

ਰਹਿੰਦਾ ਸੀ, ਜਿਸਨੂੰ ਰੂਪ ਰੱਦ ਕਰ ਦੇਂਦਾ ਜਾਂ ਪਰਖਣ ਵਾਲਾ ਛੱਡੀ ਵਹੁਟੀ ਦੇ ਨੁਕਸ ਕਾਰਨ ਤਿਲਕ ਜਾਂਦਾ ਸੀ ।
ਰਾਜੀ ਨੇ ਇਸ਼ਾਰੇ ਨਾਲ ਹੀ ਬਚਨੋ ਨੂੰ ਸਬ ਕੁਝ ਸਮਝਾ ਦਿੱਤਾ । ਉਸ ਕੋਈ ਹੋਰ ਗੱਲ ਕਰਨ ਤੋਂ ਪਹਿਲਾਂ ਪਾਣੀ-ਧਾਣੀ ਪੁੱਛਿਆ:
“ਭਾਈ ਲੱਸੀ-ਪਾਣੀ ਦੀ ਦੇਹ ਗੱਲ, ਤਿਹਾਇਆ ਹੋਵੇਗਾ ?
"ਮੈਂ ਭਾਈ ਲੱਸੀ ਪੀਣੀ ਏਂ ।" ਕਰਤਾਰੇ ਨੇ ਬਚਨੋ ਵੱਲ ਤੱਕ ਕੇ ਨੀਂਵੀਂ ਪਾਉਂਦਿਆਂ ਉੱਤਰ ਦਿੱਤਾ, "ਥੋੜਾ ਲੂਣ ਵੀ ਖੋਰ ਲਿਆਉਣਾ ।"
ਬਚਨੋਂ ਅੰਦਰ ਲੱਸੀ ਲੈਣ ਆਈ । ਸੋਚ ਰਹੀ ਸੀ, ਇਸ ਨਾਲ ਕਿਵੇਂ ਗੱਲ ਕਰਾਂ । ਉਹ ਰੂਪ ਦੀ ਸਹੇਲੀ ਜਰੂਰ ਸੀ, ਪਰ ਉਸਨੂੰ ਲਗਦੀ ਵਾਹ ਸਾਕ ਨਹੀਂ ਦੇਣਾ ਚਾਹੁੰਦੀ ਸੀ । ਰੂਪ ਨੂੰ ਉਸਦੀ ਅੰਤਰੀਵ ਚਾਲ ਦਾ ਉੱਕਾ ਹੀ ਨਹੀਂ ਪਤਾ ਸੀ । ਹਰ ਆਉਣ ਵਾਲੀ ਬਹੁਟੀ ਨੂੰ ਸ਼ਰੀਕਣੀ ਹੀ ਨਹੀਂ, ਸਗੋਂ ਸੱਕਣ ਸਮਝਦੀ ਸੀ । ਉਸ ਰਿੜਕਣੇ ਚੋਂ ਬਠਲੀ ਚੁੱਕ ਕੇ ਲੱਸੀ ਹਿਲਾਈ ਅਤੇ ਛੰਨੇ ਵਿੱਚ ਲੂਣ ਦੀ ਡਲੀ ਰੱਖ ਕੇ ਰਿੜਕਣ ਉਲੱਦਿਆ । ਬਚਨੋ ਨੇ ਕਰਤਾਰੇ ਦੇ ਹੱਥ ਧੁਆ ਕੇ ਲੱਸੀ ਵਾਲਾ ਛੰਨਾ ਫੜਾਇਆ। ਉਸ ਲੱਸੀ ਪੀ ਕੇ ਛੰਨਾ ਸਹਿਜ ਨਾਲ ਥੱਲੇ ਰੱਖ ਦਿੱਤਾ ।
"ਭਾਈ ਭੁੱਖਾਂ ਏਂ ਤਾਂ ਅੰਨ-ਪਾਣੀ ਤਿਆਰ ਏ ।"
“ਨਹੀਂ ਜੀ, ਰੋਟੀ ਦੀ ਤਾਂ ਕੋਈ ਲੋੜ ਨਹੀਂ ।"
ਬਚਨੋਂ ਨੇ ਸੋਚ ਸੋਚ ਕੇ ਪੁੱਛਿਆ:
“ਬੀਬਾ, ਆਪਣੇ ਘਰ ਕਿੱਥੇ ਐ?"
"ਕਪੂਰੀ ।"
ਕਪੂਰਿਆਂ ਦਾ ਨਾਂ ਸੁਣਕੇ ਬਚਨੋਂ ਦੇ ਸਿਰ ਵਿੱਚ ਪੱਥਰ ਵੱਜਾ । ਇਹ ਤਾਂ ਕੋਈ ਗੱਲ ਹੈ । ਉਸ ਆਪਣੇ ਆਪ ਸਿਰ ਹਿਲਾਉਂਦਿਆਂ ਮਨ ਵਿੱਚ ਕਿਹਾ, “ਰੂਪ ਦਾ ਮੁੜ-ਮੁੜ ਕਪੂਰੀ ਜਾਣਾ, ਜਮੀਨ ਲਿਖਾਉਣੀ ਅਤੇ ਇਹਦਾ ਰੂਪ ਨੂੰ ਵੇਖਣ ਆਉਣਾ, ਅੰਦਰੋ-ਅੰਦਰ ਕੋਈ ਕਾਰਾ ਜਰੂਰ ਹੋਣ ਵਾਲਾ ਹੈ । ਹੈ ਨਾ ਹੈ, ਕੋਈ ਗੇਂਦ ਜਰੂਰ ਗੁੰਦੀ ਗਈ ਹੈ । ਭਲਾ ਫੈਲਾਂ ਤਾਂ ਸਹੀ ਇਸ ਨੂੰ ।"
“ਸੰਤੀ ਥੋਨੂੰ ਸਰੀਕੇ ਕਬੀਲੇ ਚੋਂ ਈ ਏ ?"
