

ਚੁਪ ਕਰਿ ਰਹੁ, ਫੋਲੋ ਕਾਈ ਨਹੀਂ। ਤਾਂ ਓਨਿ ਆਖਿਆ: 'ਜੀ ਬਹਰੀ ਕੀਚੈ। ਤਬਿ ਕਾਬਾ ਬੋਲਿਆ, ਆਖਿਓਸੁ: 'ਓਹੋ ਜੋ ਮਟੁ ਕੋਲਿਆਂ ਦਾ ਥਾ, ਸੋ ਸਭ ਮੁਹਰਾਂ ਥੀਆਂ। ਪਿਛਲੇ ਜਨਮ ਕਾ ਬੀਜਿਆ ਹੈ, ਇਕ. ਹਰੁ ਸਾਧੂ ਕੇ ਹਥਿ ਦਿਤੀ ਥੀ, ਤਿਸਦਾ ਸਦਕਾ ਮੁਹਰਾਂ ਹੋਈਆਂ ਥੀਆ। ਪਰ ਜਿਉ ਜਿਉ ਵਿਕਰਮਾਂ ਨੂੰ ਦਉੜਿਆ ਤਿਉ ਤਿਉ ਮੁਹਰਾ ਦੇ ਕੋਇਲੇ ਹੋਇਗੈ। ਅਤੇ ਤੇਰੇ ਲੇਖ ਸੂਲੀ ਥੀ, ਜਿਉ ਜਿਉ ਸੇਵਾ ਨੂੰ ਆਇਆ, ਤਿਉ ਤਿਉ ਸੂਲੀ ਘਟਿ ਗਈ। ਸੂਲੀ ਦਾ ਕੰਡਾ ਹੋਇਆ ਸੇਵਾ ਦਾ ਸਦਕਾ'। ਤਬਿ ਉਇ ਉਠਿ ਪੈਰੀ ਪਏ; ਨਾਉ ਧਰੀਕ ਸਿੱਖ ਹੋਏ, ਗੁਰੂ ਗੁਰੂ ਲਾਗੇ ਜਾਪਣਿ। ਤਬਿ ਬਾਬਾ ਬੋਲਿਆ ਸਬਦੁ ਰਾਗੁ ਮਾਰੂ ਵਿਚ:-
ਮਾਰੂ ਮਹਲਾ ੧ ਘਰੁ ੧॥
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ॥
ਜਿਉ ਜਿਉ ਕਿਰਤ ਚਲਾਏ ਤਿਉ
ਚਲੀਐ ਤਉ ਗੁਣ ਨਾਹੀ ਅੰਤੁ ਹਰੇ॥੧॥
ਚਿਤ ਚੇਤਸਿ ਕੀ ਨਹੀ ਬਾਵਰਿਆ॥
ਹਰਿ ਬਿਸਰਤ ਤੇਰੇ ਗੁਣ ਗਲਿਆ॥੧॥ਰਹਾਉ॥
ਜਾਲੀ ਰੈਨਿ ਜਾਲੁ ਦਿਨੁ ਹੂਆ ਜੇਤੀ ਘੜੀ ਫਾਹੀ ਤੇਤੀ॥
ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ ਛੂਟਸਿ ਮੂੜੇ ਕਵਨ ਗੁਣੀ॥੨॥
ਕਾਇਆ ਆਰਣੁ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ॥
ਕੋਇਲੇ ਪਾਪ ਪੜੇ ਤਿਸੁ ਊਪਰਿ ਮਨੁ ਜਲਿਆ ਸੰਨ੍ਹੀ ਚਿੰਤ ਭਈ॥੩॥
ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ॥
ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ॥੪॥੩॥ (ਪੰਨਾ ੯੯੦)
੧. 'ਫੋਲੋ ਕਾਈ ਨਹੀਂ' ਪਾਠ ਹਾਫਜ਼ਾਬਾਦੀ ਨੁਸਖੇ ਦਾ ਹੈ।
੨. ਪਾ.-ਜਾਹਰਾ'।
੩. 'ਸਿੱਖ' ਪਾਠ ਹਾ:ਬਾ: ਨੁਸਖੇ ਦਾ ਹੈ।