

ਅਧਿਆਇ ਛੇਵਾਂ
1700 ਈ. ਤੱਕ ਦੇ ਪੰਜਾਬੀ ਸਾਹਿੱਤ ਉੱਤੇ ਮੋੜਵੀਂ ਝਾਤ
ਪਿਛਲੇ ਪੰਨਿਆਂ ਤੇ ਅਸੀਂ ਸੰਖੇਪ ਵਿਚ ਪੰਜਾਬੀ ਸਾਹਿੱਤ ਦੇ ਆਦਿ ਕਾਲ ਤੋਂ ਲੈ ਕੇ ਸਤਾਰ੍ਹਵੀਂ ਸਦੀ ਦੇ ਅਖ਼ੀਰ ਤਕ, ਇਸ ਦੀ ਗਤੀ ਤੇ ਇਸ ਦੇ ਵਿਕਾਸ ਨੂੰ ਦਰਸਾਉਣ ਦਾ ਯਤਨ ਕੀਤਾ ਹੈ। ਇਤਿਹਾਸ ਦੇ ਵੱਖ-ਵੱਖ ਪੜਾਵਾਂ ਨੂੰ ਵੱਖ-ਵੱਖ ਲੇਖਕਾਂ, ਪ੍ਰਵਿਰਤੀਆਂ ਤੇ ਧਰਾਵਾਂ ਦੇ ਆਧਾਰ ਤੇ ਨਿਖੇੜਨ ਦਾ ਯਤਨ ਕੀਤਾ ਹੈ ਅਤੇ ਸਮੁੱਚੇ ਤੌਰ ਤੇ ਇਨ੍ਹਾਂ ਪ੍ਰਭਾਵਾਂ ਅਧੀਨ ਹੋਈ ਸਾਹਿੱਤ ਸਿਰਜਨਾ ਨੂੰ ਇਤਿਹਾਸਕ ਕ੍ਰਮ ਵਿਚ ਰਖ ਕੇ, ਇਕ ਲੜੀ ਵਿਚ ਬੰਨ੍ਹਣ ਦਾ ਯਤਨ ਕੀਤਾ ਹੈ। ਹਰ ਲਹਿਰ, ਧਾਰਾ ਜਾਂ ਪ੍ਰਵਿਰਤੀ ਦੇ ਪਿਛੋਕੜ ਨੂੰ ਵੀ ਸੰਖੇਪ ਵਿਚ ਬਿਆਨਿਆ ਗਿਆ ਹੈ ਤੇ ਉਨ੍ਹਾਂ ਕਾਰਕਾਂ ਦਾ ਵੀ ਅਧਿਐਨ ਕੀਤਾ ਗਿਆ ਹੈ, ਜਿਨ੍ਹਾਂ ਕਰ ਕੇ ਕਿਸੇ ਵਿਸ਼ੇਸ਼ ਕਾਲ ਵਿਚ, ਵਿਸ਼ੇਸ਼ ਪੱਤਰ, ਰੰਗ-ਢੰਗ ਜਾਂ ਰੂਪ ਦਾ ਸਾਹਿੱਤ ਰਚਿਆ ਗਿਆ, ਉਥੇ ਉਨ੍ਹਾਂ ਸੰਭਾਵਨਾਵਾਂ ਵਲ ਵੀ ਇਸ਼ਾਰਾ ਕੀਤਾ ਗਿਆ ਹੈ ਜਿੱਥੇ ਸਾਹਿੱਤ ਰਚਿਆ ਤਾਂ ਅਵੱਸ਼ ਗਿਆ ਹੋਵੇਗਾ, ਪਰ ਭਿੰਨ-ਭਿੰਨ ਕਾਰਨਾਂ ਕਰ ਕੇ ਸਾਡੇ ਹੱਥਾਂ ਤਕ ਨਹੀਂ ਪੁੱਜਿਆ। ਪਾਠਕਾਂ ਦੀ ਪੱਧਰ ਨੂੰ ਧਿਆਨ ਵਿਚ ਰਖਦਿਆਂ ਹੋਇਆਂ ਬਹੁਤੀ ਡੂੰਘਾਈ ਵਿਚ ਜਾਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਇਕ ਪ੍ਰਕਾਰ ਦਾ ਆਲੋਚਨਾਤਮਿਕ ਸਰਵੇਖਣ ਵੀ ਕੀਤਾ ਹੈ, ਜਿਸ ਦੇ ਆਧਾਰ ਤੇ ਅਸੀਂ ਪੂਰਵ-ਨਾਨਕ ਕਾਲ ਤੇ ਗੁਰੂ ਨਾਨਕ ਕਾਲ ਵਿਚ ਰਚੇ ਗਏ ਸਾਹਿੱਤ ਬਾਰੇ ਹੇਠ ਲਿਖੇ ਨਚੋੜ ਜਾਂ ਸਿੱਟੇ ਕੱਢ ਸਕਦੇ ਹਾਂ :
