

ਕੱਪੜੇ ਆਦਿ ਬਦਲਣ ਵਿੱਚ ਰੀਝਵਾਨ ਰਹਿੰਦੀ। ਸੱਸ ਨਾਲ ਲੜਾਈ ਘੱਟ ਚੁੱਕੀ ਸੀ। ਇਸ ਦੇ ਦੇ ਤਿੰਨ ਕਾਰਨ ਸਨ। ਧੀ ਸਹੁਰੇ ਚਲੀ ਗਈ ਸੀ, ਪੁੱਤਰ ਭਰਤੀ ਹੋ ਗਿਆ ਸੀ ਅਤੇ ਆਪ ਵੀ ਥੋੜੀ ਬਹੁਤੀ ਬਲੋਂ ਹਾਰ ਗਈ ਸੀ। ਚੰਨੋ ਤੋਂ ਆਪਣੇ ਜਵਾਈ ਲਈ ਚੰਗੇ ਸਲੂਕ ਦੀ ਆਸਵੰਦ ਸੀ। ਨੂੰਹਾਂ ਨਾਲੋਂ ਸੱਸਾਂ ਨੂੰ ਜਵਾਈ ਪਿਆਰੇ ਹੁੰਦੇ ਹਨ, ਕਿਉਂਕਿ ਉਹ ਧੀ ਦੇ ਕੇ ਪੁੱਤਰ ਬਣਾਏ ਹੁੰਦੇ ਹਨ।
ਇਨ੍ਹਾਂ ਦਿਨਾਂ ਵਿੱਚ ਚੰਨੋ ਨੇ ਰੂਪ ਨੂੰ ਮਿਲਣਾ ਚਾਹਿਆ। ਬ੍ਰਾਹਮਣੀ ਰਾਹੀਂ ਉਸ ਰੂਪ ਨੂੰ ਸੁਨੇਹਾ ਘੱਲਿਆ। ਉਹ ਸਿੱਧਾ ਚੰਨੋ ਦੇ ਘਰ ਕਿਹੜੇ ਬਹਾਨੇ ਆਉਂਦਾ। ਚੰਨੋ ਵੀ ਚਿੰਤਾਤੁਰ ਸੀ ਅਤੇ ਰੂਪ ਨੂੰ ਘਰ ਸੱਦ ਫਜੂਲ ਭੰਡੀ ਕਰਵਾਉਣਾ ਚੰਗਾ ਨਹੀਂ ਸਮਝਦੀ ਸੀ। ਉਸ ਬ੍ਰਾਹਮਣੀ ਨੂੰ ਆਪਣੇ ਘਰ ਰੂਪ ਨੂੰ ਮੰਗਵਾਉਣ ਲਈ ਪ੍ਰੇਰਿਆ। ਪਰ ਬ੍ਰਾਹਮਣੀ ਗਰੀਬ ਹੋਣ ਕਰਕੇ ਜ਼ੇਰਾ ਨਾ ਕਰ ਸਕੀ। ਅਖੀਰ ਚੰਨੋ ਆਪ ਕਪੂਰੀ ਜਾਣ ਦੇ ਬਹਾਨੇ ਬ੍ਰਾਹਮਣੀ ਨਾਲ ਨਵੇਂ ਪਿੰਡ ਰੂਪ ਦੇ ਘਰ ਆ ਗਈ। ਪ੍ਰਸਿੱਨੀ ਉਸਨੂੰ ਸੱਜਰੇ ਉਤਸ਼ਾਹ ਨਾਲ ਬਾਹਾਂ ਅੱਡ ਕੇ ਮਿਲੀ। ਰੂਪ ਨੂੰ ਉਸ ਨਿਵੇਕਲੇ ਵਿੱਚ ਕਿਹਾ
ਲੱਗੀਆਂ ਦੇ ਬੋਲ ਪਗਾਉਣੇ ਐ, ਸਾਡਾ ਵੀ ਜ਼ੋਰਾ ਵੇਖ।
ਰੂਪ ਸਮਝਦਾ ਸੀ, ਚੰਨੋ ਦਾ ਪਿਆਰ ਘਟਣ ਅਤੇ ਮੁੱਕਣ ਵਾਲਾ ਨਹੀਂ ।ਉਸ ਦੀ ਰੂਹ ਭਟਕਦੀ ਰਹਿੰਦੀ ਹੈ ਅਤੇ ਸਦਾ ਆਪਣੇ ਟਿਕਾਣੇ ਨੂੰ ਲੋਚਦੀ। ਉਹ ਆਪ ਵੀ ਚੀਨ ਨੂੰ ਤੱਕ ਕੇ ਖੱਡ ਖੀਰ ਹੋ ਜਾਂਦਾ ਸੀ। ਉਨ੍ਹਾਂ ਦਿਆਲੇ ਦੇ ਮਰ ਜਾਣ ਦਾ ਅਫਸੋਸ ਕੀਤਾ। ਕਿਸ ਤਰ੍ਹਾਂ ਉਹ ਉਨ੍ਹਾਂ ਦੇ ਸੁਨੇਹੇ ਪੁਚਾਇਆ ਕਰਦਾ ਸੀ। ਨਸ਼ਿਆਂ ਨੇ ਉਸਦਾ ਜ਼ੇਰਾ ਵੀ ਖਾ ਲਿਆ ਸੀ।
