ਇਹ ਖਾਨਦਾਨ ਵੀ ਉਸੇ ਦਰਖਤ ਦੀ ਇੱਕ ਸ਼ਾਖ ਹੈ ਜਿਸ ਤੋਂ ਰਿਆਸਤ ਪਟਯਾਲਾ ਪ੍ਰਗਟ ਹੋਇਆ, ਅਰਥਾਤ ਚੌਧਰੀ ਫੂਲ ਦਾ ਸਭ ਤੋਂ ਵੱਡਾ ਲੜਕਾ ਤਲੋਕ ਸਿੰਘ: ਜਿਸ ਨੂੰ ਤਲੋਕਾ ਕਹਿੰਦੇ ਸਨ, ਇਸ ਖਾਨਦਾਨ ਦਾ ਵੱਡਾ ਹੋਇਆ ਹੈ, ਜਿਸ ਨੂੰ ਵੱਡਾ ਹੋਣ ਦੇ ਕਾਰਣ ਆਪਣੇ ਬਾਪ ਦੀ ਜਗ੍ਹਾ ਦਿਲੀ ਦਰਬਾਰ ਵੱਲੋਂ ਚੌਧਰੀ ਦਾ ਖ਼ਿਤਾਬ ਮਿਲ੍ਯਾ। ਇਸ ਕਰ ਕੇ ਖਾਨਦਾਨ ਨਾਭਾ ਆਪਣੇ ਆਪ ਨੂੰ ਪਟਿਆਲਾ ਤੇ ਜੀਂਦ ਨਾਲੋਂ ਆਪਣਾ ਦਰਜਾ ਉੱਚਾ ਖ਼ਿਆਲ ਕਰਦੇ ਹਨ। ਚੌਧਰੀ ਫੂਲ ਨੇ ੧੭੪੭ ਵਿੱਚ ਚਲਾਣਾ ਕੀਤਾ। ਓਹਦਾ ਲੜਕਾ ਤਲੋਕਾ ਜੋ ਸੰਮਤ ੧੭੧੬ ਬਿ. ਨੂੰ ਉਤਪੰਨ ਹੋਇਆ, ਉਸ ਦੀ ਜਗ੍ਹਾ ਤੇ ਬੈਠਾ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸੱਦ ਭੇਜਣ ਤੇ ਭਰਾਵਾਂ ਸਮੇਤ ਅਨੰਦਪੁਰ ਪੁੱਜਾ ਤੇ ਪਹਾੜੀ ਰਾਜਿਆਂ ਦੇ ਯੁੱਧ ਵਿੱਚ ਗੁਰੂ ਜੀ ਵੱਲੋਂ ਲੜਦਾ ਰਿਹਾ। ਇਹ ਗੱਲ ਉਸ ਹੁਕਮਨਾਮੇ ਤੋਂ ਸਿੱਧ ਹੈ ਜੋ ਗੁਰੂ ਜੀ ਨੇ ੧੭੫੩ ਵਿੱਚ ਇੱਕ ਕਪੜੇ ਤੇ ਕਟਾਰ ਸਮੇਤ ਇਨ੍ਹਾਂ ਦੇ ਪਾਸ ਭੇਜਿਆ ਸੀ ਜੋ ਹੁਣ ਰਿਆਸਤ ਨਾਭਾ ਵਿੱਚ ਮੌਜੂਦ ਹੈ, ਉਸ ਵਿੱਚ ਗੁਰੂ ਸਾਹਿਬ ਵੱਲੋਂ ਇਹ ਵੀ ਲਿਖਿਆ ਹੈ ਕਿ ਭਾਈ ਰਾਮਾ! ਭਾਈ ਤਲੋਕਾ! ਤੇਰਾ ਘਰ ਮੇਰਾ ਘਰ ਹੈ, ਆਪਣੇ ਸਵਾਰ ਲੈ ਕੇ ਜ਼ਰੂਰ ਆਉਣਾ।
