Back ArrowLogo
Info
Profile

ਲਾਗੀ ਦੱਬੇ ਆਏ, ਜੰਞ ਕੌਣ ਛੁਡਾਵੇ ।

ਬਰਾਤੀਆਂ ਤੇ ਟਕੋਰਾਂ ਲੱਗ ਰਹੀਆਂ ਸਨ, ਜਿਹੜੀਆਂ ਉਹਨਾਂ ਦੇ ਰੋਮਾਂਚ ਵਿੱਚ ਹਿਲਜੁਲ ਛੇੜ ਰਹੀਆਂ ਸਨ । ਗੀਤਾਂ ਵਿੱਚ ਲੈ ਕੋਈ ਨਹੀਮ ਸੀ, ਸੁਰ ਕੋਈ ਨਹੀਂ ਸੀ, ਪਰ ਫਿਰ ਵੀ ਕੱਚਾ ਉਤਸ਼ਾਹ ਸਵਾਦ, ਜਿੰਦਗੀ ਦੇ ਪਿਆਸੇ ਬੁੱਲਾਂ ਉੱਤੇ ਸਵਾਂਤ ਛਿੱਟਾ ਬਣ ਕੇ ਵਰ੍ਹ ਰਿਹਾ ਸੀ । ਇੱਕ ਜਜਬਾ ਉੱਭਰ ਕੇ ਬੁਢਾਪੇ ਨੂੰ ਵੀ ਜਵਾਨੀ ਦਾ ਧੱਕਾ ਦੇ ਜਾਂਦਾ । ਚਾਅ, ਰੋਮਾਂਚ ਅਤੇ ਟੁੱਟਾ ਫੁੱਟਾ ਮਲਹਾਰ, ਕਮਲਿਆਂ ਦੀ ਖੁਸ਼ੀ ਵਿੱਚ ਬਰਸਾਤੀ ਹੜ ਜਾਪਦਾ ਸੀ । ਗੀਤਾਂ ਦੀ ਬੁੱਕਲ ਖੁਲ੍ਹਦੀ ਗਈ:

ਲਾੜੇ ਦੀ ਭੈਣ ਪਾਣੀ ਨੂੰ ਚੱਲੀ,

ਲੱਕ ਪਤਲਾ ਲਹਿੰਗਾ ਭਾਰੀ,

ਰੇ ਮਸਾਵਰ ਗਿਰਧਾਰੀ।

ਧੁੱਪ ਦੇ ਸੇਕ ਨੇ ਕੁੜੀਆਂ ਦੀ ਸੁੰਦਰਤਾ ਨੂੰ ਮੁਰਝਾ ਕੇ ਵਿੱਚ ਗੋਤਾ ਦੇ ਦਿੱਤਾ, ਪਰ ਉਨ੍ਹਾਂ ਦੇ ਚਾਅ ਤੇ ਉਤਸ਼ਾਹ ਸਦਾ ਸੱਜਰੇ ਸਨ । ਇੱਕ ਕੁੜੀ ਨੇ ਲੰਮੀ ਹੇਕ ਨਾਲ ਹੇਰਾ ਲਾ ਕੇ ਜਾਂਞੀਆਂ ਨੂੰ ਵਿਦਾਇਗੀ ਕਹੀ :

ਉਠ ਖੜੋ ਸਜਣੋ, ਉਠ ਖੜੋ ਉੱਤੋਂ ਚੜ ਗਈ ਧੁੱਪ ।

ਤੁਸੀਂ ਤਾਂ ਰੋਟੀ ਖਾ ਹਟੇ, ਸਾਡੇ ਵੀਰਾਂ ਨੂੰ ਲੱਗੀ ਭੁੱਖ ।

ਸਾਰੇ ਜਾਂਞੀ ਰੋਟੀ ਖਾ ਕੇ ਧਰਮਸ਼ਾਲਾ ਚਲੇ ਗਏ । ਕੁਝ ਮਨਚਲੇ ਚੌਬਰ ਮੰਜੇ ਤੇ ਪੈਣ ਦੀ ਥਾਂ ਪਿੰਡ ਦੇਖਣ ਦੇ ਬਹਾਨੇ ਤੁਰ ਪਏ । ਜਦ ਕਿਸੇ ਕੁੜੀ ਜਾਂਬਹੁਟੀ ਨੂੰ ਵੇਖਦੇ ਤਾਂ ਮੁੱਛਾਂ ਮਰੋੜਨੀਆਂ ਸ਼ੁਰੂ ਕਰ ਦੇਂਦੇ । ਕਈਆਂ ਦੀਆਂ ਧੌਣਾਂ ਕੋਠਿਆ ਦੇ ਰੋਹਬ ਸਦਕਾ ਮੁੜਦੀਆਂ ਨਹੀਂ ਸਨ । ਕਿਸੇ ਦਲਾਨ ਵਿੱਚ ਜੁੜਦੀਆਂ ਦੋ-ਚਾਰ ਕੁੜੀਆਂ, ਜਦ ਤੱਤੀਆਂ ਠੰਡੀਆਂ ਆਖਦੀਆਂ ਜਾਂ ਗਾਲ੍ਹਾਂ ਸੁਣਾਉਂਦੀਆਂ, ਉਨ੍ਹਾਂ ਦੇ ਭੁੱਖੇ ਨਫਸਾਂ ਨੂੰ ਨੀਂਦ ਆਉਣ ਲੱਗ ਪਈ । ਉਹ ਭਲ੍ਹ ਪੂਰੀ ਕਰ ਕੇ ਵਾਪਸ ਆ ਗਏ। ਤਾਸ਼ ਦੀ ਢਾਣੀ ਰੌਲਾ ਪਾਉਣ ਲੱਗੀ । ਮਰਾਸੀਆਂ ਨੇ ਸਰਦਾਰਾਂ ਦੀ ਕਲਿਆਣ ਗਾ ਕੇ ਆਪਣਾ ਰੁਪਈਆ ਖਰਾ ਕੀਤਾ । ਘੋੜੀਆਂ ਤੇ ਬੋਤਿਆਂ ਵਾਲਿਆਂ, ਵਿਆਹ ਵਾਲੇ ਘਰੋਂ ਦਾਣਾ ਲੈ ਕੇ ਸਵਾਰੀਆਂ ਦੀ ਸੇਵਾ ਕੀਤੀ। ਸ਼ਾਮ ਹੁੰਦੀ ਨੂੰ ਸ਼ਰਾਬ ਦੀ ਤਲਖ ਬੋ ਨੇ ਧਰਮਸ਼ਾਲਾ ਨੂੰ ਮਦਹੋਸ਼ ਕਰ ਸੁੱਟਿਆ।

