

ਤਬ ਫਿਰਿ ਕਾਲੁ ਕਹਿਆ, 'ਏਹ ਗਲਾਂ ਛਡਿ, ਲੋਕਾਂ ਦਾ ਮਾਰਗ ਪਕੜੁ॥ ਕਿਰਤਿ ਬਿਨਾ ਜੀਵਣੁ ਥੋੜਾ ਹੈ । ਤਬਿ ਫਿਰਿ ਬਾਬਾ ਨਾਨਕ ਚੁਪ ਕਰ ਰਹਿਆ। ਕਾਲੂ ਉਠ ਗਇਆ, ਜਾਇ ਕਿਰਤਿ ਲਗਾ। ਆਖਿਓਸੁ: 'ਏਹੁ ਅਸਾਡੇ ਕੰਮਹੁ ਕਾਜੋਂ ਗਇਆ। ਪਰ ਬਾਹਰੋਂ ਖੇਤੀ ਉਜੜੇ ਨਾਂਹੀ।
ਤਬਿ ਮਾਤਾ ਆਈ। ਆਇ ਕਰਿ ਲਗੀ ਉਪਦੇਸਨਿ। ਆਖਿਓਸੁ: 'ਬੇਟਾ! ਚਾਰਿ ਦਿਨਿ ਨਾਮੁ ਵਿਸਾਰਿ ਦੇਹਿ, ਅਤੇ ਉਠਿ ਖੜਾ ਹੋਹੁ। ਕਪੜੇ ਲਾਇ ਗਲੀ ਕੂਚੈ ਫਿਰਿ, ਜੋ ਲੋਕਾਂ ਦਾ ਵਿਸਾਹੁ ਹੋਵੈ ਸਭ ਕੋਈ ਆਖੈ ਜੋ ਕਾਲੂ ਦਾ ਪੁਤ੍ਰ ਚੰਗਾ ਹੋਆ'। ਤਦਿ ਬਾਬਾ ਬੋਲਿਅ, ਸਬਦੁ-
*ਰਾਗੁ ਆਸਾ ਮਹਲਾ ੧॥
ਆਖਾ ਜੀਵਾ ਵਿਸਰੈ ਮਰਿ ਜਾਉ॥ ਆਖਣਿ ਅਉਖਾ ਸਾਚਾ ਨਾਉ॥
ਸਾਚੇ ਨਾਮ ਕੀ ਲਾਗੈ ਭੂਖ॥ ਤਿਤੁ ਭੂਖੈ ਖਾਇ ਚਲੀਅਹਿ
ਦੂਖ॥੧॥ ਸੋ ਕਿਉ ਵਿਸਰੈ ਮੇਰੀ ਮਾਇ॥ ਸਾਚਾ ਸਾਹਿਬੁ ਸਾਚੈ
ਨਾਇ॥੧॥ਰਹਾਉ॥ ਸਾਚੇ ਨਾਮ ਕੀ ਤਿਲੁ ਵਡਿਆਈ॥
ਆਖਿ ਥਕੇ ਕੀਮਤਿ ਨਹੀ ਪਾਈ॥ ਜੇ ਸਭਿ ਮਿਲਿ ਕੈ ਆਖਣ
ਪਾਹਿ॥ ਵਡਾ ਨ ਹੋਵੈ ਘਾਟਿ ਨ ਜਾਇ॥੨॥ ਨਾ ਓਹੁ ਮਰੈ ਨ ਹੋਵੈ
ਸੋਗੁ॥ ਦੇਂਦਾ ਰਹੈ ਨ ਚੂਕੈ ਭੋਗੁ॥ ਗੁਣੁ ਏਹੋ ਹੋਰੁ ਨਾਹੀ ਕੋਇ॥
ਨਾ ਕੋ ਹੋਆ ਨਾ ਕੋ ਹੋਇ॥੩॥ ਜੇਵਡੁ ਆਪਿ ਤੇਵਡ ਤੇਰੀ ਦਾਤਿ॥
ਜਿਨਿ ਦਿਨੁ ਕਰਿ ਕੈ ਕੀਤੀ ਰਾਤਿ॥ ਖਸਮੁ ਵਿਸਾਰਹਿ ਤੇ
ਕਮਜਾਤਿ॥ ਨਾਨਕ ਨਾਵੈ ਬਾਝੁ ਸਨਾਤਿ॥੪॥੨॥ (ਪੰਨਾ ੩੪੯)
ਤਬਿ ਮਾਤਾ ਉਠਿ ਗਈ, ਜਾਇ ਖਬਰਿ ਕੀਤੀ ਪਰਵਾਰ ਵਿੱਚ। ਤਬ ਸਾਰਾ ਪਰਵਾਰੁ ਸਭੁ ਕੁਟੰਬੁ ਵੇਦੀਆ ਕਾ ਲਾਗਾ ਝੁਰਣਿ, ਆਖਣਿ ਲਗੈ, ਜੋ ਵਡਾ ਹੈਫੁ ਹੋਆ, ਜੋ ਕਾਲੂ ਦਾ ਪੁਤ੍ਰ ਦਿਵਾਨਾ ਹੋਆ।
* 'ਰਾਗੁ ਆਸਾ ਵਿਚ ਮਹਲਾ ੧ ਇਤਨੇ ਅੱਖਰ ਏਥੇ ਹਾਫ਼ਜ਼ਾਬਾਦ ਵਾਲੇ ਉਤਾਰੇ ਵਿਚ ਹਨ ਤੇ ਵਲੈਤ ਵਾਲੀ ਵਿਚ ਨਹੀਂ ਹਨ।