ਇਸ ਤਰ੍ਹਾਂ ਇਹ ਦੋਨੋਂ ਭਰਾ ਕਈ ਵਾਰ ਗੁਰੂ ਜੀ ਦੇ ਸੱਦਣ ਤੇ ਆਪਣੀ ਫੌਜ ਸਮੇਤ ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਂਦੇ ਰਹੇ, ਜਿਨ੍ਹਾਂ ਦਾ ਫ਼ਲ ਇਹ ਹੋਇਆ ਕਿ ਇਨ੍ਹਾਂ ਦੋਨਾਂ ਸਰਦਾਰਾਂ ਦੀ ਪਤ ਤੇ ਸਰਦਾਰੀ ਬਣ ਗਈ। ਤਲੋਕ ਸਿੰਘ ਆਪਣੇ ਮੁਲਕ ਦਾ ਸ਼ਾਹੀ ਮਾਲਗੁਜ਼ਾਰ ਬਣ ਗਿਆ, ਇਸ ਕਰ ਕੇ ਇਸ ਮੁਲਕ ਦੀ ਅਦਾਲਤ ਵੀ ਓਹਦੇ ਹੱਥ ਰਹੀ।
ਇਸ ਨੇ ਆਪਣੇ ਨਿਕੇ ਭਰਾ ਰਾਮ ਸਿੰਘ ਜਿਸ ਦਾ ਪਹਿਲਾਂ ਨਾਮ ਰਾਮਾ ਸੀ ਅਤੇ ਜੋ ਪਟ੍ਯਾਲਾ ਖਾਨਦਾਨ ਦਾ ਬਜ਼ੁਰਗ ਸੀ, ਪਿੰਡ ਫੂਲ ਵਿੱਚ ਰਹਿ ਕੇ ਬੜੀ ਪਤ ਬਣਾ ਲਈ। ਪਿੰਡ ਭਾਈ ਰੂਪਾ ਭਾਵੇਂ ਇਸ ਪਿੰਡ ਦੀ ਨੀਂਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਭਾਈ ਰੂਪੇ ਦੇ ਹੱਥੋਂ ਰਖਾ ਗਏ ਸਨ, ਕਿੰਤੂ ਉਸ ਦੀ ਉੱਨਤੀ ਵਿੱਚ ਜੋ ਲੋਕ ਰੁਕਾਵਟ ਪਾਂਦੇ ਸਨ। ਉਨ੍ਹਾਂ ਨੂੰ ਡੰਡ ਦੇ ਕੇ ਇਨ੍ਹਾਂ ਦੋਨੋਂ ਭਰਾਵਾਂ ਇਹ ਪਿੰਡ ਵਸਾਇਆ। ਇਸ ਕਰ ਕੇ ਇਨ੍ਹਾਂ ਦੋਨਾਂ ਭਰਾਵਾਂ ਦਾ ਇੱਕੋ ਜਿਹਾ ਹਿੱਸਾ ਪਿੰਡ ਰੂਪੇ ਵਿੱਚ ਰਿਹਾ, ਜੋ ਹੁਣ ਕਿਸੇ ਖ਼ਾਸ ਕਾਰਨ ਤੋਂ ਰਿਆਸਤ ਨਾਭੇ ਵਿੱਚ ਆ ਗਿਆ। ਸਰਹੰਦ ਦੇ ਦਰਬਾਰ ਵਿੱਚ ਇਨ੍ਹਾਂ ਦੀ ਬੜੀ ਆਬਰੂ ਬਣੀ ਰਹੀ। ਕਿੰਤੂ ੧੭੬੧ ਬਿਕ੍ਰਮੀ ਨੂੰ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੋਨੋਂ ਵੱਡੇ ਸਾਹਿਬਜ਼ਾਦੇ ਚਮਕੌਰ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ, ਤਦ ਅਚਣਚੇਤ ਇਨੀਂ ਦਿਨੀਂ ਇਹ ਦੋਨੋਂ ਭਰਾ ਜੰਗ ਮੁੱਕਣ ਪਿੱਛੋਂ ਉੱਥੇ ਪੁੱਜ ਕੇ ਤਲੋਕ ਸਿੰਘ ਨੇ ਕਦੇ ਖਾਂ ਸਪਾਹੀ ਜੋ ਸਾਹਿਬਜ਼ਾਦਿਆਂ ਦੇ ਸਰੀਰ ਦਾ ਰਖਵਾਲਾ ਸੀ, ਚਾਲਾਂ ਵਿੱਚ ਲਾ ਰਖ੍ਯਾ ਤੇ ਰਾਮ ਸਿੰਘ ਨੇ ਇੱਕ ਖੂਹ ਦੀਆਂ ਲਕੜਾਂ ਇਕੱਠੀਆਂ ਕਰ ਕੇ ਦੋਨਾਂ ਸਾਹਿਬਜ਼ਾਦਿਆਂ ਦੇ ਸਰੀਰ ਓਹਦੇ ਵਿੱਚ ਰੱਖ ਕੇ ਅਗਨੀ ਲਗਾ ਦਿੱਤੀ। ਕਈ ਕਹਿੰਦੇ ਹਨ ਕਿ ਗੋਹੇ (ਪਾਥੀਆਂ) ਦੇ ਢੇਰ ਵਿੱਚ ਰੱਖ ਕੇ ਅੱਗ ਲਾ ਦਿੱਤੀ ਸੀ। ਸਰਹੰਦ ਦੇ ਸੂਬੇ ਨੇ ਇਸ ਕਾਰਨ ਇਨ੍ਹਾਂ ਨੂੰ ਫੜ ਕੇ ਕੈਦ ਕਰ ਦਿੱਤਾ, ਕਿੰਤੂ ਇਨ੍ਹਾਂ ਨੇ ਇੱਕ ਅਦਭੁਤ ਵਿਓਂਤ ਨਾਲ ਇੱਥੋਂ ਛੁਟਕਾਰਾ ਪਾ ਲਿਆ। ਜਦ ਇਹ ਗੱਲ ਗੁਰੂ ਸਾਹਿਬ ਜੀ ਨੇ ਸੁਣੀ ਤਦ ਓਹਨਾਂ ਨੇ ਇਨ੍ਹਾਂ ਦੇ ਹੱਕ ਵਿੱਚ ਵਰ ਦਿੱਤਾ। ਫਿਰ ਇਨ੍ਹਾਂ ਨੂੰ ਦਮਦਮੇ ਸਾਹਿਬ ਆਪਣੇ ਹਥੀਂ ਅੰਮ੍ਰਿਤ ਛਕਾ ਕੇ ਸਿੰਘ ਬਣਾਇਆ ਤੇ ਸਰਦਾਰੀ ਬਖ਼ਸ਼ੀ, ਜਿਸ ਖ਼ੁਸ਼ੀ ਦੇ ਕਾਰਨ ਇਨ੍ਹਾਂ ਤੇ ਇਨ੍ਹਾਂ ਦੀ ਸੰਤਾਨ ਨੇ ਬਹੁਤ ਤਰੱਕੀ ਕੀਤੀ।
ਚੌਧਰੀ ਤਲੋਕ ਸਿੰਘ ਜੋ ਗੁਰੂ ਸਾਹਿਬ ਦਾ ਭਰੋਸੇ ਵਾਲਾ ਸਿੱਖ ਸੀ ੧੭੮੬ ਬਿਕ੍ਰਮੀ ਨੂੰ ਚਲਾਣਾ ਕਰ ਗਿਆ।
ਚੌਧਰੀ ਤਲੋਕੇ ਦਾ ਵਿਆਹ ਪਿੰਡ ਰੋੜੀ ਵਿੱਚ ਚੌਧਰੀ ਸੈਦੋ ਦੇ ਘਰ ਓਹਦੀ ਲੜਕੀ ਬਖਤੇ ਨਾਲ ਹੋਇਆ ਸੀ, ਜਿਸ ਤੋਂ ਦੋ ਪੁੱਤ੍ਰ ਗੁਰਦਿਤ ਸਿੰਘ ਤੇ ਸੁਖਚੈਨ ਸਿੰਘ ਉਤਪੰਨ ਹੋਏ। ਸੁਖਚੈਨ ਸਿੰਘ ਜੀਂਦ
