ਦੀ ਘੁੰਡੀ ਤੋਂ ਨਾਵਾਕਫ ਹੋਣਾ ਬੀ ਹੋ ਸਕਦਾ ਹੈ, ਜੋ ਕਿ ਲਾਹੌਰ ਅੰਮ੍ਰਿਤਸਰ ਦੇ ਲਾਗੇ ਸੁਹਣੀ ਸ਼ਕਲ ਲੈ ਗਈ ਸੀ। ਕਿਉਂਕਿ ਹਾਸ਼ੀਏ ਦੀਆਂ ਲੀਕਾਂ ਮਿਸਤਰ ਨਾਲ ਵਾਹੀਆਂ ਨਹੀਂ ਜਾਪਦੀਆਂ, ਜੋ ਹੁਨਰ ਕਿ ਓਦੋਂ ਚੰਗੇ ਕਮਾਲ ਤੇ ਸੀ। ਹਾਸ਼ੀਏ ਦੀਆਂ ਲੀਕਾਂ ਉਘੜ ਦੁਘੜੀਆਂ ਉਸ ਦੇ ਚਲਾਊ ਲਿਖਤ ਹੋਣ ਦੀ ਗਵਾਹੀ ਹਨ ਤੇ ਇਸੇ ਤਰ੍ਹਾਂ ਲਿਖਤ ਬੀ ਚਲਾਊ ਹੋ ਸਕਦੀ ਹੈ; ਲਿਖਣ ਵਾਲਾ ਕਸਬੀ ਲਿਖਾਰੀ ਨਹੀਂ ਜਾਪਦਾ।
(੫) ਇਹ ਗੱਲ ਕਿ ਵਲੈਤ ਪਹੁੰਚਾ ਨੁਸਖਾ ਇਸਦਾ ਅਸਲੀ ਕਰਤਾ ਦਾ ਪਹਿਲਾ ਨੁਸਖਾਹੈ, ਇਸ ਦੇ ਅੰਦਰ ਦੀ ਗੁਆਹੀ ਤੋਂ ਰੱਦ ਹੋ ਜਾਂਦਾ ਹੈ। ਇਸ ਨੁਸਖੇ ਤੋਂ ਪਹਿਲੇ ਕੋਈ ਹੋਰ ਨੁਸਖ਼ਾ ਸੀ, ਇਸਦਾ ਇਹ ਉਤਾਰਾ ਹੈ। ਫੇਰ ਇਹ ਨੁਸਖਾ ਉਸਦਾ ਠੀਕ ਉਤਾਰਾ ਹੈ ਯਾ ਕੁਛ ਫਰਕ ਪੈ ਗਿਆ ਹੈ, ਇਹ ਗੱਲ ਹਾਫ਼ਜ਼ਾਬਾਦੀ ਨੁਸਖੇ ਨਾਲ ਇਸ ਦਾ ਟਾਕਰਾ ਕਰਨ ਤੋਂ ਦਿਸ ਪੈਂਦੀ ਹੈ ਕਿ ਦੋਵੇਂ ਉਤਾਰੇ ਇਕ ਮੂਲ ਦੇ ਹਨ ਪਰ ਆਪੋ ਵਿਚ ਫ਼ਰਕ ਕਰ ਗਏ ਹਨ। ਇਸ ਤੋਂ ਸੰਭਾਵਨਾ ਹੁੰਦੀ ਹੈ ਕਿ ਵਲੈਤ ਵਾਲਾ ਨੁਸਖ਼ਾ ਭੀ ਅਸਲੀ ਮੂਲ ਤੋਂ ਚੋਖਾ ਫ਼ਰਕ ਕਰ ਗਿਆ ਹੋਵੇਗਾ, ਇਹ ਗੱਲ ਕਿ ਇਹ ਨੁਸਖ਼ਾ ਕਿਸੇ ਹੋਰ ਦਾ ਉਤਾਰਾ ਹੈ ਐਉਂ ਸਪਸ਼ਟ ਹੁੰਦੀ ਹੈ:-
(ੳ) ਸਾਖੀ ਨੰ: ੨੮ ਵਿਚ ਲਿਖਿਆ ਹੈ ਕਿ 'ਉਹ ਦੁਨੀਆਂ ਦਾਰ ਫ਼ਕੀਰ ਥੇ, ਅਗਲਾ ਪਿਛਲਾ ਪ੍ਰਕਰਣ ਸਾਫ਼ ਦੱਸਦਾ ਹੈ ਕਿ ਏਥੇ ਪਾਠ ਚਾਹੀਦਾ ਸੀ: 'ਓਹ ਦੀਨਦਾਰ ਫ਼ਕੀਰ ਥੇ; ਕਿਉਂਕਿ ਉਹ ਅਫ਼ਸੋਸ ਕਰਦਾ ਹੈ ਕਿ ਜੇ ਮੈਂ ਦੀਨ ਮੰਗਦਾ ਤਾਂ ਦੀਨ ਪਾਉਂਦਾ, ਮੈਂ ਦੁਨੀਆਂ ਚਾਹੀ ਤਾਂ ਦੁਨੀਆਂ ਮਿਲੀ। ਹਾਫ਼ਜ਼ਾਬਾਦੀ ਨੁਸਖੇ ਵਿਚ ਪਾਠ ਹੈ: -ਦੀਨਦਾਰ ਫਕੀਰ ਥੇ ਜੇ ਸੁਧ ਹੈ।
ਇਹ ਅਸ਼ੁੱਧੀ ਵਲੈਤੀ ਨੁਸਖ਼ੇ ਦੀ ਐਸੀ ਹੈ ਕਿ ਜਿਸ ਦੇ ਅਸ਼ੁੱਧ ਹੋਣ ਦਾ ਰਤਾ ਸੰਸਾ ਨਹੀਂ ਰਹਿ ਸਕਦਾ ਤੇ ਇਹ ਅਸ਼ੁੱਧੀ ਹੀ ਦਲੀਲ ਹੈ ਉਸ ਦੇ ਉਤਾਰੇ ਹੋਣ ਦੀ, ਹਾਫ਼ਜ਼ਾਬਾਦੀ ਨੁਸਖ਼ੇ ਦਾ ਸ਼ੁੱਧ ਪਾਠ ਇਸ ਦਲੀਲ ਨੂੰ ਪ੍ਰੇਢਤਾ ਦੇਂਦਾ ਹੈ।