Back ArrowLogo
Info
Profile

੬. ਖੇਤੀ, ਵਣਜ, ਸਉਦਾਗਰੀ, ਚਾਕਰੀ

ਤਬ ਗੁਰੂ ਨਾਨਕ ਫਕੀਰਾਂ ਨਾਲ ਮਜਲਸਿ ਕਰੈ। ਹੋਰੁ ਕਿਸੇ ਨਾਲਿ ਗਲ ਕਰੈ ਨਾਹੀ। ਤਬ ਸਬ ਪਰਵਾਰ ਦੁਖਿਆ। ਆਖਨਿ: 'ਜੋ ਏਹੁ ਕਮਲਾ ਹੋਆ ਹੈ। ਤਬਿ ਗੁਰੂ ਨਾਨਕ ਜੀ ਕੀ ਮਾਤਾ ਆਈ ਉਸ ਆਖਿਆ: 'ਬੇਟਾ! ਤੁਧ ਫ਼ਕੀਰਾਂ ਨਾਲ ਬੈਠਿਆਂ ਸਰਦੀ ਨਾਹੀ, ਤੈਨੂੰ ਘਰੁ ਬਾਰੁ ਹੋਇਆ, ਧੀਆਂ ਪੁਤ੍ਰ ਹੋਏ, ਰੁਜ਼ਗਾਰ ਭੀ ਕਰਿ। ਨਿਤ ਨਿਤ ਭਲੇਰੀਆਂ ਗਲਾਂ ਛਡਿ, ਅਸਾਂ ਨੂੰ ਲੋਕ ਹਸਦੇ ਹੈਨਿ, ਜੋ ਕਾਲੂ ਦਾ ਪੁਤ੍ਰ ਮਾਖੁਟੁ ਹੋਆ ਹੈ'। ਜਾਂ ਏਹੁ ਗੱਲਾਂ ਮਾਤਾ ਆਖੀਆਂ, ਪਰੁ ਗੁਰੂ ਨਾਨਕ ਦੇ ਦਿਲਿ ਕਾਈ ਲਗੀਆਂ ਨਾਹੀ। ਫਿਕਰਵਾਨੁ ਹੋਇ ਕਰਿ ਪੈ ਰਹਿਆ। ਜਿਉਂ ਪਇਆ, ਤਿਉਂ ਦਿਹਾਰੇ ਚਾਰਿ ਗੁਜਰਿ ਗਏ ਜਾਂ ਮਲਿ ਚੁਕੀ ਤਾਂ ਬਾਬੇ ਦੀ ਇਸਤ੍ਰੀ ਸਸੁ ਪਾਸਿ ਆਈ। ਉਨਿ ਆਖਿਆ: 'ਸਸੁ! ਤੂ ਕਿਆ ਬੈਠੀ ਹੈਂ ? ਜਿਸ ਦਾ ਪੁਤ੍ਰ ਪਇਆ ਹੈ, ਚਉਥਾ ਦਿਹਾੜਾ ਹੋਆ ਹੈ। ਖਾਂਦਾ ਪੀਂਦਾ ਕਿਛੁ ਨਾਹੀਂ । ਤਬ ਮਾਤਾ ਆਈ, ਉਨਿ ਆਖਿਆ: 'ਬੇਟਾ! ਤੁਧੁ ਪਇਆਂ ਬਣਦੀ ਨਾਹੀਂ, ਕੁਛ ਖਾਹਿ ਪੀਉ, ਖੇਤੀ ਪਤੀ ਦੀ ਖਬਰਿ ਸਾਰਿ ਲਹੁ, ਕਿਛੁ ਰੁਜ਼ਗਾਰ ਦੀ ਖਬਰਿ ਲਹੁ, ਤੇਰਾ ਸਭ ਕੁਟੰਬ ਦਿਲਗੀਰ ਹੈ, ਅਤੇ ਬੇਟਾ ਜੋ ਤੁਧੁ ਨਾਹੀ ਭਾਂਵਦਾ, ਸੁ ਨਾ ਕਰਿ ਅਸੀ ਤੈਨੂੰ ਕਿਛੁ ਨਹੀ ਆਖਦੇ, ਤੂ ਫਿਕਰਵਾਨ ਕਿਉਂ ਹੈ ?' ਤਬਿ ਕਾਲੂ ਨੂੰ ਖਬਰ ਹੋਈ, ਤਾਂ ਕਾਲੂ ਆਇਆ, ਆਖਿਆ: 'ਬੱਚਾ! ਤੈਨੂੰ ਅਸੀਂ ਕਿ ਆਖਦੇ ਹਾਂ? ਪਰ ਰੁਜਗਾਰ ਕੀਤਾ ਭਲਾ ਹੈ। ਜਿ ਖੱਤਰੀਆ ਦਿਆਂ ਪੁਤ੍ਰ ਪਾਸਿ ਪੰਜੀਹੇ ਹੋਂਦੇ ਹੈਨ ਤਾਂ ਰੁਜ਼ਗਾਰ ਕਰਦੇ ਹੈਨਿ*। ਰੁਜ਼ਗਾਰ ਕੀਤਾ ਭਲਾ ਹੈ, ਬੇਟਾ! ਅਸਾਡੀ ਖੇਤੀ ਬਾਹਰਿ ਪੱਕੀ ਖੜੀ ਹੈ, ਅਰ ਤੂ ਓਜਾੜ ਨਾਹੀ, ਕਿਉਂ ਜਿ ਵਿਚ ਖਲਾ ਹੋਵੈਂ, ਤਾਂ ਆਖਨਿ, ਜੋ ਕਾਲੂ ਕਾ ਪੁਤ੍ਰ ਭਲਾ ਹੋਆ। ਬੇਟਾ! ਖੇਤੀ ਖਸਮਾ ਸੇਤੀ'।

* ਹਾ:ਬਾ: ਨੁਸਖੇ ਦਾ ਪਾਠ ਹੈ: 'ਜੋ ਖਤ੍ਰੀਆਂ ਦਿਆਂ ਪੁਤ੍ਰਾਂ ਪਾਸ ਪਜੀਹੇ ਹੁੰਦੇ ਹੈਨ ਤਾਂ ਰੁਜਗਾਰ ਕਰਦੇ ਨਾਹੀ ?'

30 / 221
Previous
Next