ਸਵੇਰਾਂ ਚੜ੍ਹਦੀਆਂ ਰਹੀਆਂ ਅਤੇ ਸ਼ਾਮਾਂ ਦਲਦੀਆਂ ਰਹੀਆਂ। ਸਮਾਂ ਚੁੰਗੀਆਂ ਭਰਦਾ ਰਿਹਾ। ਪੂਰੇ ਛੇ ਮਹੀਨੇ ਪਿੱਛੋਂ ਕਰਮਾ ਇੱਕ ਮਹੀਨ ਦੀ ਛੁੱਟੀ ਆ ਗਿਆ। ਉਸਦਾ ਸਰੀਰ ਖ਼ਾਕੀ ਵਰਦੀ ਨਾਲ ਸਜਿਆ ਹੋਇਆ ਸੀ। ਤੁਰਦਿਆਂ ਬੂਝ ਚੀਕਦੇ ਸਨ। ਸੁੱਕੇ ਸੱਖਣੇ ਘਰ ਵਿੱਚ ਇੱਕ ਤਰ੍ਹਾਂ ਬਹਾਰ ਆ ਗਈ। ਉਸ ਪੰਜਾਹ ਰੁਪਏ ਚੰਨੋ ਦੇ ਹੱਥ ਉੱਤੇ ਰੱਖ ਦਿੱਤੇ। ਚੰਨੋ ਰੁਪਏ ਫੜ ਕੇ ਕਰਮੇ ਦੀ ਆਸ ਅਨੁਸਾਰ ਖੁਸ਼ ਨਾ ਹੋਈ। ਕਰਮਾ ਰੁਪਿਆਂ ਨੂੰ ਜ਼ਿੰਦਗੀ ਅਤੇ ਖੁਸ਼ੀ ਸਮਝਦਾ ਸੀ ।ਪਰ ਚੰਨੋ ਬਿਲਕੁਲ ਇਸਦੇ ਉਲਟ ਸੋਚਦੀ ।ਕਰਮਾ, ਚੰਨੋ ਅਤੇ ਪੁੰਨ ਨੂੰ ਸ਼ਹਿਰ ਲੈ ਗਿਆ। ਉਨ੍ਹਾਂ ਨੂੰ ਕੱਪੜੇ ਖਰੀਦ ਕੇ ਦਿੱਤੇ। ਸਾਬਣ, ਤੇਲ ਤੇ ਤੋਲੀਏ ਦੀ ਵਰਤੋਂ ਉਹ ਆਪਣੀ ਪਲਟਣ ਵਿੱਚ ਸਿੱਖ ਆਇਆ ਸੀ। ਉਸਦੇ ਆਉਣ ਨਾਲ ਘਰ ਵਿੱਚ ਨਵੀਂ ਤਬਦੀਲੀ ਆ ਗਈ। ਸਫਾਈ ਦਾ ਵਧੇਰੇ ਖਿਆਲ ਰੱਖਿਆ ਜਾਣ ਲੱਗ ਪਿਆ। ਪੱਕਦੀ ਜਾ ਰਹੀ ਉਮਰ ਵਿੱਚ ਹੁਸਨ ਨੇ ਇੱਕ ਨਵਾਂ ਨਿਖਾਰ ਲੱਭ ਲਿਆ ।
ਜਦ ਛੁੱਟੀ ਮੁੱਕਣ ਤੇ ਆਈ, ਕਰਮਾ ਪੁੰਨੇ ਅਤੇ ਚੰਨੋ ਸਮੇਤ ਕਪੂਰੀ ਮਿਲਣ ਆ ਗਿਆ। ਕਰਮੇ ਦਾ ਖਿਆਲ ਸੀ, ਕਪੂਰਿਆਂ ਤੋਂ ਹੋ ਕੇ ਮਾਹਣੇ ਦੇ ਰੇਲਵੇ ਸਟੇਸ਼ਨ ਤੋਂ ਹੀ ਗੱਡੀ ਚੜ੍ਹ ਜਾਵੇਗਾ। ਕਰਤਾਰਾ ਆਪਣੇ ਦੂਜੇ ਭਰਾਵਾਂ ਤੋਂ ਵੱਖ ਹੋ ਚੁੱਕਾ ਸੀ। ਉਸਦੇ ਦੋਵੇਂ ਭਰਾ ਵਿਆਹੈ ਜਾ ਚੁੱਕੇ ਸਨ। ਉਹ ਦੋਹੀਂ ਘਰੀਂ ਵਾਰੀ ਵਾਰੀ ਮਿਲਣ ਗਏ ਸਾਲਿਆਂ ਨੇ ਭੰਨਵਈਏ ਨਾਲ ਸ਼ਰਾਬ ਪੀਤੀ ਅਤੇ ਚੰਨੋ ਨੇ ਭਜਨ ਨਾਲ ਜੱਫੀਆਂ ਭਰ ਭਰ ਗੱਲਾਂ ਕੀਤੀਆਂ।
