Back ArrowLogo
Info
Profile

ਏਸੇ ਤਰ੍ਹਾਂ ਗੀਤਾ ਸਾਰ' ਵਿਚੋਂ ਵੀ ਇਕ ਉਦਾਹਰਣ ਦੇਣੀ ਉਚਿੱਤ ਪ੍ਰਤੀਤ ਹੁੰਦੀ ਹੈ। "ਹੇ ਅਰਜਨ ਇਹ ਗੀਤਾ ਸਾਰ ਹੈ। ਬਿਧਿਆ ਕੇ ਅੰਧਕਾਰ ਕੇ ਨਾਸ ਕਰਤੀ ਹੈ। ਦਰਪਨ ਦੀ ਨਿਆਈਂ ਦਰਸਨੁ ਦੇਵੇ ਹੈ । ਆਪ ਨੇ ਹੀ ਬਿਖੈ ਪਰਮਾਤਮਾ ਦਾ ਦਰਸ਼ਨੁ ਦਿਖਾਵੈ ਹੈ। ਇਸ ਗੀਤਾ ਸਾਰੁ ਬਿਖੈ ਬ੍ਰਹਮ ਗਿਆਨੁ ਹੈ । ਬੇਦੋਂ ਅਰ ਸ਼ਾਸਤਰੋਂ ਦਾ ਨਿਹਚਾ ਹੈ, ਗੁਹਜਿ ਬੇਦ ਦਾ ਅਰਥ ਪ੍ਰਗਟ ਕਰਿ ਕਹਤੀ ਹੈ। ਪੁੰਨ ਰੂਪ ਹੈ । ਪਾਪੋਂ ਕਾ ਨਾਸ ਕਰਤੀ ਹੈ। ਜੋ ਕੋਊ ਇਸ ਬਿਸਨ ਕਾ ਮਹਾਤਮੁ ਪਾਠ ਕਰੈ ਅਥਵਾ ਕੋਉ ਸ੍ਰਵਣ ਕਰੈ, ਸੋ ਪਰਮਪਦ ਪਾਵੈ।"

ਵਿਸ਼ਨੂੰ ਪੁਰਾਣ ਇਕ ਹੋਰ ਮਹੱਤਵਪੂਰਨ ਗ੍ਰੰਥ ਹੈ, ਜਿਸ ਦਾ ਅਨੁਵਾਦ ਇਸ ਕਾਲ ਵਿਚ ਹੋਇਆ। ਅਨੁਵਾਦ ਵਿਚ ਵੀ ਭਾਸ਼ਾ ਤੇ ਲਹਿਜਾ, ਮੂਲ ਲਿਖਤ ਵਾਲਾ ਵਧੇਰੇ ਹੈ। ਇਸ ਛੋਟੀ ਉਦਾਹਰਣ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ :

"ਹੇ ਮਤੇ ਕਥਾ ਪ੍ਰਹਿਲਾਦ ਦੀ ਕਹਤਾ ਹੈਂ, ਤੂੰ ਸ੍ਰਵਣ ਕਰਿ। ਦੈਂਤ ਕੇ ਉਦ੍ਰ ਤੇ ਦੋ ਪੂੜ ਉਤਪਤਿ ਭਏ । ਏਕ ਹਰਨਾਕਸ । ਅਰ ਦੂਸਰਾ ਹਰਨਾਕਸਪੁ, ਸਤਿਜੁਗ ਵਿਖੇ ਥੇ। ਹਰਨਾਛਸ ਕਓ ਭਗਵਾਨ ਬੈਰਾਹਿ ਰੂਪ ਧਾਰ ਕਰਿ ਨਾਸ ਕੀਤਾ, ਤਿਸ ਕੇ ਪੀਛੇ ਹਰਨਾਕਸਪੁ ਤ੍ਰਿਲੋਕੀ ਕਾ ਰਾਜ ਕਰਤਾ ਥਾ ।"

ਭਗਵਤ ਗੀਤਾ ਦੇ ਅਨੁਵਾਦ ਵਿਚ ਹਿੰਦਵੀ ਜਾਂ ਸਾਧ-ਭਾਖਾ ਦਾ ਰੰਗ ਵਧੇਰੇ ਹੈ। ਵਿਸ਼ੇਸ਼ ਤੌਰ ਤੇ ਧਾਰਮਿਕ ਜਾਂ ਅਧਿਆਤਮਿਕ ਸ਼ਬਦਾਵਲੀ ਤਾਂ ਹੂ-ਬਹੂ ਤੇ ਤਤਸਮ ਰੂਪ ਵਿਚ ਵਰਤੀ ਹੈ, ਜਿਵੇਂ:

ਸ੍ਰੀ ਕ੍ਰਿਸ਼ਨ ਭਗਵਾਨ ਜੀ ਉਧਵਿ ਕਹੇਂ ਹੈਂ। ਕਿ ਹੇ ਉਧਵਿ ਬਾਣ ਪ੍ਰਸਦਿ ਆਸ੍ਰਮਿ ਕੀ ਪਰਮੁ ਨਿਰੂਪਣ ਕਰੇਂ ਹੋ, ਤੂੰ ਸਰਵਣਿ ਕਰਿ । ਜੁ ਗ੍ਰਿਹਸਥੀ ਬਨ ਵਿਖੇ ਗਾਇਆ ਚਾਹੈ । ਤਬ ਇਸਤਰੀ ਕਉ ਪੁਤਹੁ ਕਉ ਸਉਪੈ ਅਰ ਆਰਿਬਲਾ ਤੀਸਰਾ ਅਸੁ ਬਨ ਬਿਖੇ ਬਤੀਤ ਕਰੈ। ਕੰਦਿ ਮੂਲੁ ਅਹਾਰੁ ਕਰੈ । ਜੁ ਭੂਮਿ ਕੇ ਖੋਟੇ ਤੇ ਨਿਕਾਸਹਿ ਸੁ ਕੰਦਿ ਮੂਲ ਕਹਾਵੈ ।"

ਏਸੇ ਲੜੀ ਦੀ ਅਗਲੀ ਰਚਨਾ 'ਛੱਜੂ ਭਗਤ ਦਾ ਗੀਤਾ ਮਹਾਤਮ' ਹੈ। ਛੱਜੂ ਭਗਤ ਕਵੀ ਵੀ ਸੀ ਤੇ ਕਵਿਤਾ ਵਾਲੇ ਭਾਗ ਵਿਚ ਅਸੀਂ ਉਸ ਦੀ ਕਵਿਤਾ ਬਾਰੇ ਚਰਚਾ ਕਰ ਚੁੱਕੇ ਹਾਂ । ਉਸ ਦੀ ਵਾਰਤਕ ਦਾ ਨਮੂਨਾ ਇਸ ਪ੍ਰਕਾਰ ਹੈ :

"ਹੇ ਲਛਮੀ, ਸੁਮੇਰ ਪਰਬਤ ਪਰ ਦੇਵ ਲੋਕ ਮੇਂ ਇੰਦਰ ਆਪਣੀ ਸਭਾ ਲਗਾਇ ਬੈਠਾ ਥਾ। ਅਗੇ ਉਰਬਸ਼ੀ ਨਿਰਤਕਾਰੀ ਬਡੀ ਕਰ ਰਹੀ ਥੀ ਅਰ ਸਭ ਸਭਾ ਅਰਇੰਦਰ ਬਡੀ ਪਰਸੰਨਤਾ ਮੇਂ ਥੇ । ਇਤਨੇ ਮੇ ਏਕ ਚਤਰਭੁਜ ਰੂਪਧਾਰੀ ਕੇ ਦੇ ਪਾਰਖਦ ਲੇ ਆਏ ਵਿਮਾਨ ਪਰ ਚਾੜ੍ਹ ਕੇ। ਅਰ ਇੰਦਰ ਕੇ ਸਭ ਦੇਵਤਾ ਕੇ ਰੂਬਰੂ ਕਹਾ ਤੂੰ ਉਠ, ਇਸ ਕਉ ਬੈਠਣੇ ਦੇਹ ।"

