

ਇਤਿਹਾਸ ਲਈ ਮੁੱਢਲੀ ਸਾਮੱਗ੍ਰੀ ਨਿਸ਼ਚੇ ਹੀ ਇਸ ਤੋਂ ਪ੍ਰਾਪਤ ਹੋਈ ਹੈ।
(ੲ) ਤੀਜਾ ਰੂਪ ਨਿੱਕੀ ਕਹਾਣੀ ਵਾਲਾ ਹੈ। ਜਨਮ ਸਾਖੀਆਂ ਇਕ ਪ੍ਰਕਾਰ ਨਾਲ ਕਿਸੇ ਮਹਾਂ-ਪੁਰਸ ਦੇ ਜੀਵਨ ਨਾਲ ਸੰਬੰਧਿਤ ਕਹਾਣੀਆਂ ਤੇ ਘਟਨਾਵਾਂ ਹੀ ਹੁੰਦੀਆਂ ਹਨ। ਭਾਵੇਂ ਇਨ੍ਹਾਂ ਵਿਚ ਅੱਜਕਲ੍ਹ ਦੀ ਹੁਨਰੀ ਨਿੱਕੀ ਕਹਾਣੀ ਵਾਲੇ ਸਾਰੇ ਗੁਣ ਜਾਂ ਤੱਤ ਨਹੀਂ ਮਿਲਦੇ, ਪਰ ਕਹਾਣੀ ਰਸ ਦੀ ਘਾਟ ਇਨ੍ਹਾਂ ਵਿਚ ਨਹੀਂ ਦਿਸਦੀ।
(ਸ) ਚੌਥਾ ਰੂਪ ਆਲੋਚਨਾ ਦਾ ਹੈ। ਕਿਤਾਬੀ ਆਲੋਚਨਾ ਦਾ ਮੁੱਢਲਾ ਰੂਪ ਟੀਕੇ ਜਾਂ ਪਰਮਾਰਥ ਹੀ ਹੁੰਦੇ ਹਨ, ਜਿਨ੍ਹਾਂ ਦੁਆਰਾ ਕਿਸੇ ਰਚਨਾ ਦੇ ਔਖੇ ਜਾਂ ਗੁੰਝਲਦਾਰ ਵਿਚਾਰਾਂ ਦੇ ਭਾਵਾ ਨੂੰ ਪਾਠਕਾ ਲਈ ਸੋਖਾ ਕਰ ਕੇ ਪੇਸ਼ ਕੀਤਾ ਗਿਆ ਹੁੰਦਾ ਹੈ । ਖੰਡਨ ਮੰਡਨ ਵੀ ਇਸ ਦੇ ਨਾਲ ਹੀ ਹੋ ਜਾਂਦਾ ਹੈ, ਅਰਥਾਤ ਆਪਣੇ ਕਿਸੇ ਵਿਚਾਰ ਦੀ ਦਲੀਲਾਂ ਨਾਲ ਪੁਸ਼ਟੀ ਤੇ ਵਿਰੋਧੀ ਵਿਚਾਰਾਂ ਦਾ ਦਲੀਲਾਂ ਨਾਲ ਖੰਡਨ ।
7. ਵੱਖ-ਵੱਖ ਵਿਦਵਾਨਾਂ ਨੇ ਆਪੋ ਆਪਣੀ ਪ੍ਰਤਿਭਾ ਅਨੁਸਾਰ, ਆਪਣੇ ਲਿਖਣ ਢੰਗ ਵਿਚ ਵਿਸ਼ੇਸ਼ਤਾਵਾਂ ਪੈਦਾ ਕੀਤੀਆਂ ਹਨ। ਕਿਸੇ ਨੇ ਆਪਣੀ ਲਿਖਤ ਵਿਚ ਵਾਰਤਾਲਾਪ ਨੂੰ ਲਿਆਂਦਾ, ਕਿਸੇ ਨੇ ਬੋਲੀ ਨੂੰ ਅਲੰਕਾਰਕ ਬਣਾ ਕੇ ਉਸ ਵਿਚ ਕਾਵਿ-ਮਈ ਰਸ ਪੈਦਾ ਕੀਤਾ ਅਤੇ ਕਿਸੇ ਨੇ ਪਾਠਕ ਨਾਲ ਨਿੱਜੀ ਸਾਂਝ ਪਾ ਕੇ ਉਸ ਨੂੰ ਗੱਲ ਸਮਝਾਉਣ ਦਾ ਉਪਰਾਲਾ ਕੀਤਾ । ਸਾਰੀ ਵਾਰਤਕ ਕਾਵਿ-ਮਈ ਸੀ । ਇਕੋ ਥਾਂ ਵਾਰਤਕ ਲਿਖਦਿਆਂ ਲਿਖਦਿਆਂ ਕਵਿਤਾ ਆਰੰਭ ਕਰ ਦਿੱਤੀ ਜਾਂਦੀ ਸੀ, ਜਾਂ ਫੇਰ ਦੋਹਾਂ ਦਾ ਸੁਮੇਲ ਹੋ ਜਾਂਦਾ ਸੀ ।
8. ਵਾਰਤਕ ਲਈ ਵਰਤੀ ਜਾਂਦੀ ਭਾਸ਼ਾ ਠੇਠ ਨਹੀਂ ਸੀ । ਸ਼ੁੱਧ ਪੰਜਾਬੀ ਨਾਲੋਂ ਸਾਧ-ਭਾਸ਼ਾ ਦਾ ਰੰਗ ਪ੍ਰਧਾਨ ਸੀ ਜਾਂ ਫੇਰ ਲਹਿੰਦੀ ਦੀ ਸ਼ਬਦਾਵਲੀ ਤੇ ਲਹਿਜਾ ਪ੍ਰਬਲ ਸੀ । ਵਾਰਤਕ ਲਈ ਵਰਤੀ ਗਈ ਹਰ ਪ੍ਰਕਾਰ ਦੀ ਭਾਸ਼ਾ ਉੱਤੇ ਹੋਰ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਅਸਰ ਪ੍ਰਤੱਖ ਸੀ । ਧਾਰਮਿਕ, ਅਧਿਆਤਮਿਕ ਤੇ ਸਦਾਚਾਰਕ ਸ਼ਬਦਾਵਲੀ ਤਤਸਮ ਰੂਪ ਵਿਚ ਅਪਣਾ ਲਈ ਜਾਂਦੀ ਸੀ ਤੇ ਬਾਕੀ ਨੂੰ ਤਦਭਵ ਰੂਪ ਦੇਣ ਦਾ ਯਤਨ ਕੀਤਾ ਜਾਂਦਾ ਸੀ । ਵਾਰਤਕ ਲਈ ਵਰਤੀ ਜਾਣ ਵਾਲੀ ਭਾਸ਼ਾ ਦੀ ਸ਼ਬਦ-ਚੋਣ ਵਿਚ ਵੀ ਕੋਈ ਨਿਸ਼ਚਿਤ ਵਿਧੀ, ਰੂਪ-ਰੇਖਾ, ਜਾਂ ਨਿਯਮਾਵਲੀ ਨਹੀਂ ਸੀ ਅਪਣਾਈ ਜਾਂਦੀ । ਭਾਸ਼ਾ ਦਾ ਕੋਈ ਟਕਸਾਲੀ ਰੂਪ ਹਾਲੀ ਤਕ ਨਹੀਂ ਸੀ ਨਿੱਖਰਿਆ । ਸ਼ਬਦਾਵਲੀ ਸੰਜੋਗਾਤਮਿਕ ਜਾਂ ਗੁਟ ਸੀ ਤੇ ਹੌਲੀ- ਹੌਲੀ ਸਮੇਂ ਦੇ ਬੀਤਣ ਨਾਲ ਇਨ੍ਹਾਂ ਦਾ ਵਿਯੋਗਾਤਮਿਕ ਜਾਂ ਨਿੱਖੜਵਾਂ ਸਰੂਪ ਸਾਹਮਣੇ ਆਉਣ ਲੱਗਾ।
9. ਵਾਕ ਬਣਤਰ ਬੜੀ ਅਜੀਬ ਸੀ ਤੇ ਕਿਸੇ ਵੀ ਵਿਆਕਰਣਿਕ ਨਿਯਮ ਅਨੁਸਾਰ ਨਹੀਂ ਸੀ ਹੁੰਦੀ । ਵਾਕ ਕਵਿਤਾ ਵਰਗੇ ਟੁੱਟਵੇਂ ਤੇ ਛੋਟੇ-ਛੋਟੇ ਹੁੰਦੇ ਸਨ । ਬਿਆਨ ਏਨਾ ਸੰਜਮੀ, ਸੰਕੁਚਿਤ ਜਾਂ ਅਸਪੱਸ਼ਟ ਹੁੰਦਾ ਸੀ ਕਿ ਕਈ ਵਾਰੀ ਅਰਥ ਸਮਝਣ ਵਿਚ ਵੀ ਕਾਫੀ ਔਖਿਆਈ ਪੇਸ਼ ਆਉਂਦੀ ਸੀ।
10. ਪੁਰਾਤਨ ਵਾਰਤਕ ਵਿਚ ਬਿਸ੍ਰਾਮ ਚਿੰਨ੍ਹਾਂ ਦੀ ਵਰਤੋਂ ਉੱਕਾ ਹੀ ਨਹੀਂ ਸੀ ਕੀਤੀ ਜਾਂਦੀ। ਕੇਵਲ ਵਾਕ ਦੇ ਅਖੀਰ ਵਿਚ । ਦਾ ਨਿਸ਼ਾਨ ਹੁੰਦਾ ਸੀ ਜਾਂ ਕਈ ਵਾਰੀ ਚਲਦੇ ਵਾਕ ਵਿਚ ਵੀ ਇਹੀ ਨਿਸ਼ਾਨ ਜੜ ਦਿੱਤਾ ਜਾਂਦਾ ਸੀ । ਪੈਰ੍ਹੇ ਬਣਾਉਣ ਦਾ ਵੀ ਰਿਵਾਜ ਨਹੀਂ ਸੀ । ਕੇਵਲ ਪ੍ਰਸ਼ਨੋਤਰੀ ਸਮੇਂ ਪੈਰ੍ਹਾ-ਵੰਡ ਸਹਿਜ ਸੁਭਾ ਹੋ ਜਾਂਦੀ ਸੀ ਜਾਂ ਇਕ ਕਹਾਣੀ ਜਾਂ ਸਾਖੀ ਮੁੱਕਣ ਤੇ ਪੈਰ੍ਹਾ ਬਦਲ ਲਿਆ ਜਾਂਦਾ ਸੀ ।
11. ਸ਼ਬਦ-ਜੋੜਾਂ ਦੀ ਵੀ ਇਕਸਾਰਤਾ ਨਹੀਂ ਸੀ। ਇਕੋ ਲਿਖਤ ਵਿਚ ਇਕੋ ਸ਼ਬਦ ਦੇ ਭਿੰਨ-ਭਿੰਨ ਸ਼ਬਦ- ਜੋੜ ਹੁੰਦੇ ਸਨ । ਗੁਰਬਾਣੀ ਵਾਲੀਆਂ ਲਗਾਂ ਮਾਤ੍ਰਾਂ ਵਾਰਤਕ ਵਿਚ ਆਮ ਸਨ, ਖ਼ਾਸ ਤੌਰ ਤੇ ਸਿਹਾਰੀ, ਔਂਕੜ, ਦੁਲੈਂਕੜੇ ਤੇ ਦੁਲਾਈਆਂ ਦੀ ਵਰਤੋਂ ਸ਼ਬਦ-ਜੋੜਾਂ ਨੂੰ ਆਮ ਬੋਲ-ਚਾਲ ਦੇ ਲਹਿਜੇ ਅਨੁਸਾਰ ਢਾਲ ਲਿਆ ਜਾਂਦਾ ਸੀ।