ਰਿਆਸਤ ਦਾ ਵੱਡਾ ਹੋਇਆ ਹੈ ਤੇ ਗੁਰਦਿਤ ਸਿੰਘ ਰ੍ਯਾਸਤ ਨਾਭੇ ਦਾ। ਚੌਧਰੀ ਦਾ ਖਤਾਬ ਵਡਾ ਹੋਣ ਕਰ ਕੇ ਗੁਰਦਿਤ ਸਿੰਘ ਨੂੰ ਮਿਲਿਆ। ਇਸ ਦਾ ਵਿਆਹ ਪਿੰਡ ਮੋੜ ਕੇ ਸਰਦਾਰ ਸਰਦੂਲ ਸਿੰਘ ਦੀ ਲੜਕੀ ਰਾਜ ਕੌਰ ਨਾਲ ਹੋਇਆ, ਜਿਸ ਦੇ ਇੱਕ ਲੜਕਾ ਸੂਰਤੀਆ ਸਿੰਘ ੧੭੬੯ ਵਿੱਚ ਉਤਪੰਨ ਹੋਇਆ। ਚੌਧਰੀ ਗੁਰਦਿਤ ਸਿੰਘ ਦਾ ਸਰਹਿੰਦ ਦੇ ਸੂਬੇ ਨਾਲ ਬਹੁਤ ਮੇਲ ਗੇਲ ਸੀ। ਕਈ ਇੱਕ ਸਰਹਦੀ ਝਗੜੇ ਨਿਪਟਾਣ ਲਈ ਇਨ੍ਹਾਂ ਨੂੰ ਹੀ ਯੋਗ ਤੇ ਵਿਦਵਾਨ ਸਮਝ ਕੇ ਭੇਜਿਆ ਕਰਦਾ ਸੀ, ਜਿਸ ਤੋਂ ਗੁਰਦਿੱਤ ਸਿੰਘ ਨੇ ਬਹੁਤ ਜ਼ਿਆਦਾ ਪ੍ਰਸਿੱਧਤਾ ਪਾਈ। ਓਹਨਾਂ ਹੀ ਦਿਨਾਂ ਵਿੱਚ ਧਨੌਲੇ ਵਾਲੇ ਜਵੰਦੇ ਜੱਟਾਂ ਦਾ ਝਗੜਾ ਜੋ ਲਾਗੇ ਦੀ ਵਸੋਂ ਨਾਲ ਚੱਲ ਰਿਹਾ ਸੀ, ਜਿਸ ਦੇ ਵਾਸਤੇ ਹਮੇਸ਼ਾਂ ਕਟਾ ਵਢ ਹੋਂਦੀ ਰਹਿੰਦੀ ਸੀ। ਓਸ ਦੇ ਫੈਸਲਾ ਕਰਨ ਵਾਸਤੇ ਜਦ ਸੰਮਤ ੧੮੦੬ ਬਿ. ਨੂੰ ਸੂਬਾ ਸਰਹੰਦ ਨੇ ਸਰਦਾਰ ਗੁਰਦਿਤ ਸਿੰਘ ਨੂੰ ਭੇਜਿਆ ਤਦ ਇਸ ਨੇ ਇਨ੍ਹਾਂ ਨੂੰ ਬਹੁਤ ਫਾਇਦਾ ਪੁਚਾਯਾ। ਧਨੌਲੇ ਦੇ ਲਾਗੇ ਇੱਕ ਖੰਡਰ ਸੀ ਓਥੋਂ ਫ਼ੈਸਲੇ ਵਾਸਤੇ ਰਹਿਣ ਦੇ ਦਿਨਾਂ ਵਿੱਚ ਇਹ ਜਗ੍ਹਾ ਚੌਧਰੀ ਗੁਰਦਿਤ ਸਿੰਘ ਨੇ ਵਸਾਈ। ਕਹਿੰਦੇ ਹਨ ਕਿ ਇੱਥੋਂ ਇਸ ਨੂੰ ਇੱਕ ਖ਼ਜ਼ਾਨਾ ਮਿਲਿਆ। ਇਸ ਥਾਂ ਨੂੰ ਓਹਨੇ ਹੱਛਾ ਸਮਝ ਕੇ ਇੱਕ ਕੱਚੀ ਥੜੀ ਬਣਾ ਲਈ ਤੇ ਓਥੇ ਹੀ ਆਪਣੀ ਜਗ੍ਹਾ ਨਿਯਤ ਕਰ ਲਈ। ਓਸ ਵੇਲੇ ਮੁਗਲੀਆ ਸਲਤਨਤ ਦਾ ਸੂਰਜ ਅਸਤ ਹੋ ਰਿਹਾ ਸੀ। ਸਰਦਾਰ ਆਲਾ ਸਿੰਘ ਵਲੋਂ ਤੱਕ ਤੱਕ ਕੇ ਚੌਧਰੀ ਗੁਰਦਿਤ ਸਿੰਘ ਨੇ ਵੀ ਆਪਣੇ ਪਾਸ ਬਹੁਤ ਸਾਰੀ ਫੌਜ ਇਕੱਠੀ ਕਰ ਲਈ ਤੇ ਤਿੰਨ ਪਿੰਡ ਬਡੋਰ ਵਾਲੇ ਨੌ ਮੁਸਲਮ ਰਾਜਪੂਤਾਂ ਦੇ ਕੁਝ ਪਿੰਡ ਇਸ ਨੇ ਦਬਾ ਲਏ। ਫਿਰ ੧੮੦੭ ਵਿੱਚ ਜ਼ਿਮੀਂਦਾਰਾਂ ਤੋਂ ਜ਼ਮੀਨ ਲੈ ਕੇ ਕਸਬਾ ਸੰਗਰੂਰ ਜੋ ਗੈਰਆਬਾਦ ਸੀ ਤੇ ਕਾਫੀ ਮੁਦਤ ਤਕ ਰਈਸ ਨਾਭੇ ਦੇ ਕਬਜ਼ੇ ਵਿੱਚ ਰਹਿ ਚੁੱਕਾ ਸੀ, ਓਹ ਪਿੱਛੋਂ ਜੀਂਦ ਦੇ ਰਈਸ ਨੇ ਕਿਸੇ ਤਰ੍ਹਾਂ ਨਾਲ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ, ਜੋ ਹੁਣ ਵੀ ਓਹਨਾਂ ਦੇ ਪਾਸ ਹੈ।
ਸ੍ਰਦਾਰ ਗੁਰਦਿਤ ਸਿੰਘ ਨੇ ਮੁਗਲੀਆ ਖਾਨਦਾਨ ਦੇ ਐਸ਼ਵਰਜ ਦੇ ਮਿਟਣ ਸਮੇਂ ਬਹੁਤ ਸਾਰੇ ਇਲਾਕੇ ਤੇ ਕਬਜ਼ਾ ਕਰ ਕੇ ਖ਼ੁਸ਼ਹਾਲੀ ਬਣਾ ਲਈ ਸੀ, ਕਿੰਤੂ ਇਹਦੀ ਆਪਣੇ ਭਰਾ ਸੁਖਚੈਨ ਸਿੰਘ ਨਾਲ ਸਦਾ ਹੀ ਖਟਪਟੀ ਬਣੀ ਰਹਿੰਦੀ ਸੀ। ਬਲਕਿ ਦੋਹਾਂ ਵਿੱਚ ਸਿਰ ਧੜ ਦਾ ਵੈਰ ਲਗਾ ਰਹਿੰਦਾ ਸੀ, ਜਿਸ ਵਿੱਚ ਇੱਕ ਦਿਨ ਧਨੌਲੇ ਦੇ ਪਾਸ ਗੁਰਦਿੱਤ ਸਿੰਘ ਦਾ ਵਡਾ ਲੜਕਾ ਸੂਰਤਯਾ ਸਿੰਘ ਜੋ ਇੱਕ ਬੜਾ ਖੂਬਸੂਰਤ ਜਵਾਨ ਸੀ, ਜੰਬੂਰ ਦੇ ਫਟ ਜਾਣ ਦੇ ਕਾਰਨ ਫਟੜ ਹੋ ਕੇ ੧੮੦੯ ਬਿ. ਵਿੱਚ ਚਲਾਣਾ ਕਰ ਗਿਆ।
