

ਆਂਦੀ। ਜਗੀਰ ਤੇ ਰੂਪ ਦੀ ਸਲਾਹ ਨਾਲ ਕਾਕੇ ਨੂੰ ਵੀ ਦਿਆਲੇ ਨਾਲ ਕਲਕੱਤੇ ਨੂੰ ਤੋਰ ਦਿੱਤਾ।
ਦਿਆਲਾ ਕਾਕੇ ਨਾਲ ਗੱਡੀ ਚੜ੍ਹ ਗਿਆ। ਸੰਤਾਂ ਦੇ ਡੇਰੇ ਇਕ ਸ਼ਰਧਾਲੂ ਘਟ ਗਿਆ।
ਉਸ ਗਏ ਨੂੰ ਤਿੰਨ ਮਹੀਨੇ ਦੇ ਲਗਭਗ ਹੋਏ ਸਨ ਕਿ ਇਕ ਸ਼ਾਮ ਲੈਹੜੇ ਦੀ ਹਨੇਰੀ ਆਈ।ਦਿਆਲੇ ਦਾ ਸੁਕਿਆ ਅੰਬ ਹਵਾ ਦਾ ਜ਼ਬਰਦਸਤ ਧੱਕਾ ਨਾ ਸਹਾਰ ਸਕਿਆ ਅਤੇ ਵਿਚਕਾਰੋਂ ਟੁੱਟ ਕੇ ਚੌਫਾਲ ਆ ਪਿਆ। ਹਨੇਰੀ ਤੋਂ ਦੋ ਦਿਨ ਬਾਅਦ ਦਿਆਲੇ ਦੇ ਘਰ ਦਿਆਂ ਨੂੰ ਤਾਰ ਆ ਗਈ। ਦਿਆਲਾ ਗੱਡੀ ਦੇ ਐਕਸੀਡੈਂਟ ਨਾਲ ਮਰ ਗਿਆ ਏ । ਜਦ ਕਾਕੇ ਦੀ ਚਿਠੀ ਰੂਪ ਨੂੰ ਆਈ, ਉਸ ਬੜਾ ਅਫਸੋਸ ਮਨਾਇਆ। ਇਕ ਪ੍ਰੇਮੀ ਪਿਆਰ ਨੂੰ ਤਰਸਦਾ ਸਦਾ ਲਈ ਸ਼ਾਂਤ ਹੋ ਗਿਆ। ਇਕ ਮਨੁੱਖ ਜ਼ਿੰਦਗੀ ਨੂੰ ਝੁਰਦਾ ਰੁਲ ਕੇ ਖ਼ਤਮ ਹੋ ਗਿਆ। ਕੌਣ ਜਾਣੇ, ਅੱਜ ਵੀ ਸਮਾਜ ਦੇ ਭਾਰੇ ਪੁੜਾਂ ਵਿਚਕਾਰ ਕਿੰਨੀਆਂ ਲਹੂ ਭਰੀਆਂ ਜਵਾਨੀਆਂ ਜੀਵਨ ਨੂੰ ਲੁੱਛਦੀਆਂ ਪੀਠੀਆਂ ਜਾ ਰਹੀਆਂ ਸਨ ।
ਮੁੰਡਾ ਸੁੱਕ ਗਿਆ ਚੰਨੋਣ ਦਾ ਬੂਟਾ,
ਤੇਰੇ ਪਿੱਛੇ ਗੋਰੀਏ ਰੰਨੇ।
ਭਾਗ - ਚੌਵੀਵਾਂ
ਡੂੰਘਾ ਵਾਹ ਲੈ ਹਲ ਵੇ
ਤੇਰੀ ਘਰੇ ਨੌਕਰੀ।
ਸ਼ਾਹ ਦੀ ਦੁਕਾਨ “ਤੇ ਬੁੱਢੇ ਠੇਰੇ ਦੇ ਚਾਰ ਆਦਮੀ ਬੈਠੇ ਰਹਿੰਦੇ ਸਨ, ਜਿਹੜੇ ਕੰਮ ਕਰਨ ਤੋਂ ਆਰੀ ਸਨ ।ਸ਼ਾਹ ਲਾਹੌਰ ਤੋਂ ਅਖਵਾਰ ਮੰਗਵਾਇਆ ਕਰਦਾ ਸੀ। ਇੱਕ ਦਿਨ ਉਸ ਅਚਾਨਕ ਖ਼ਬਰ ਪੜਦਿਆਂ ਲੋਕਾਂ ਨੂੰ ਸੁਣਾਇਆ ਕਿ ਜੰਗ ਸ਼ੁਰੂ ਹੋ ਗਈ ।