“ਹਾਂ, ਘਰ ਵੀ ਲਾਗ-ਲਾਗ ਈ ਐ।" ਕਰਤਾਰੇ ਨੇ ਮੁੜ ਉਲਟਾ ਕੇ ਪੁੱਛਿਆ, “ਭਾਈ ਰੂਪ ਨੇ ਪਹਲੀ ਨੂੰ ਕਾਹਤੋਂ ਛੱਡਿਆ ਸੀ ?"
"ਸਰੀਕੇ ਦੀ ਗੱਲ ਭਾਈ ਕੋਈ ਕੀ ਕਰ ਸਕਦਾ ਐ । ਉਹ ਸਿਆਣੀ ਤਾਂ ਬਥੇਰੀ ਸੀ ।, ਪਰ ਘਰ ਚ ਕਲੇਸ਼ ਰਹਿੰਦਾ ਸੀ । ਰੂਪ ਵੈਲੀਆਂ “ਚ ਬਹਿ ਸ਼ਰਾਬ ਪੀਣ ਨਹੀਂ ਹਟਦਾ ਸੀ, ਉਹ ਰੋਕਦੀ ਤਾਂ ਘਰੇ ਝਗੜਾ ਹੋ ਜਾਂਦਾ । ਬਚਨੋਂ ਨੇ ਬੜੇ ਸਿਆਣੇ ਢੰਗ ਨਾਲ ਕਰਤਾਰੇ ਦੀ ਹਮਦਰਦੀ ਵਿੱਚ ਰੂਪ ਦਾ ਸ਼ਰਾਬੀ ਅਤੇ ਵੈਲੀ ਹੋਣਾ ਜਾਹਰ ਕਰ ਦਿੱਤਾ । ਰੂਪ ਨੂੰ ਉਸਦੀ ਘਰਵਾਲੀ ਤੋਂ ਅਕਲ ਵਿੱਚ ਵੀ ਛੁਟਿਆ ਦਿੱਤਾ । ਕਰਤਾਰੇ ਉੱਤੇ ਕੱਢੇ ਦੋਹਾਂ ਨੁਕਸਾਂ ਦਾ ਕੋਈ ਖਾਸ ਅਸਰ ਨਾ ਹੋਇਆ । ਉਹ ਆਪ ਸ਼ਰਾਬ ਪੀ ਲੈਂਦਾ ਸੀ, ਸ਼ਰਾਬ ਪੀਣ ਨੂੰ ਕਿਵੇਂ ਸਮਝਦਾ । ਬਹੁਤੀ ਵਾਰ ਆਪਣੇ ਐਬ ਬਿਗਾਨੇ ਦੇ ਗੁਣਾ ਤੋਂ ਭਾਰੀ ਹੁੰਦੇ ਹਨ । ਦੂਜੇ ਉਸ ਸਮਝਿਆ ਹਰ ਅਣਖ ਵਾਲੇ ਮੁੰਡੇ ਨੂੰ ਲੋਕ ਵੈਲੀ ਕਹਿਣ ਲੱਗ ਪੈਂਦੇ ਹਨ । ਕਰਤਾਰਾ ਵੱਧ ਤੋਂ ਵੱਧ ਆਪਣੀ ਉਮਰ ਤੇ ਕੁਦਰਤੀ ਅਕਲ ਜਿੰਨਾ ਹੀ ਸੋਚ ਸਕਦਾ ਸੀ । ਹਾਲੇ ਮਨੁੱਖ ਘੱਟ ਤੇ ਮੁੰਡਾ ਜਿਆਦਾ ਸੀ । ਫਿਰ ਉਸ ਜਮੀਨ ਬਾਰੇ ਪੁੱਛਿਆ:
ਅਸਲ ਜਮੀਨ ਕਿੰਨੀ ਕੁ ਐ ?"
ਅੱਠ ਘਰ ਦੀ ਏ ਤੇ ਤਿੰਨ ਘੁਮਾਂ ਗਹਿਣੇ ਦੀ ਏ । ਬਚਨੋ ਨੇ ਅਸਲ ਜਮੀਨ ਨਾਲੋਂ ਵੀ ਘਟਾ ਕੇ ਦੱਸੀ ।
“ਤੁਹਾਡੇ ਪਿੰਡ ਦੀ ਤਾਂ ਐਨੀ ਜਮੀਨ ਈ ਬਥੇਰੀ ਏ ।
ਬਚਨੋਂ ਵਿੱਚੋ ਵਿੱਚ ਸੜ ਰਹੀ ਸੀ । ਉਸਨੂੰ ਦਿਲ ਦਾ ਧੁੜਕੂ ਖਾ ਰਿਹਾ ਸੀ ਕਿ ਇਹ ਮੁੰਡਾ ਸਾਕ ਜਰੂਰ ਕਰ ਜਾਵੇਗਾ। ਫਿਰ ਉਸ ਉਹਦੇ ਕਣਕ-ਵੰਨ ਰੰਗ ਤੋਂ ਉਹਦੀ ਭੈਣ ਦੇ ਸੁਹੱਪਣ ਦਾ ਅਨੁਮਾਨ ਲਾਇਆ, ਜਰੂਰ ਸੋਹਣੀ ਹੋਏਗੀ। ਉਹ ਸੁਨੱਖੀ ਬਹੁਟੀ ਵੀ ਰੂਪ ਦੇ ਘਰ ਨਹੀਂ