Back ArrowLogo
Info
Profile

ਉਠ ਵਤ ਹਜਾਰੇ ਨੂੰ ਚੱਲਿਆ ।

ਹੀਰ ਆਖਿਆ ਉਸ ਨੂੰ ਕੁੜੀ ਕਰ ਕੇ

ਬੁਕਲ ਵਿੱਚ ਲੁਕਾ ਕੇ ਲਿਆਇਆ ਜੇ ।

ਮੇਰੀ ਮਾਂ ਤੇ ਬਾਪ ਤੋਂ ਕਰੋ ਪਰਦਾ

ਗੱਲ ਕਿਸੇ ਨਾ ਮੂਲ ਸੁਣਾਇਆ ਜੇ ।

ਆਹਮੋ ਸਾਹਮਣੇ ਬੈਠ ਕੇ ਕਰੇ ਗੱਲਾਂ,

ਤੁਸੀਂ ਮੁਨਸਫੀ ਨਾਲ ਮੁਕਾਇਆ ਜੇ ।

ਜਿਹੜੇ ਹੋਣ ਸੱਚੇ ਸੋਈ ਜਿੱਤ ਜਾਵਣ,

ਰਲ ਝੂਠਿਆਂ ਨੂੰ ਡੋਨ ਲਾਇਆ ਜੇ ।

“ਅੰਤ ਨੀ ਜੱਟੀ ਦੇ ਸਿਦਕ ਦਾ ।"

ਜਗੀਰ ਨੇ ਵਿੱਚੋਂ ਦਾਦ ਦਿੱਤੀ ।

"ਸਹੇਲੀਆਂ ਰਾਂਝੇ ਨੂੰ ਕੁੜੀ ਬਣਾ ਕੇ ਹੀਰ ਕੋਲ ਲਿਆਉਂਦੀਆਂ ਹਨ ।" ਰੂਪ ਨੇ ਪਰਕਰਣ ਸਮਝਾਇਆ-

ਰਾਤੀ ਵਿੱਚ ਲੁਕਾ ਕੇ ਮਾਹਿੜੇ ਨੂੰ,

ਕੁੜੀਆਂ ਹੀਰ ਦੇ ਕੋਲ ਲੈ ਆਈਆਂ ਨੇ ।

ਹੀਰ ਆਂਵਦੇ ਨੂੰ ਕਿਹਾ, “ਬਿਸਮਿੱਲਾ”

ਅੱਜ ਦੋਲਤਾਂ ਫੇਰ ਘਰ ਆਈਆਂ ਨੇ ।

ਲੋਕਾਂ ਆਖਿਆਂ ਹੀਰ ਦਾ ਵਿਆਹ ਹੁੰਦਾ,

ਅਸੀਂ ਵੇਖਣ ਆਏ ਹਾਂ ਮਾਈਆਂ ਨੇ ।

ਸੂਰਜ ਚੜੇਗਾ ਮਗਰਬੇ ਰੋਜ ਕਿਆਮਤ,

ਤੋਬਾ ਤਰਕ ਕਰ ਕੁਲ ਬੁਰਿਆਈਆਂ ਨੇ ।

ਵਾਰਸ ਸ਼ਾਹ ਨੂੰ ਸੱਪੀਏ ਰੱਬ ਵੱਲੋਂ

ਸਾਨੂੰ ਛੱਡ ਕੇ ਹੋਰ ਦੇ ਲਾਈਆਂ ਨੂੰ ।”

ਵਾਰਸ ਦੇ ਕੜਕਦੀ ਧੁੱਪ ਵਰਗੇ ਬੋਲ, ਪੰਜਾਬਣ ਜੱਟ ਕੁੜੀ ਨੂੰ ਬਿਆਨ ਕਰ ਰਹੇ ਸਨ । ਉਸਦਾ ਪਿਆਰ ਪੰਜਾਬ ਦੀ ਅਮਰ ਕਹਾਣੀ ਹੈ । ਉਸਦੇ ਸਿਦਕ ਵਫਾ ਤੇ ਕੁਰਬਾਨੀ ਨੇ ਨਵੀਂ ਗਭਰੋਟ ਢਾਣੀ ਨੂੰ ਜਿੰਦਗੀ ਜਿਉਣ ਲਈ ਕਿੰਨਾ ਜਿਗਰਾ ਦਿੱਤਾ । ਦਲਾਨ ਵਿੱਚ ਬੈਠੀਆਂ ਜਵਾਨੀਆਂ ਦਰਦ-ਵਿਛੋੜਾ ਜਰ ਸਕਣ ਲਈ ਮਨ ਬਣਾ ਰਹੀਆਂ ਸਨ । ਕਾਵਿ-ਕੂਕਾਂ ਦਿਲ, ਦਿਮਾਗ ਦੇ ਲਹੂ ਨੂੰ ਉਬਾਲਾ ਦੇ ਰਹੀਆਂ ਸਨ, ਜਿੰਨਾਂ ਨਾਲ ਸਮਾਜ ਦੀਆਂ ਲੋਹ-ਕੜੀਆਂ ਨੂੰ ਕਦੇ ਵੀ ਪਿਘਲਾਇਆ ਜਾਸਕਦਾ ਸੀ । ਉਸ ਤੋਂ ਪਿੱਛੋਂ ਹੀ ਜਿੰਦਗੀ ਆਪਣੇ ਕੁਦਰਤੀ ਜਜਬਾਤ ਨਾਲ ਖੇੜਾ ਖੇੜਾ ਹੋ ਸਕਦੀ ਹੈ। ਹੀਰ ਪੜਦਿਆਂ ਤੇ ਝਟੇ ਖਾਂਦਿਆਂ ਕਾਫੀ ਸਮਾ ਬੀਤ ਗਿਆ । ਫਿਰ ਜੈਲੇ ਨੂੰ ਠੰਡਿਆਈ ਬਣਾਉਣ ਲਈ ਖੰਡ ਅਤੇ ਬਦਾਮ ਆਦਿ ਸਮਾਨ ਰੂਪ ਨੇ ਲਿਆ ਕੇ ਦਿੱਤਾ । ਜੈਲੇ ਨੇ ਕੂੰਡੇ ਵਿੱਚ ਰਗੜਾ ਪਾ ਦਿੱਤਾ । ਰੂਪ ਨੇ ਪਾਣੀ ਦੀ ਬਾਲਟੀ ਮੂੰਹ ਤੱਕ ਭਰ ਕੇ ਬਣਾ ਲਈ । ਸਾਰਿਆਂ ਸਰਦਾਈ ਪੀਤੀ ਅਤੇ ਇੱਕ ਵਾਰੀ ਹੀ ਸਾਰਿਆਂ ਦਾ ਸੜਦਾ ਕਾਲਜਾ ਠਰ ਗਿਆ । ਦਿਨ ਢਲ ਗਿਆ ਸੀ ਪਰ ਸ਼ਾਮ ਹਾਲੇ ਦੂਰ ਸੀ । ਜੈਲੇ ਨੇ ਸਮਾ ਲੰਘਾਣ ਦੀ ਰੀਝ ਨਾਲ ਆਖਿਆ:

65 / 145
Previous
Next