ਸਾਰੇ ਅਗਵਾੜ ਅਤੇ ਫਿਰ ਪਿੰਡ ਵਿਚ ਧੂਮ ਗਈ ਕਿ ਲਾਮ ਲੱਗ ਗਈ। ਕਰਮੇ ਨੇ ਦੁਕਾਨ ਤੋਂ ਸੌਦਾ ਲੈਣ ਆਇਆ ਸੁਣ ਲਿਆ ਸੀ। ਉਸ ਦੀ ਆਰਥਿਕ ਹਾਲਤ ਭੈੜੀ ਤੋਂ ਵੀ ਭੈੜੀ ਹੋ ਚੁੱਕੀ ਸੀ। ਉਸ ਦਾ ਪਿਤਾ ਚਲਾਣਾ ਕਰ ਗਿਆ ਸੀ। ਬਿਰਧ ਦੇ ਹੰਗਾਮੇ ਉੱਤੇ ਉਸ ਨੂੰ ਸੋ ਰੁਪਿਆ ਖਰਚ ਕਰਨਾ ਪਿਆ ਸੀ। ਆਪਣੀ ਭੈਣ ਦੇ ਵਿਆਹ ਨਾਲ ਉਹ ਪੰਜ ਸੌ ਰੁਪਏ ਦੇ ਹੋਰ ਹੇਠਾਂ ਆ ਗਿਆ ਸੀ। ਅੱਧੀ ਜ਼ਮੀਨ ਗਹਿਣੇ ਪੈ ਗਈ ਸੀ। ਸ਼ਾਹ ਦੀ ਅਸਲ ਰਕਮ ਜੋੜ ਕੇ ਹਜ਼ਾਰ ਰੁਪਏ ਤੋਂ ਵੱਧ ਗਈ ਸੀ। ਉਸ ਰਕਮ ਲਾਹੁਣ ਦਾ ਫਿਕਰ ਦਿਨ ਰਾਤ ਤੋੜ ਤੋੜ ਖਾਂਦਾ ਸੀ। ਜੰਗ ਲੱਗੀ ਸੁਣ ਕੇ, ਉਸ ਨੇ ਭਰਤੀ ਹੋਣ ਦੀ ਸਲਾਹ ਕਰ ਲਈ। ਬਲਦ ਗੱਡਾ ਅਤੇ ਐਂਤਕੀ ਦੀ ਫਸਲ ਵੇਚ ਕੇ ਉਹ ਕਿ ਕਰੇਗਾ ?ਉਸਨੂੰ ਹਾਲੇ ਤੱਕ ਆਪਣੇ ਭਵਿੱਖ ਬਾਰੇ ਕੁਝ ਵੀ ਗਿਆਨ ਨਹੀਂ ਸੀ । ਲਾਮ ਲੱਗ ਜਾਣ ਨੇ ਉਸਨੂੰ ਸੋਝੀ ਦੇ ਦਿੱਤੀ।
ਉਸ ਚੰਨੋ ਨਾਲ ਸਲਾਹ ਕੀਤੀ ਕੇ ਮੈਂ ਭਰਤੀ ਹੋ ਜਾਂਦਾ ਹਾਂ। ਚੰਨੋ ਨੇ ਨਾਂਹ ਵਿਚ ਸਿਰ ਫੇਰਦਿਆਂ ਕਿਹਾ:
“ਘਰ ਦੀ ਅੱਧੀ ਅਤੇ ਬਾਹਰ ਦੀ ਸਾਰੀ, ਇੱਕ ਬਰਾਬਰ ਏ। ਨਾਲੇ ਘਰ ਅਸੀਂ ਨੀਂਹ ਸੱਸ ਹੀ ਰਹਿ ਜਾਵਾਂਗੀਆਂ। ਜੇ ਬਾਬਾ ਜਿਉਂਦਾ ਹੁੰਦਾ ਤਾਂ ਵੀ ਸੀ।
"ਚੰਨੋ, ਜਿਹੜਾ ਕਿਸੇ ਦਾ ਦੇਣਾ ਏ, ਉਹ ਵੀ ਸਿਰ ਉੱਚਾ ਨਹੀਂ ਕਰਨ ਦੇਂਦਾ।"
ਪੁੰਨੋ ਭੱਜ ਕੇ ਕਰਮੇ ਦੇ ਪੱਟਾਂ ਵਿਚ ਆ ਗਈ। ਹੁਣ ਉਹ ਚਾਰ ਸਾਲ ਦੀ ਹੋ ਗਈ ਸੀ। ਫਿਰ ਗਿੱਧਾ ਪਾਉਂਦੀ ਗਾਉਣ ਲੱਗ ਪਈ। :
"ਨੱਚ ਘੁਗੀਏ ਤੈਨੂੰ ਭੱਪਾ ਪਾਉਂਗੀ।"
“ਤੇਰਾ ਘਰ ਛੱਡ ਕੇ ਜਾਣ ਨੂੰ ਕਿਵੇਂ ਜੀਅ ਕਰਦਾ ਏ ?" ਚੰਨੋ ਨੇ ਕੁੜੀ ਨੂੰ ਵਿਹੜੇ ਵਿਚ ਜੱਲੀ ਪਾਉਂਦਿਆਂ ਵੇਖ ਕੇ ਆਖਿਆ:
“ਭੋਲੀਏ ਕਿਸੇ ਦਾ ਗੋਲਾ ਕੋਈ ਚਾਅ ਨੂੰ ਹੁੰਦਾ ਏ।"