

ਕਿੱਕਲੀਆਂ ਪਾ-ਪਾ ਨੱਚਣ, ਸੰਸੇ ਫਿਕਰਾਂ ਤੋਂ ਦੂਰ, ਇਹ ਸਾਰੇ ਬੀਤੇ ਦਰਿਸ਼ ਵਲਵਲੇ, ਕਹੀਆਂ ਫੜ-ਫੜ ਉਸਦਾ ਅੰਦਰ ਵੱਢ ਰਹੇ ਸਨ। ਮਾਂ-ਪਿਉ ਦਾ ਵਿਛੋੜਾ, ਉਸ ਘਰ ਦਾ ਵਿਛੋੜਾ ਜਿਸ ਵਿੱਚ ਉਸਦਾ ਬਚਪਨ ਜਵਾਨੀ ਨੂੰ ਬਾਹਾਂ ਉਲਾਰ ਕੇ ਮਿਲਿਆ । ਉਨ੍ਹਾਂ ਗਲੀਆਂ ਦਾ ਵਿਛੋੜਾ ਜਿਸ ਵਿੱਚ ਉਸਦੇ ਛੋਹਲੇ ਪੈਰਾਂ ਪੈੜਾਂ ਕੀਤੀਆਂ, ਸਬ ਤੋਂ ਬਹੁਤਾ ਉਸ ਪਿੰਡ ਦਾ ਤਰਸੇਵਾਂ ਜਿਸ ਉਹਦੇ ਫੜਕਦੇ ਹੁਸਨ ਨੂੰ ਦਿਆਲੇ ਦਾ ਧੜਕਵਾਂ ਪਿਆਰ ਲੈ ਕੇ ਦਿੱਤਾ ਸੀ । ਉਸ ਦੀਆਂ ਭੁੱਬਾਂ ਨਿਕਲ ਗਈਆਂ। ਕੋਈ ਉਸਦੇ ਅੰਗਾਂ ਨੂੰ ਤੋੜ ਰਿਹਾ ਸੀ; ਉਹ ਝੰਜੋੜੀ ਜਾ ਰਹੀ ਸੀ । ਉਹ ਪੇਕੇ ਮਾਹੌਲ ਨੂੰ ਚੰਬੜ ਜਾਣਾ ਚਾਹੁੰਦੀ ਸੀ । ਪਰ ਉਹ ਇੱਕ ਕੁੜੀ ਸੀ, ਜਿਸ ਦੀਆਂ ਬਾਹਾਂ ਵੀ ਟੁੱਟੀਆਂ ਹੁੰਦੀਆਂ ਹਨ ।
ਸ਼ਾਮੋ ਜਦ ਚੰਨੋ ਦੇ ਗਲ ਮਿਲੀ ਤਾਂ ਉਸਦੀਆਂ ਸਿਸਕੀਆਂ ਭੁੱਬਾਂ ਵਿੱਚ ਬਦਲ ਗਈਆਂ । ਚੰਨੋ ਵੀ ਹਟਕੋਰੇ ਲੈ ਰਹੀ ਸੀ । ਉਹ ਉਸਨੂੰ ਸਕੀਆਂ ਭੈਣਾਂ ਵਾਂਗ ਹੀ ਪਿਆਰ ਕਰਦੀ ਸੀ । ਉਹ ਅਜਿਹੀ ਸਹੇਲੀ ਸੀ, ਜਿਸ ਕੋਲ ਉਸਦਾ ਹਾਸਾ ਤੇ ਰੋਣਾ ਅਮਾਨਤ ਸਨ । ਪਿਆਰ ਦਾ ਦਰਦ ਉਹ ਚੰਨੋ ਕੋਲ ਹੀ ਪਰਗਟ ਕਰ ਸਕਦੀ ਸੀ । ਦਿਆਲੇ ਨਾਲ ਉਠ ਜਾਣ ਵਾਲੀ ਗੱਲ ਵੀ ਉਸ ਚੰਨੋ ਕੋਲ ਕੀਤੀ ਸੀ । ਚੰਨੋ ਨੇ ਵਰਜਿਆ, ਨਾ ਸ਼ਾਮੋ, ਇਹ ਕੰਮ ਨਾ ਕਰੀਂ । ਨਿਕਲ ਕੇ ਵੀ ਚੰਦਰੇ ਲੋਕਾਂ ਦੀਆਂ ਉਂਗਲਾ ਜਿਉਣ ਨਹੀਂ ਦੇਣਾ । ਸ਼ਾਮੇ ਦੀ ਆਪਣੀ ਰਾਏ ਕੋਈ ਨਹੀਂ ਹੁੰਦੀ ਸੀ ਅਤੇ ਚੰਨੋ ਦੀ ਸਲਾਹ ਹੀ ਉਸਦੀ ਸਲਾਹ ਬਣ ਜਾਂਦੀ ਸੀ । ਬੂਹੇ ਅੱਗੇ ਤਖਾਣ ਦੇ ਭੂਏ ਹੋਏ ਬਲਦ ਖਲਦੇ ਨਹੀਂ ਸਨ। । ਉਹ ਬਾਰ ਬਾਰ ਕਹਿ ਰਿਹਾ ਸੀ, ਕੁੜੀ ਨੂੰ ਛੇਤੀ ਗੱਡੀ ਵਿੱਚ ਪਾਵੋ । ਉਸਦੀ ਕਾਹਲੀ ਸ਼ਾਮੋ ਤੱਕ ਅੱਪੜ ਗਈ । ਉਸਨੂੰ ਗੱਡੀ ਵਾਲਾ ਵੀ ਜਮਦੂਤ ਹੀ ਦਿਸਿਆ । ਰੋਂਦੀ ਕੁਰਲਾਉਂਦੀ ਸ਼ਾਮੇ ਨੂੰ ਉਸਦੇ ਮਾਮੇ ਨੇ ਚੁੱਕ ਕੇ ਗੱਡੀ ਵਿੱਚ ਬਹਾਇਆ । ਉਸਨੂੰ ਪਿੰਡ ਦੀ ਨੈਣ ਚੁੱਪ ਕਰਾਉਣ ਦਾ ਯਤਨ ਕਰ ਰਹੀ ਸੀ । ਸ਼ਾਮੋ ਦੀ ਮਾਂ ਤੇ ਭੂਆ ਨੇ ਪਿਆਰ ਦਿੱਤਾ । ਸ਼ਾਮੋ ਲਈ ਕਪੂਰੇ ਹਨੇਰੇ ਹੋ ਚੱਲੇ ਸਨ । ਰੋ ਰੋ ਕੇ ਕਮਲੀ ਹੋ ਜਾਣ ਦੇ ਬਾਵਜੂਦ ਦਿਆਲਾ ਉਸਦੀ ਹਿੱਕ ਵਿੱਚ ਦਰਦ ਬਣਿਆ ਪਿਆ ਸੀ ।
ਗੱਡੀ ਤੁਰ ਕੇ ਜਦ ਧਰਮਸ਼ਾਲਾ ਅੱਗੋਂ ਦੀ ਲੰਘਣ ਲੱਗੀ, ਤਦ ਮੁੰਡੇ ਦੇ ਪਿਓ ਨੇ ਮੀਂਹ ਵਾਂਗ ਪੈਸਿਆਂ ਦੀ ਸੁੱਟ ਕੀਤੀ । ਖੁੱਲੇ ਥਾਂ ਵਿੱਚ ਚੂਹੜੇ, ਚਮਾਰ, ਕਮੀਣ ਔਰਤਾਂ ਤੇ ਬਾਲ ਅਤੇ ਗੱਭਰੂ ਪੈਸੇ ਚੁਗ ਰਹੇ ਸਨ । ਮੁੰਡੇ ਨੇ ਪਿੰਡ ਦੀ ਪੰਚਾਇਤ ਦੇ ਹਟਾਉਂਦਿਆਂ ਹਟਾਉਂਦਿਆਂ ਪੰਜ-ਛੇ ਮੁੱਠਾਂ ਸੁੱਟ ਦਿੱਤੀਆਂ । ਪਿੰਡ ਦੀ ਪੰਚਾਇਤ ਬਾਹਰ ਚੱਪੜ ਤੱਕ ਵਿਦਾ ਕਰਨ ਗਈ । ਦੋਹਾਂ ਧਿਰਾਂ ਨੇ ਭੁੱਲ ਚੁੱਕ ਕੇ ਮੁਆਫੀ ਮੰਗੀ ਅਤੇ ਮੁੜ ਫਤਿਹ ਬੁਲਾਈ । ਕੰਡਿਆਲੇ ਚੱਬਦੀਆਂ ਘੋੜੀਆਂ ਤਿੱਖੀਆਂ ਹੋ ਤੁਰੀਆਂ । ਗੱਡੀਆਂ ਦੇ ਪਹੀਏ ਰੇਤੇ ਵਿੱਚ ਧਸਦੇ ਅੱਗੇ ਵਧ ਰਹੇ ਸਨ । ਬਰਾਤ ਵਾਪਸ ਜਾ ਰਹੀ ਸੀ ।
