

ਹਲੂਣ ਰਿਹਾ ਸੀ । ਗੱਭਰੂ ਜਾਨੀਆਂ ਨੇ, ਜਿਹੜੇ ਤਿੱਖੀਆਂ ਤੇ ਚਲਾਕ ਘੋੜੀਆਂ ਤੇ ਸਵਾਰ ਸਨ, ਪਿੰਡ ਨੂੰ ਵਲਿਆ । ਘੋੜੀਆਂ ਦੇ ਗੋਡਿਆਂ ਨਾਲ ਬੱਧੀਆਂ ਝਾਂਜਰਾਂ ਦੀ ਛਣਕਾਰ ਹਿਰਦੇ ਦੇ ਅਰਮਾਨਾਂ ਨੂੰ ਤੜਪਾ ਰਹੀ ਸੀ । ਨੱਚਦੀਆਂ ਘੋੜੀਆਂ ਮੁੜ ਧਰਮਸ਼ਾਲਾ ਅੱਗੇ ਆ ਰੁਕੀਆਂ, ਜਿੱਥੇ ਪਿੰਡ ਦੀ ਪੰਚੈਤ ਵੀ ਜੁੜੀ ਖਲੋਤੀ ਸੀ । ਲਾਗੀਆਂ ਨੇ ਮੰਜੇ ਡਾਹੁਣੇ ਸ਼ੁਰੂ ਕਰ ਦਿੱਤੇ ਅਤੇ ਕਾਮਿਆਂ ਨੇ ਸਵਾਰੀਆਂ ਨੂੰ ਫੜ ਲਿਆ ।
ਪਿੰਡ ਦਾ ਇਕੱਠ ਆਈ ਜੰਞ ਨੂੰ ਵੇਖ ਰਿਹਾ ਸੀ, ਜਿਸ ਵਿੱਚ ਦਿਆਲਾ ਵੀ ਮਸੋਸੀ ਵੱਟੀ ਖਲੋਤਾ ਸੀ । ਉਸਨੂੰ ਇਉਂ ਮਹਿਸੂਸ ਹੋ ਰਿਹਾ ਸੀ, ਜਿਵੇਂ ਸਾਰੀ ਜੰਞ ਦੀ ਸਵਾਰੀਆਂ ਉਸਨੂੰ ਮਿੱਧ ਕੇ ਲੰਘ ਰਹੀਆਂ ਹੋਣ। ਉਹ ਦਿਲ ਦਾ ਪੱਥਰ ਵਰਗਾ ਕਰੜਾ ਸੀ ਪਰ ਪਿਆਰ ਦੀ ਗਰਮੀ ਤਾਂ ਚਟਾਨਾਂ ਨੂੰ ਵੀ ਪਾੜ ਸੁੱਟਦੀ ਹੈ। ਭਾਵੇਂ ਉਹ ਦਿਲ ਦਾ ਕਿੰਨਾ ਹੀ ਸਖਤ ਰੋੜ ਸੀ ਪਰ ਫਿਰ ਵੀ ਇੱਕ ਗੱਭਰੂ ਮਰਦ ਸੀ, ਜਿਸ ਦਾ ਦਿਲ ਲਹੂ ਸੀ । ਉਹ ਦੀਵੇ ਦੇ ਤੇਲ ਵਾਂਗ ਕਿਸ ਤਰਾਂ ਮੱਚਣੇ ਰਹਿ ਸਕਦਾ ਸੀ । ਉਸ ਪਰਾਹੁਣੇ ਦੀ ਛੋਟੀ ਉਮਰ ਵੇਖ ਕੇ ਮਨ ਵਿੱਚ ਗਾਲ ਕੱਢੀ । ਗੁੱਸੇ ਤੇ ਨਫਰਤ ਨਾਲ ਭਰਿਆ ਉਹ ਘਰ ਨੂੰ ਮੁੜ ਆਇਆ ਅਤੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ । ਉਸ ਦੀਆਂ ਅੱਖਾਂ ਵਿੱਚ ਪਾਣੀ ਨਹੀਂ ਸੀ, ਬੁੱਲ ਜੁੜੇ ਹੋਏ ਸਨ ਪਰ ਫਿਰ ਵੀ ਉਹ ਰੋ ਰਿਹਾ ਸੀ । ਉਸ ਦਾ ਅੰਦਰ ਵੱਢੀਦਾ ਜਾ ਰਿਹਾ ਸੀ । ਉਹ ਆਪਣੇ ਜਖਮਾਂ ਤੇ ਸ਼ਰਾਬ ਦੇ ਫਹੇ ਰੱਖ-ਰੱਖ ਆਰਾਮ ਲੱਭ ਰਿਹਾ ਸੀ, ਉਸ ਦੇ ਬੂਹੇ ਅੱਗੇ ਖਲੋਤੀ ਨਿੰਮ ਦਾ ਬੂਰ ਪੂਰੇ ਦੀ ਹਨੇਰੀ ਨੇ ਕਦੋਂ ਦਾ ਝਾੜ ਸੁੱਟਿਆ ਸੀ 1
