Back ArrowLogo
Info
Profile

੫. ਬ੍ਰਿਛ ਦੀ ਛਾਂ ਨਾ ਫਿਰੀ

ਤਬਿ ਆਗਿਆ ਪਰਮੇਸਰ ਕੀ ਹੋਈ. ਜੋ ਗੁਰੂ ਨਾਨਕ ਦੇ ਘਰ ਦੁਇ ਬੇਟੇ ਹੋਏ: ਲਖਮੀਦਾਸ ਤੇ ਸ੍ਰੀਚੰਦੁ। ਪਰ ਬਾਬੇ ਦੀ ਉਦਾਸੀ ਮਿਟੈ ਨਾਹੀਂ। ਗੁਰੂ ਨਾਨਕ ਰੁਖੀ ਬਿਰਖੀ ਜਾਇ ਉਦਾਸੁ ਰਹੈ॥ ਤਬਿ ਇਕ ਦਿਨ ਗੁਰੂ ਬਾਬਾ ਨਾਨਕ ਜੀ ਜਾਇ ਕਰਿ ਬਾਗ ਵਿਚ ਸੁਤਾ, ਫਿਰਿ ਦਿਨੁ ਲਥਾ ਉਠੇ ਨਾਹੀ। ਤਬ ਰਾਇਬੁਲਾਰ ਦੇਵ ਭੱਟੀ ਸਿਕਾਰਿ ਚੜਿਆ ਥਾ, ਆਉਂਦਾ ਆਉਂਦਾ ਜਾ ਬਾਗ ਵਿਚ ਆਵੈ, ਤਾਂ ਕੋਈ ਦਰਖਤ ਹੇਠ ਸੁੱਤਾ ਪਇਆ ਹੈ। ਪਰ ਜਾਂ ਦੇਖੈ ਤਾਂ ਹੋਰਨਾਂ ਦਰਖਤਾਂ ਦੀ ਛਾਇਆ ਚਲਿ ਗਈ ਹੈ, ਅਰੁ ਇਸੁ ਦਰਖਤ ਦਾ ਪ੍ਰਛਾਵਾਂ ਖੜਾ ਹੈ। ਤਬ ਰਾਇ ਬੁਲਾਰ ਆਖਿਆ, 'ਇਸਨੂੰ ਜਗਾਇਹੁ'। ਜਬ ਉਠਾਇਆ, ਤਾਂ ਕਾਲੂ ਦਾ ਪੁੱਤ੍ਰ ਹੈ। ਤਬਿ ਰਾਇ ਬੁਲਾਰ ਆਖਿਆ, 'ਯਾਰੋ! ਕੱਲ ਵਾਲੀ ਵੀ ਗਲਿ ਡਿਠੀ ਹੈ, ਅਰ ਏਹੁ ਭੀ ਦੇਖਹੁ, ਏਹ ਖਾਲੀ ਨਾਹੀ'। ਤਬਿ ਰਾਇ ਬੁਲਾਰ ਭੱਟੀ ਘਰਿ ਆਇਆ। ਆਇ ਕਰਿ ਕਾਲੂ ਨੂੰ ਸਦਾਇਓਸੁ, ਅਰੁ ਆਖਿਓਸੁ: 'ਕਾਲੂ! ਮਤੁ ਇਸੁ ਪੁਤ੍ਰ ਨੋ ਫਿਟੁ ਮਾਰ ਦੇਂਦਾ ਹੋਵੇਂ, ਇਹ ਮਹਾਂਪੁਰਖੁ ਹੈ; ਇਸ ਦਾ ਸਦਕਾ ਮੇਰਾ ਸਹਰੁ ਵਸਦਾ ਹੈ। ਕਾਲੂ ਤੂੰ ਭੀ ਨਿਹਾਲੁ ਹੋਆ", ਅਤੇ ਮੈਂ ਭੀ ਨਿਹਾਲੁ ਹਾਂ, ਜਿਸ ਦੇ ਸਹਰ ਵਿਚਿ ਇਹ ਪੈਦਾ ਹੋਆ ਹੈ। ਤਬਿ ਕਾਲੂ ਆਖਿਆ, 'ਜੀ ਖੁਦਾਇ ਦੀਆ ਖੁਦਾਇ ਹੀ ਜਾਣੈ।” ਕਾਲੂ ਘਰਿ ਆਇਆ।

੧.       ਹਾ:ਬਾ: ਨੁਸਖ਼ੇ ਵਿਚ ਪਾਠ 'ਅਗਲੀ ਗਲ' ਹੈ।

੨.       ਇਸ ਥਾਵੇਂ ਹਾ:ਬਾ: ਨੁਸਖੇ ਵਿਚ ਏਹ ਅਖਰ:- 'ਜੋ ਤੇਰਾ ਪੁਤ੍ਰ ਹੈ-ਹੋਰ ਬੀ ਵਾਧੂ ਹੈਨ।

29 / 221
Previous
Next