ਪੈਹੇ ਤੋਂ ਤਿੰਨ ਚਾਰ ਖੇਤਾਂ ਦੀ ਵਿੱਥ ਤੇ ਦਿਆਲਾ ਟਾਹਲੀ ਦੀ ਛਿਦਰੀ ਛਾਂ ਹੇਠ ਬੈਠਾ ਸਬ ਕੁਝ ਵੇਖ ਰਿਹਾ ਸੀ । ਉਸ ਦੇ ਸੱਜੇ ਪਾਸਿਓ ਕੁਝ ਸ਼ਿਕਾਰੀ ਹਰਨੀ ਨੂੰ ਘੇਰੀ ਆ ਰਹੇ ਸਨ । ਹਰਨੀ ਅਸਲੋਂ ਹਾਰੀ ਹੰਭੀ ਪਈ ਸੀ । ਦਿਆਲੇ ਨੂੰ ਬੁਜਦਿਲ ਤੇ ਬੇਵਫਾ ਸ਼ਾਮੋ ਤੇ ਗੁੱਸਾ ਆ ਰਿਹਾ ਸੀ । ਪਰ ਉਸਨੂੰ ਪਤਾ ਨਹੀਂ ਸੀ, ਮੁੰਡੇ ਨਾਲੋਂ ਕੁੜੀ ਹੋ ਕੇ ਜਿਉਣਾ ਹੋਰ ਵੀ ਮੁਸ਼ਕਿਲ ਹੈ । ਉਹ ਆਪਣੇ ਆਪ ਤੇ ਝੂਰਦਾ ਤੇ ਲਾਹਨਤਾਂ ਪਾਉਂਦਾ ਰਿਹਾ । ਉਸਦੇ ਕੋਲ ਹੀ ਇੱਕ ਬੁੱਢੀ ਬੱਕਰੀ ਨਰਮ ਨਰਮ ਲਗਰਾਂ ਨੂੰ ਸੂਤ ਸੂਤ ਟੁੰਡ ਮੁੰਡ ਕਰ ਰਹੀ ਸੀ ।
ਜੋਰ ਨਾ ਕੁੜੀ ਦਾ ਕੋਈ,
ਰੋਂਦੀ ਨੂੰ ਤੋਰ ਦੇਣਗੇ ।
ਭਾਗ - ਬਾਹਰਵਾਂ
ਜਿੱਥੇ ਲਿੱਪਣੇ ਨਾ ਪੈਣ ਬਨੇਰੇ,
ਉਹ ਘਰ ਟੋਲੀਂ ਬਾਬਲਾ।
ਚੰਨੋ ਦੇ ਸਾਕ ਲਈ ਕਰਤਾਰਾ ਰੂਪ ਨੂੰ ਵੇਖਣ ਲਈ ਨਵੇਂ ਪਿੰਡ ਆਇਆ। ਉਂਜ ਉਸਦੇ ਦਿਲ ਨੂੰ ਇਕ ਤਰਾਂ ਭਜਨ ਨੇ ਮਨਾ ਲਿਆ ਸੀ ਕਿ ਚੰਨੋ ਦਾ ਰਿਸ਼ਤਾ ਰੂਪ ਨੂੰ ਕਰ ਦੇਣਾ ਹੈ । ਉਹ ਪੁੱਛ ਕੇ ਰੂਪ ਦੇ ਅਗਵਾੜ ਆ ਗਿਆ। ਰੂਪ ਕਿਤੇ ਬਾਹਰ ਖੇਤ ਨੂੰ ਗਿਆ ਹੋਇਆ ਸੀ ਘਰੋਂ ਬਾਹਰ ਨਿਕਲੀ ਰਾਜੀ ਨੇ ਝੱਟ ਤਾੜ ਲਿਆ ਕਿ ਮੁੰਡਾ ਕਿਸ ਤਰਾਂ ਆਇਆ ਹੈ । ਉਸ ਕਰਤਾਰੇ ਨੂੰ ਬਚਨੋਂ ਦੇ ਦਲਾਨ ਵਿੱਚ ਕੁਝ ਚਿਰ ਅਟਕਣ ਲਈ ਆਖਿਆ ਅਤੇ ਆਪਣੇ ਮੁੰਡੇ ਨੂੰ ਬਾਹਰ ਰੂਪ ਨੂੰ ਸੱਦਣ ਲਈ ਭਜਾ ਦਿੱਤਾ । ਰਾਜੀ ਨੂੰ ਰੂਪ ਦੇ ਮੰਗੇ ਜਾਣ ਦੀ ਖੁਸ਼ ਵਿੱਚ ਆਪਣੇ ਲਾਗ ਦਾ ਲਾਲਚ ਉਤਸ਼ਾਹ ਦੇ ਰਿਹਾ ਸੀ । ਰੂਪ ਨੂੰ ਵੇਖਣ ਵਾਲਾ ਦਸੀਂ ਪੰਦਰੀਂ ਦਿਨੀਂ ਕੋਈ ਨਾ ਕੋਈ ਆਇਆ ਹੀ