ਸ਼ਾਮੋ ਦੇ ਦਿਲ ਵੀ ਵੱਟ ਪੈ-ਪੈ ਜਾਂਦੇ ਸਨ । ਇਹ ਪਿਆਰ ਦਾ ਸਬੰਧ ਸੀ, ਜਿਸਨੂੰ ਫਿਤਰਤ ਦੇ ਚੁੰਮਣਾ ਨੇ ਪੈਦਾ ਕਰਕੇ ਪਰਵਾਨ ਚੜਾਇਆ ਸੀ । ਕੋਈ ਯਾਦ ਕਰਨ ਦੇ ਯਤਨ ਨਾਲ ਯਾਦ ਨਹੀਂ ਆਉਂਦਾ ਅਤੇ ਭੁਲਾਇਆ ਨਹੀਂ ਭੁੱਲਦਾ । ਜੋ ਸੁਤੇ ਸਿੱਧ ਦਿਲ ਵਿੱਚ ਆ ਗਿਆ ਉਹ ਦਿਲ ਨੇ ਅਪਣਾ ਲਿਆ । ਜਿਸ ਦੀ ਗੁੰਜਾਇਸ਼ ਨਹੀਂ, ਉਹ ਅਣਹੋਂਦ ਨੂੰ ਲੱਭ ਰਿਹਾ ਹੈ । ਪਰ ਜਿਸ ਨੂੰ ਕੁਦਰਤ ਦੀ ਬਖਸ਼ਿਸ਼ ਹਸਾਉਂਦੀ ਹੈ, ਉਸ ਨੂੰ ਸਮਾਜ ਦੀ ਧੰਗੇੜ ਰੈਣ ਲਈ ਮਜਬੂਰ ਕਰਦੀ ਹੈ । ਬੇਦਰਦ ਕੈਂਚੀ ਦਿਲ ਦੇ ਬਾਗ ਦੀਆਂ ਸਧਰਾਂ ਦਾ ਕੁਤਰਾ ਕਰ ਸੁੱਟਦੀ ਹੈ ਮਨੁੱਖ ਦੀਆਂ ਗਲਤ ਕਦਰਾਂ ਇਸ ਤਰਾਂ ਮਾਸੂਮ ਜਿੰਦਗੀ ਨੂੰ ਪਰਚਾਉਣ ਦਾ ਯਤਨ ਕਰਦੀਆਂ ਹਨ, ਜਿਵੇਂ ਦੀਵੇ ਦੀ ਲਾਟ ਪਤੰਗੇ ਦੇ ਪਰਾਂ ਨਾਲ ਪਿਆਰ ਕਰਦੀ ਹੈ । ਮਾਪਿਆਂ ਦੀ ਜਿੰਦਗੀ ਬਾਰੇ ਚੋਣ ਤੇ ਅਕਲ ਦਾਦੇ ਪੜਦਾਦੇ ਤੋਂ ਪਰਸਪਰ ਸਬੰਧ ਕਰਕੇ ਓਸੇ ਘਾਸੇ ਵਿੱਚ ਦੀ ਤੁਰੀ ਆ ਰਹੀ ਹੈ ਜਿਸ ਵਿੱਚ ਹੋਣੀ ਦੇ ਪਹੀਏ ਖੁਦ ਉਨਾਂ ਮਿੱਧ ਦਿੱਤੇ ਸਨ । ਮਨੁੱਖੀ ਸੁਭਾਅ ਵਿੱਚ ਹਕੂਮਤ ਦਾ ਜਜਬਾ ਅਤੇ ਖੁਦਗਰਜੀ ਦੀ ਮੈਲ ਫਿਤਰਤ ਦੀ ਰੌ ਤੱਕ ਤੁਲ ਫੜ ਗਈਆਂ। ਮਨੁੱਖ ਨੇ ਕਦੀ ਨਹੀਂ ਸੋਚਿਆ, ਉਸ ਦੀ ਹਾਰ ਉਸ ਦੇ ਬੱਚਿਆਂ ਦੀ ਜਿੱਤ ਕਿਉਂ ਨਹੀਂ ਬਣਦੀ ?"
