸਾਦਿ ਰਾਜੇ ਰਾਵਣ ਤੀਨ ਲੋਕ ਕਾ ਰਾਜੁ ਪਾਇਆ ।"
"ਬਿਬੇਕ ਸਾਰ" ਵਿਚ ਡੂੰਘੀਆਂ ਸਿਧਾਂਤਕ ਗੱਲਾਂ ਦਾ ਨਿਚੋੜ ਕੀਤਾ ਗਿਆ ਹੈ। ਇਸ ਵਿਚ ਅਧਿਆਤਮਿਕ ਵਿਚਾਰਾਂ ਨੂੰ ਪ੍ਰਸ਼ਨੋਤਰੀ ਦੇ ਰੂਪ ਵਿਚ ਬਿਆਨਿਆ ਜਾਂਦਾ ਹੈ । ਉਦਾਹਰਣ ਲਈ :
ਪ੍ਰਸ਼ਨ : ਸੰਤ ਬਚਨ ਸ੍ਰਵਣ ਕਾ ਫਲ ਕਿਆ ਹੈ ?
ਉੱਤਰ : ਜਿਵੇਂ ਕਿਸੇ ਲਾਹੌਰ ਜਾਣਾ ਹੋਵੇ । ਅਗੇ ਉਸ ਡਿਠਾ ਨਹੀਂ । ਮਾਰਗ ਵਿਖੇ ਜਿੱਥੇ ਕੋਈ ਸ਼ਹਰੁ ਦੇਖਦਾ ਹੈ ਪਕੇ ਮਹਲ ਚਉਬਾਰੇ, ਉਸ ਸ਼ਹਿਰ ਨੂੰ ਲਾਹੋਰ ਮੰਨ ਕੇ ਠਹਿਰ ਜਾਂਦਾ ਹੈ। ਪਰ ਜਿਸ ਖੁਰੇ ਅਤੇ ਨਿਸ਼ਾਨੀਆਂ ਲਾਹੌਰ ਵਾਸੀ ਪਾਸੋਂ ਸੁਣੀਆਂ ਸਮਝੀਆਂ ਹੋਂਦੀਆਂ ਹੈਨਿ, ਸੌ ਮਾਰਗ ਵਿਖੇ ਅਟਕਦਾ ਕਿਥਾਹੁੰ ਨਹੀਂ. ਤੋੜਿ ਲਗਾ ਜਾਂਦਾ ਹੈ । ਏਹੁ ਸਹਾਇਤਾ ਸੰਭਵ ਬਚਨ ਕੀ। ਮੇਰੇ ਮਨੁ ਗੁਰਮਤੁ ਹਰਿ ਹਰਿ ਰਾਖਾ ॥ ਹਰਿ ਹਰਿ ਆਣਿ ਮਿਲਾਇਓ ਗੁਰੂ ਸਾਧੂ ਗੁਰਿ ਮਿਲਿਐ ਹਰਿ ਪਰਾਖਾ।
ਸਲੋਕ - ਕਬੀਰੁ ਹਮ ਭੀ ਚਲੇ ਜਾਤ ਥੇ ਲੇਕ ਬੇਟ ਕੇ ਸਾਥ।
ਰਗ ਮੈਂ ਸਤਿਗੁਰ ਮਿਲੈ, ਦੀਪਕ ਦੀਨੋ ਹਾਥਿ।