ਪੁੰਨੀ, ਤੈਨੂੰ ਤਾਂ ਮੈਂ ਇਥੇ ਰੱਖ ਲੈਣਾ ਏ, ਭਜਨ ਨੇ ਪੁੰਨ ਦਾ ਮੂੰਹ ਚੁੰਮਦਿਆਂ ਆਖਿਆ।
ਆਖ ਰੱਖ ਲੈ ਮਾਮੀ, ਚੰਨੋ ਨੇ ਪੁੰਨ ਵਲੋਂ ਉੱਤਰ ਦਿੰਦਿਆਂ ਕਿਹਾ।
ਭਜਨੋ ਨੂੰ ਕੋਈ ਬੱਚਾ ਨਹੀਂ ਪੈਦਾ ਹੋਇਆ ਸੀ। ਉਸਨੂੰ ਅਠਰਾਹ ਦੀ ਚੰਦਰੀ ਬਿਮਾਰੀ ਲੱਗ ਚੁੱਕੀ ਸੀ। ਇਹ ਸਾਰਾ ਵਿਗਾੜ ਚੰਨੋ ਦੇ ਸਾਭ ਵੇਲੇ ਕਰਤਾਰੇ ਦੀ ਮਾਰੀ ਲੱਤ ਤੋਂ ਪਿਆ ਸੀ। ਕਈ ਵਾਰ ਬੱਚਾ ਜਾਂਦੇ ਰਹਿਣ ਨਾਲ ਭਜਨੇ ਦੀ ਸਿਹਤ ਥੱਲੇ ਲਹਿ ਗਈ ।ਮਮਤਾ ਦੀ ਭੁੱਖ ਹੀ ਉਸਦੇ ਅੰਦਰ ਪੁੰਨੋ ਨੂੰ ਕੋਲ ਰੱਖਣ ਲਈ ਉਛਾਲੇ ਖਾ ਰਹੀ ਸੀ। ਚੰਨੋ ਨੂੰ ਮੁੜ ਕੁਝ ਨਹੀਂ ਹੋਇਆ ਸੀ। ਉਸਦੀ ਸਿਹਤ ਵਿਚ ਕੋਈ ਖਾਸ ਫਰਕ ਨਹੀਂ ਪਿਆ। ਪੁੰਨੇ ਦੀ ਨੁਹਾਰ ਬਿਲਕੁਲ ਹੀ ਚੰਨੋ ਵਰਗੀ ਸੀ । ਵੇਖਣ ਵਾਲਾ ਕਈ ਵਾਰ ਮਾਂ ਧੀ ਨੂੰ ਭੈਣਾਂ ਸਮਝਣ ਵਿਚ ਭੁਲੇਖਾ ਖਾ ਜਾਂਦਾ।
ਕਰਮਾ ਗੱਡੀ ਚੜ੍ਹ ਗਿਆ ਅਤੇ ਦੋਵੇਂ ਮਾਂ ਧੀ ਵੇਖਦੀਆਂ ਹੀ ਰਹਿ ਗਈਆਂ।
.................
ਤਿੰਨ ਸਾਲ ਹੋਰ ਬੀਤ ਗਏ। ਕਰਮੇ ਦੇ ਰੁਪਏ ਆਉਂਦੇ ਰਹੇ। ਚੰਨੋ ਨੇ ਉਨ੍ਹਾਂ ਨੂੰ ਸੰਕੋਚ ਨਾਲ ਵਰਤਿਆ ਸੀ। ਐਤਕੀ ਨਮਾਣੀ ਆ ਜਾਣ “ਤੇ ਉਸ ਦੋ ਘੁਮਾਂ ਗਹਿਣੇ ਪਈ ਜ਼ਮੀਨ ਛੁਡਾ ਲਈ। ਇਨ੍ਹਾਂ ਤਿੰਨਾਂ ਸਾਲਾਂ ਵਿਚ ਜੰਗ ਵਿਚੋਂ ਹੀ ਇਕ ਵਾਰ ਹੀ ਕਰਮਾ ਮਿਲਣ ਆਇਆ ਸੀ। ਫਿਰ ਉਸਦੀ ਪਲਟਣ ਨੂੰ ਸਮੁੰਦਰ ਪਾਰ ਲੜਾਈ ਵਿਚ ਭੇਜ ਦਿੱਤਾ ਗਿਆ। ਸਮੁੰਦਰ ਪਾਰ ਚਿੱਠੀਆਂ ਆਉਂਦੀਆਂ ਰਹਿੰਦੀਆਂ। ਅਚਾਨਕ ਇੱਕ ਦਿਨ ਉਨ੍ਹਾਂ ਦੀ ਪਲਟਣ ਦੇ ਡੀਪੋ ਵਿਚੋਂ ਤਾਰ ਆ ਗਈ: