

੧੧. ਕਾਜੀ ਚਰਚਾ, ਨਮਾਜ਼
ਮੋਦੀ ਦੀ ਕਾਰ ਤਿਆਗੀ
ਤਬਿ ਗੁਰੂ ਨਾਨਕ ਚੁਪ ਕਰਿ ਰਹਿਆ।
ਤਬ ਇਕੁ ਦਿਨ ਗੁਜਰ ਗਇਆ। ਤਬਿ ਅਗਲੇ ਦਿਨਿ ਬਕਿ ਖਲਾ ਹੋਇਆ, ਜੋ 'ਨਾ ਕੋਈ ਹਿੰਦੂ ਹੈ, ਨਾ ਕੋ ਮੁਸਲਮਾਨੁ ਹੈ। (ਜਬ ਬੋਲੈ, ਤਾਂ ਇਹੋ ਅਵਾਜ ਕਰੇ ।) ਤਬਿ ਲੋਕਾਂ ਜਾਇ ਕਰ ਖਾਨ ਜੋਗੁ ਕਹਿਆ, 'ਜੇ ਬਾਬਾ ਨਾਨਕ ਆਖਦਾ ਹੈ, ਜੋ ਨਾ ਕੋ ਹਿੰਦੂ ਹੈ, ਨਾ ਕੋ ਮੁਸਲਮਾਨ ਹੈ । ਤਬਿ ਖਾਨ ਕਹਿਆ, 'ਇਸਕੇ ਖਿਆਲ ਨਾਹੀ ਪਉਣਾ, ਇਹ ਫ਼ਕੀਰ ਹੈ'। ਤਬ ਇਕੁ ਨੇੜੈ ਕਾਜੀ ਬੈਠਾ ਥਾ, ਉਨਿ ਕਾਜੀ ਕਹਿਆ, 'ਖਾਨ ਜੀ! ਅਜਬੁ ਹੈ, ਕਿਉਂ ਜੋ ਆਖਿਆ ਹੈ?- ਨਾਂ ਕੋ ਹਿੰਦੂ ਹੈ, ਨਾਂ ਕੋ ਮੁਸਲਮਾਨ ਹੈ-'। ਤਬਿ ਖਾਨਿ ਕਹਿਆ ਆਦਮੀ ਤਾਈਂ, ਜੋ ‘ਬੁਲਾਇ ਆਣਿ'। ਤਬ ਆਦਮੀ ਆਇਕੇ ਕਹਿਣ ਲਗੇ 'ਨਾਨਕ! ਤੇਰੇ ਤਾਈ ਖਾਨੁ ਬੁਲਾਇਦਾ ਹੈ । ਤਬਿ ਗੁਰੂ ਨਾਨਕ ਕਹਿਆ, 'ਮੈਂ ਤੇਰੇ ਖਾਨ ਦੀ ਕਿਆ ਪਰਵਾਹਿ ਪੜੀ ਹੈ ?' ਤਬ ਲੋਕਾਂ ਕਹਿਆ, 'ਇਹ ਕਮਲਾ ਦਿਵਾਨਾ ਹੋਆ ਹੈ'। ਤਬਿ ਗੁਰੂ ਨਾਨਕ ਕਹਿਆ, 'ਮਰਦਾਨਿਆ! ਰਬਾਬੂ ਵਜਾਇ। ਤਾਂ ਮਰਦਾਨੇ ਰਬਾਬੁ ਵਜਾਇਆ, ਰਾਗੁ ਮਾਰੂ ਕੀਤਾ, ਬਾਬੈ ਸਬਦ ਉਠਾਇਆ:- ਮਾਰੂ ਮਹਲਾ ੧ ॥
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ॥
ਕੋਈ ਆਖੈ ਆਦਮੀ ਨਾਨਕੁ ਵੇਚਾਰਾ॥
ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ॥
ਹਉ ਹਰਿ ਬਿਨੁ ਅਵਰੁ ਨ ਜਾਨਾ॥੧॥ਰਹਾਉ॥
੧. 'ਬਕਨਾ' ਦੇ ਪੁਰਾਤਨ ਪੰਜਾਬੀ ਵਿਚ ਕੇਵਲ 'ਬੋਲਣਾ' ਅਰਥ ਹੁੰਦੇ ਸਨ।
੨. 'ਜਬ ਤੋਂ ਕਰੇ' ਤਕ ਦਾ ਪਾਠ ਹਾਫ਼ਜ਼ਾਬਾਦੀ ਉਤਾਰੇ ਵਿਚੋਂ ਹੈ।
੩. 'ਤਬ ਆਦਮੀ ਆਇਕੇ ਕਹਿਣ ਲਗੈ ਪਾਠ ਹਾ:ਬਾ: ਨੁਸਖੇ ਦਾ ਹੈ।