ਇਸ ਝਗੜੇ ਦਾ ਕਾਰਨ ਪਿੰਡ ਫੂਲ ਸੀ ਜੋ ਸੁਖਚੈਨ ਸਿੰਘ ਦੇ ਕਬਜ਼ੇ ਵਿੱਚ ਸੀ। ਚੌਧਰੀ ਗੁਰਦਿਤ ਸਿੰਘ ਵਡਾ ਹੋਣ ਦੇ ਕਾਰਨ ਆਪਣੇ ਆਪ ਨੂੰ ਉਹਦਾ ਵਾਰਸ ਸਮਝਦਾ ਸੀ ਤੇ ਇਸ ਕਰ ਕੇ ਇਸੇ ਸੋਚ ਵਿੱਚ ਲਗਾ ਰਹਿੰਦਾ ਸੀ। ਸੁਖਚੈਨ ਸਿੰਘ ਦੇ ਚਲਾਣੇ ਮਗਰੋਂ ਉਹਦੇ ਘਰ ਵਾਲੀ ਆਪਣੇ ਲੜਕੇ ਸਮੇਤ ਜਦ ਆਪਣੇ ਪਿਤਾ ਦੇ ਘਰ ਪਿੰਡ ਤਲਵੰਡੀ ਇੱਕ ਵਿਆਹ ਦੇ ਮੌਕੇ ਤੇ ਗਈ ਤਦ ਪਿੱਛੋਂ ਗੁਰਦਿਤ ਸਿੰਘ ਨੇ ਇਸ ਪਿੰਡ ਤੇ ਕਬਜ਼ਾ ਕਰ ਲਿਆ ਤੇ ਹੁਣ ਤਕ ਇਹ ਪਿੰਡ ਨਾਭੇ ਦੇ ਕਬਜ਼ੇ ਵਿੱਚ ਹੀ ਹੈ।
੩. ਗੁਰਦਿਤ ਸਿੰਘ ਦਾ ਚਲਾਣਾ ਤੇ ਹਮੀਰ ਸਿੰਘ ਦਾ ਗੱਦੀ ਤੇ ਬੈਠਣਾ
ਸੂਰਤੀਆ ਸਿੰਘ ਦੇ ਦੋ ਪੁਤਰ ਸਨ, ਹਮੀਰ ਸਿੰਘ ਤੇ ਕਪੂਰ ਸਿੰਘ। ਸੰਮਤ ੧੮੧੩ ਨੂੰ ਚੌਧਰੀ ਗੁਰਦਿਤ ਸਿੰਘ ਦੇ ਚਲਾਣੇ ਮਗਰੋਂ ਹਮੀਰ ਸਿੰਘ ਨੇ ਉਹਦੀ ਜਗ੍ਹਾ ਸੰਭਾਲੀ ਤੇ ਦੋਨਾਂ ਭਰਾਵਾਂ ਨੇ ਹਰ ਹਮਲੇ ਵਿੱਚ ਸ੍ਰ: ਆਲਾ ਸਿੰਘ ਦੇ ਨਾਲ ਰਹਿ ਕੇ ਬੜੀ ਤਰੱਕੀ ਕੀਤੀ। ਲਾਹੋਵਾਲ ਵਾਲੇ ਖੇੜੇ ਜ਼ਿਮੀਂਦਾਰਾਂ ਨੇ ਜਿਨ੍ਹਾਂ ਦੇ ਕਈ ਇੱਕ ਪਿੰਡ ਇਸ ਇਲਾਕੇ ਵਿੱਚ ਹਨ, ਸ੍ਰ: ਆਲਾ ਸਿੰਘ ਨੂੰ ਆਪਣੀ ਮਦਦ ਤੇ ਲਿਆ ਕੇ ਮਾਲੇਰਕੋਟਲੇ ਦੇ ਥਾਣੇਦਾਰ ਨਾਲ ਲੜਾਈ ਕਰ ਕੇ ਲਾਹੋਵਾਲ ਤੋਂ ਕੱਢ ਕੇ ਆਪਣਾ ਕਬਜ਼ਾ ਕਰ ਲਿਆ। ਸ੍ਰ: ਆਲਾ ਸਿੰਘ ਦਾ ਡੇਰਾ ਪਿੰਡ ਦੁਲਦੀ ਵਿੱਚ ਰਿਹਾ। ਇਸ ਕਰ ਕੇ ਇਹ ਪਿੰਡ ਰਿਆਸਤ ਪਟਿਆਲੇ ਦਾ ਹੈ।