1. ਹੋਰ ਸਾਰੀਆਂ ਆਧੁਨਿਕ ਭਾਰਤੀ ਭਾਸ਼ਾਵਾਂ ਵਾਂਗ ਪੰਜਾਬੀ ਵਿਚ ਵੀ ਅੱਠਵੀਂ ਸਦੀ ਵਿਚ ਸਾਹਿੱਤ ਸਿਰਜਣਾ ਹੋਣ ਲਗ ਪਈ ਸੀ, ਜਿਸ ਦੇ ਬਹੁਤ ਸਾਰੇ ਨਮੂਨੇ ਅੱਜ ਸਾਨੂੰ ਪ੍ਰਾਪਤ ਹਨ, ਪਰ ਸਮੇਂ ਦੇ ਉੱਥਲ ਪੁੱਥਲ ਤੇ ਜੁਗ-ਗਰਦੀਆਂ ਕਾਰਨ ਸਭ ਕੁਝ ਸਾਡੇ ਤਕ ਨਹੀਂ ਪੁੱਜ ਸਕਿਆ । ਕੁਝ ਵਿਦਵਾਨਾਂ ਵਿਚ ਜਿਹੜੀ ਕਾਫ਼ੀ ਸਮੇਂ ਤਕ ਇਹ ਧਾਰਨਾ ਤੁਰੀ ਆ ਰਹੀ ਸੀ ਕਿ ਪੰਜਾਬੀ ਭਾਸ਼ਾ, ਪੰਜਾਬੀ ਸਾਹਿੱਤ ਤੇ ਗੁਰਮੁਖੀ ਲਿੱਪੀ ਦਾ ਮੁੱਢ, ਸਿੱਖ ਗੁਰੂ ਸਾਹਿਬਾਨ ਨਾਲ ਹੀ ਬੱਝਾ, ਉਹ ਸਮਾਪਤ ਹੋ ਚੁੱਕੀ ਹੈ ਤੇ ਇਨ੍ਹਾਂ ਤਿੰਨਾਂ ਦਾ ਪ੍ਰਾਚੀਨਤਾ ਬਾਰੇ ਹੁਣ ਕਿਸੇ ਪ੍ਰਕਾਰ ਦਾ ਭੁਲੇਖਾ ਬਾਕੀ ਨਹੀਂ ਰਹਿ ਗਿਆ।
2. ਪੂਰਵ-ਨਾਨਕ ਕਾਲ ਵਿਚ ਰਚੇ ਗਏ ਸਾਹਿੱਤ-ਰੂਪਾਂ ਤੇ ਵੰਨਗੀਆਂ ਵਿਚ, ਲੋਕ-ਸਾਹਿੱਤ, ਲੋਕ-ਵਾਰਾਂ, ਬੁਝਾਰਤਾਂ, ਨਾਥ-ਜੋਗੀਆਂ ਦੀਆਂ ਰਚਨਾਵਾਂ ਤੇ ਸਭ ਤੋਂ ਮਹੱਤਵਪੂਰਨ ਸਾਹਿੱਤ ਪ੍ਰਾਪਤੀ, ਬਾਬਾ ਫਰੀਦ ਦੀ ਰਚਨਾ ਹੈ, ਜਿਸ ਨੂੰ ਵਿਦਵਾਨਾਂ ਨੇ ਪੰਜਾਬੀ ਸਾਹਿੱਤ ਦਾ ਇਕ ਮੀਲ-ਪੱਥਰ ਆਖਿਆ ਹੈ ਤੇ ਇਸ ਦੇ ਕਰਤਾ ਨੂੰ ਪੰਜਾਬੀ ਸਾਹਿੱਤ ਦਾ ਪਿਤਾਮਾ ਕਹਿ ਕੇ ਸਨਮਾਨਿਆ ਹੈ । ਵਾਰਤਕ ਰਚਨਾ, ਜਿਹੜੀ ਹਰ ਭਾਸ਼ਾ ਵਿਚ ਕਵਿਤਾ ਨਾਲੋਂ ਪਿੱਛੋਂ ਹੋਂਦ ਵਿਚ ਆਉਂਦੀ ਹੈ, ਉਸ ਦਾ ਮੁੱਢ ਵੀ ਪੂਰਵ-ਨਾਨਕ ਕਾਲ ਵਿਚ ਹੀ ਬੱਝ ਚੁੱਕਾ ਸੀ।
3. ਪੂਰਵ-ਨਾਨਕ ਕਾਲ ਵਿਚ ਸਾਹਿੱਤ ਸਿਰਜਨਾ ਦੀ ਇਕ ਨਿਸ਼ਚਿਤ ਰੂਪ-ਰੇਖਾ ਉੱਘੜ ਆਈ ਸੀ ਤੇ ਇਕ ਮਰਯਾਦਾ ਦੀ ਸਥਾਪਤੀ ਤੇ ਸਾਹਿੱਤਕ ਗਤੀ ਦੀ ਸੇਧ ਆਪਣੀ ਉੱਚਤਾ, ਭਰਪੂਰਤਾ, ਸਰਬੰਗਤਾ ਤੇ ਵਿਸ਼ਾਲਤਾ ਕਰਕੇ ਨਵੀਆਂ ਸਿਖਰਾਂ ਨੂੰ ਛੋਹਣ ਲਗੀ ਤੇ ਇਸ ਨੂੰ ਸਾਹਿੱਤ ਦੇ ਇਤਿਹਾਸ ਦਾ 'ਸੁਨਹਿਰੀ ਕਾਲ' ਆਖਿਆ ਗਿਆ। 4. ਗੁਰੂ ਨਾਨਕ ਕਾਲ ਵਿਚ ਰਚੇ ਗਏ ਸਾਹਿੱਤ ਵਿਚ ਇਕ ਰੂਪਕ ਪਕਿਆਈ ਤੇ ਸਿਧਾਂਤਕ ਨਿਪੁੰਨਤਾ ਦੇਖੀ ਜਾ ਸਕਦੀ ਹੈ । ਗੁਰੂਆਂ, ਭਗਤਾਂ ਤੇ ਹੋਰ ਮਹਾਂ-ਪੁਰਸਾਂ ਦੀਆਂ ਅਦੁੱਤੀ ਰਚਨਾਵਾਂ ਦੇ ਨਾਲ-ਨਾਲ