ਵਿਆਹ ਤੋਂ ਅੱਗੋਂ ਦਿਆਲੇ ਤੇ ਸ਼ਾਮੋ ਨੇ ਵੀ ਨੱਸ ਜਾਣ ਦੀਆਂ ਸਲਾਹਾਂ ਕੀਤੀਆਂ, ਪਰ ਸ਼ਾਮ ਹੱਸਲਾ ਨਾ ਕਰ ਸਕੀ ਅਤੇ ਸਿੱਟੇ ਨੂੰ ਅਨੁਭਵ ਕਰਕੇ ਕੰਬ ਗਈ । ਉਨਾਂ ਦੀਆਂ ਸਲਾਹਾਂ, ਸੌਣ ਭਾਦੋਂ ਦੇ ਦਰਿਆਈ ਹੜ ਨੂੰ ਰੇਤੇ ਦੇ ਬੁੱਕ ਸੂਟ-ਸੂਟ ਬੰਨਣ ਦੇ ਯਤਨ ਸਨ । ਪਰ ਹੜ ਦੀਆਂ ਛੱਲਾਂ ਉਲਟਾ ਉਹਨਾ ਦੇ ਪੈਰਾਂ ਦੀ ਮਿੱਟੀ ਖਾਰ ਰਹੀਆਂ ਸਨ । ਉਨਾਂ ਨੇ ਨਿੱਘਰਦੇ ਜਾ ਰਹੇ ਦਿਲਾਂ ਨੂੰ ਤਸੱਲੀਆ ਦਿੱਤੀਆਂ, ਜਿਹੜੀਆਂ ਉਹ ਦੋਵੇਂ ਸਮਝਦੇ ਸਨ, ਫੋਕੀਆਂ ਤੇ ਝੂਠੀਆਂ ਸਨ।
ਧਰਮਸ਼ਾਲਾ ਵਿੱਚ ਜੰਞ ਦੀ ਕਰਬਲ-ਕੁਰਬ ਚੰਨੋ ਦੇ ਘਰ ਸਾਫ ਸੁਣਦੀ ਸੀ । ਉਦਾਸ ਸ਼ਾਮੋ ਉਨਾਂ ਦੇ ਘਰ ਹੀ ਸਮਾ ਬਿਤਾਣ ਲਈ ਪੀਹੜੀ ਤੇ ਬੈਠੀ ਸੀ । ਚੰਨੋ ਦੀ ਭਾਬੀ ਸਾਹਮਣੇ ਕੱਦੂ ਚੀਰ ਰਹੀ ਸੀ । ਚੰਨੋ ਸ਼ਾਮੋ ਨੂੰ ਬਹੁਤ ਘੱਟ ਮਖੌਲ ਕਰਿਆ ਕਰਦੀ ਸੀ ; ਪਰ ਉਸਦਾ ਜੀਅ ਪਰਚਾਉਣ ਲਈ ਉਸ ਕਿਹਾ:
"ਕਿਉਂ ਪਰਾਹੁਣਾ ਵੇਖਣਾ ਏ ?" ਦੋਹਾਂ ਦੀਆਂ ਅੱਖਾਂ ਵਿੱਚ ਮਿੱਠਾ ਹਾਸਾ ਸੀ, ਜਿਹੜਾ ਜੁੜੇ ਬੁੱਲਾਂ ਨੂੰ ਖੋਲ ਗਿਆ।
ਕੁਝ ਯਾਦ ਆ ਜਾਣ ਵਾਂਗ ਸ਼ਾਮੇ ਨੇ ਭਜਨੈ ਤੋਂ ਪੁੱਛਿਆ:
“ਭਾਬੀ, ਚੰਨੋ ਦੇ ਸਾਕ ਦੀ ਗੱਲ ਬਾਈ ਨਾਲ ਨਹੀਂ ਕੀਤੀ ।”
ਸ਼ਾਮੋ ਨੇ ਚੰਨੋ ਵੱਲ ਟੇਢਾ ਤੱਕਿਆ ।
“ਬੀਬੀ, ਗੱਲ ਤਾਂ ਮੈ ਚੰਨੋ ਦੇ ਭਾਈ ਨਾਲ ਕੀਤੀ ਸੀ, ਆਖਦਾ ਵੀ ਸੀ ਨਵੇਂ ਪਿੰਡ ਜਾਊਂਗਾ ।"
“ਪਰ ਭਾਬੀ ਭੂਆ ਕਹਿੰਦੀ ਏ ਫਿਰ ਥਾਂ ਰੁਕ ਜਾਣਾ ਏ । ਉਸਨੂੰ ਨਿੱਤ ਵੇਖ ਮੁੜਦੇ ਐ । ਭਾਬੀ ਚੰਨੋ ਦਾ ਤਾਂ ਪਤਾ ਨੀ, ਰੂਪ ਮੇਰੇ ਤਾਂ ਪਸਿੰਦ ਏ ।" ਸ਼ਾਮੋ ਨੇ ਚੰਨੋ ਨੂੰ ਚਮਕਾਉਣ ਲਈ ਆਖਿਆ ।