"ਭੋਗਲ ਪੁਰਾਣ" ਜਿਸ ਤਰ੍ਹਾਂ ਇਸ ਦੇ ਨਾਂ ਤੋਂ ਹੀ ਪ੍ਰਗਟ ਹੈ ਅਜਿਹਾ ਪੁਰਾਣ ਹੈ ਜਿਸ ਦੀ ਮਿਥਿਹਾਸਕ ਦ੍ਰਿਸ਼ਟੀ ਤੋਂ ਦੀਪਾਂ, ਲੋਆਂ, ਖੰਡਾਂ, ਬ੍ਰਹਿਮੰਡਾਂ, ਸ੍ਰਿਸ਼ਟੀ ਤੇ ਹੋਰ ਮੰਡਲਾਂ ਆਦਿ ਸਾਰੇ ਵਿਸ਼ਵਾਸਾਂ ਨੂੰ ਪ੍ਰਗਟਾਇਆ ਗਿਆ ਹੈ। ਇਸ ਵਾਰਤਕ ਦੀ ਸ਼ਬਦਾਵਲੀ ਪੁਰਾਤਨ ਢੰਗ ਦੀ ਹੈ ਤੇ ਵਾਕ ਛੋਟੇ ਹਨ ਜਿਨ੍ਹਾਂ ਦੀ ਬਣਤਰ ਕਵਿਤਾ ਵਰਗੀ ਹੈ। ਤੱਥਾਂ ਨੂੰ ਬੜੇ ਸਿੱਧੇ ਪੱਧਰੇ ਢੰਗ ਨਾਲ ਬਿਆਨਿਆ ਹੈ :

"ਆਦਿ ਬ੍ਰਹਮਾ ਬ੍ਰਹਮੋ ਤੇ ਮਨਸਾ ਦੇਵੀ । ਤਾਂ ਤੇ ਓਅੰਕਾਰ ਸ਼ਬਦ । ਅਨਹਦ ਭਇਓ ਤੇ ਪ੍ਰਿਥਮੇ ਅਕਾਸ ਉਤਪੰਨਾ। ਅਕਾਸ ਤੇ ਵਾਇ ਉਤਪੰਨੀ । ਵਾਇ ਤੇ ਤੇਜ ਉਤਪੰਨਾ । ਤੇਜ ਤੇ ਪਾਣੀ ਉਤਪੰਨਾ । ਪਾਣੀ ਤੇ ਪ੍ਰਿਥਵੀ ਉਤਪੰਨੀ । ਪਾਣੀ ਮਧੇ ਬ੍ਰਹਿਮੰਡ ਉਪਾਇਆ। ਬ੍ਰਹਿਮੰਡ ਫੁਟ ਕੁਟਿਕਾ ਭਟਿਆ ਤੇ ਜਲ ਮਧੇ ਵਿਸ਼ਨੂੰ ਰਹੇ ਹੈਂ । ਵਿਸ਼ਨੂੰ ਕੇ ਨਾਭ ਕਵਲ ਮਧੇ ਬ੍ਰਹਮਾ ਰਹੈ ਹੈ । ਸੋ ਬ੍ਰਿਹਮਾ ਉਤਪੰਨ ਕੀਉ!"

(7) ਫੁਟਕਲ

ਵਿਸ਼ੈ-ਬੱਧ ਜਾਂ ਰੂਪ-ਬੱਧ ਗੱਦ ਲਿਖਤਾਂ ਤੋਂ ਬਿਨਾਂ ਬਹੁਤ ਸਾਰੀਆਂ ਫੁਟਕਲ ਰਚਨਾਵਾਂ ਵੀ ਇਸ ਕਾਲ ਵਿਚ ਹੋਂਦ ਵਿਚ ਆਈਆਂ। ਇਨ੍ਹਾਂ ਵਿਚੋਂ ਕੁਝ ਇਕ ਰਚਨਾਵਾਂ ਦਾ ਹਵਾਲਾ ਦੇਣਾ ਜ਼ਰੂਰੀ ਹੁੰਦਾ ਹੈ-

86 / 93
Previous
Next