

੪੭ ਸ਼ਿਵਨਾਭ, ਪ੍ਰਾਣ ਸੰਗਲੀ
ਤਬ ਸਿੰਘਲਾਦੀਪ ਕੀ ਸੁਰਤਿ ਹੋਈ। ਜਾਇ ਸਮੁੰਦ੍ਰ ਅਸਗਾਹ ਵਿਚਿ ਖੜੇ ਹੋਇ। ਤਬ ਬਾਬੇ ਆਖਿਆ: 'ਏਹਾ ਅਸਗਾਹ ਸਮੁੰਦਰ ਕਿਉਂ ਕਰਿ ਤਰੀਐ, ਲੰਘੀਐ:' ਤਦਹੁ ਸਿਖਾਂ ਬੇਨਤੀ ਕੀਤੀ, ਸੈਦੇ ਅਤੇ ਸੀਹੋ ਆਖਿਆ: 'ਜੀ ਤੇਰੇ ਹੁਕਮਿ ਨਾਲਿ ਪਹਾੜ ਤਰਨਿ'। ਤਬ ਗੁਰੂ ਬੋਲਿਆ, ਆਖਿਓਸੁ, ਜੇ 'ਏਹ ਸਲੋਕ ਪੜਦੇ ਆਵਹੁ :-
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥
ਤਬ ਬਾਬਾ ਬੋਲਿਆ, ਆਖਿਓਸੁ: 'ਜਿਸੁ ਸਿਖ ਦੈ ਮੁਹਿ ਏਹੁ ਸਲੋਕੁ ਹੋਵੈਗਾ, ਅਤੇ ਉਹ ਪੜਦਾ ਜਾਵੈਗਾ, ਅਤੇ ਓਸਦੈ ਪਿਛੈ ਜਿਤਨੀ ਸੁਣੇਗੀ, ਤਿਤਨੀ ਸਭ ਭਵਜਲੁ ਪਾਰਿ ਲੰਘੇਗੀ । ਤਬ ਸਿਖ ਪੈਰੀ ਪਏ, ਆਖਿਉਨੈ: 'ਜੀ ਜਿਸਨੁ ਤੁਧੁ ਭਾਵੈ ਤਿਸਨੂ ਪਾਰਿ ਉਤਾਰਿ । ਤਦਹੁ ਪਾਰਿ ਗਏ। ਸਿੰਘਲਾਦੀਪ ਸਿਵਨਾਭਿ ਰਾਜੇ ਕੈ ਗਇਆ। ਰਾਜੇ ਕੇ ਬਾਗ ਬਸੇਰਾ ਕੀਆ, ਸਮੁੰਦ੍ਰ ਕੇ ਪਾਰਿ। ਤਥ ਰਾਜੈ ਸਿਉਨਾਭਿ ਕਾ ਨਉਲਖਾ ਬਾਗੁ ਸੁਕਾ ਪਇਆ ਥਾ, ਸੋ ਹਰਿਆ ਹੋਆ। ਫਲ ਵਾਲੇ ਫੁਲ ਪੜਿਆ* ਪਤਾ ਵਾਲੈ ਪਤੁ ਪੜਿਆ*, ਫਲ ਵਾਲੇ ਫਲੁ ਪੜਿਆ*। ਤਬ ਮਘੋਰ ਬਗਵਾਨ ਦੇਖੈ, ਤਾਂ ਬਾਗ ਬਰਸਾਂ ਕਾ ਸੁਕਾ ਪੜਿਆ ਥਾ, ਸੋ ਹਰਿਆ ਹੋਆ ਹੈ। ਤਦਹੁ ਬਹੁਰਿ ਜਾਇ ਖਬਰਿ ਰਾਜੇ ਸਿਵਨਾਭਿ ਪਾਸਿ ਕੀਤੀਅਸੁ, ਆਖਿਉਸ 'ਜੀ ਬਾਹਰਿ ਆਉ! ਇਕਸ ਫਕੀਰ ਕੇ ਬੈਠਣਿ ਨਾਲਿ ਬਾਗ ਹਰਿਆ ਹੋਆ ਹੈ'। ਤਬ ਰਾਜੈ ਸਿਵਨਾਭਿ ਚੇਰੀਆਂ ਭੇਜੀਆਂ ਪਦਮਣੀਆਂ। ਪਦਮਣੀਆਂ ਆਇ ਨਿਰਤਿ ਲਾਗੀਆਂ ਕਰਣਿ। ਅਨੇਕ ਰਾਗ ਰੰਗ ਕੀਤੇ, ਤਬ ਬਾਬਾ ਬੋਲਿਉ ਨਾਹੀਂ ਧਿਆਨ ਵਿਚਿ ਹੀ ਰਹਿਆ। ਤਬ ਪਿਛਹੁ ਰਾਜਾ ਸਿਉਨਾਭੁ ਆਇਆ,
* ਪਾਠਾਂਤ੍ਰ ਹੈ 'ਫੜਿਆ'।