ਦੂਜੇ ਦਿਨ ਦੋਹਾਂ ਧਿਰਾਂ ਵੱਲੋਂ ਵਰਾ ਸੂਈ ਅਤੇ ਖਟ ਦੀਆਂ ਰਸਮਾਂ ਹੋਈਆਂ। ਮੁੰਡੇ ਦੇ ਗਲ ਕੋਠਾ ਪਾਇਆ ਗਿਆ । ਸਹੁਰੇ ਨੂੰ ਛਾਪ ਅਤੇ ਘੋੜੀ ਮੋਹਰੀ ਵਜੋਂ ਦਿੱਤੀ ਗਈ ।ਖਟ ਵਾਲੇ ਤਾਂ ਚਲੇ ਗਏ ਪਰ ਮੁੰਡੇ ਨੂੰ ਸਬਜੀ ਲਈ ਅਟਕਾਅ ਲਿਆ । ਮੁੰਡੇ ਨੇ ਆਪਣੇ ਇੱਕ ਦੋਸਤ ਨੂੰ ਆਪਣੇ ਕੋਲੋਂ ਨਾ ਜਾਣ ਦਿੱਤਾ। ਨਾਈ, ਮੁੰਡੇ ਦੀ ਦੇਖ-ਭਾਲ ਲਈ ਨਾਲ ਸੀ । ਸੱਸ ਨੇ ਲੱਡੂ ਜਲੇਬੀਆਂ ਵਾਲੀ ਥਾਲੀ ਮੁੰਡੇ ਅੱਗੇ ਲਿਆ ਰੱਖੀ । ਰਸਮੀ ਤੌਰ ਤੇ ਥਾਲੀ ਜੂਠੀ ਕਰਨੀ ਸੀ । ਮੁੰਡੇ ਨੇ ਅਜੇ ਥਾਲੀ ਚੋਂ ਚੁੱਕ ਕੇ ਅੱਧੀ ਜਲੇਬੀ ਮੂੰਹ ਵਿੱਚ ਪਾਈ ਹੀ ਸੀ ਕਿ ਇੱਕ ਕੁੜੀ ਨੇ ਹੱਥ ਦੀ ਛੋਹ ਨਾਲ ਥਾਲੀ ਖਿੱਚ ਲਈ । ਉਹ ਨੇੜੇ ਹੀ ਤਾੜ ਵਿੱਚ ਖਲੋਤੀ ਸੀ । ਸਾਰੀਆਂ ਕੁੜੀਆਂ ਨੇ ਤਾੜੀ ਮਾਰ ਦਿੱਤੀ । ਮੁੰਡਾ ਸ਼ਰਮਿੰਦਾ ਹੋ ਗਿਆ ।

"ਵੇ ਅਕਲ ਘਰ ਰੱਖ ਆਇਆ ਸੀ ?" ਚੰਨੋ ਨੇ ਮਜਾਕ ਨਾਲ ਪੁੱਛਿਆ।

"ਲਿਆਇਆ ਤਾਂ ਨਾਲ ਸੀ ਪਰ ਤੇਰੀਆਂ ਅੱਖਾਂ ਨੇ ਖੋਹ ਲਈ ।"

ਚੰਨੋ ਨੂੰ ਇਉਂ ਪਰਤੀਤ ਹੋਇਆ, ਜਿਵੇਂ ਕਿਸੇ ਨੇ ਉਸ ਦੇ ਮੱਥੇ ਵਿੱਚ ਠੀਕਰਾ ਕੱਢ ਮਾਰਿਆ ਹੋਵੇ । ਕੁੜੀਆਂ ਸਮਝਿਆ, ਮੁੰਡਾ ਛੋਟੀ ਉਮਰ ਵਿੱਚ ਹੀ ਤਿੱਖਾ ਏ ।

“ਅਨੀ ਪੜਾਕੂ ਐ।"

“ਮਾਂ ਨੇ ਸਖਾ ਕੇ ਘੱਲਿਆ ਹੋਣਾ ਏਂ ।" ਇੱਕ ਹੋਰ ਬੋਲੀ ।

“ਆਹੋ, ਜਿਵੇਂ ਤੈਨੂੰ ਪਿਓ ਨੇ ਸਖਾ ਕੇ ਘੱਲਿਆ ਏ ।"

“ਨੀ ਭੈਣੇ ਇਹਦੀ ਤਾਂ ਗਿੱਠ ਜੀਭ ਐ।"

59 / 145
Previous
Next